ਸਾਹਿਤਕ ਕੋਨਾ

ਰਾਮ (ਕਵਿਤਾ)

By ਸਿੱਖ ਸਿਆਸਤ ਬਿਊਰੋ

November 09, 2019

ਅਯੋਧਿਆ ਮਾਮਲੇ ‘ਤੇ ਅਦਾਲਤੀ ਫੈਸਲੇ ਦੇ ਵਰਤਾਰੇ ਅਤੇ ਪ੍ਰਸੰਗ ਦੇ ਸਨਮੁੱਖ ਸ਼੍ਰੀ ਰਾਮ ਚੰਦਰ ਦੇ ਅਸਲ ਕਾਰਜਾਂ ਅਤੇ ਮੌਜੂਦਾ ਰਾਮ ਭਗਤਾਂ ਦੇ ਅਮਲ ਵਿਚਲੇ ਅੰਤਰ-ਵਿਰੋਧ ਨੂੰ ਮੁਖਾਤਿਬ ਕਾਵਿ ਵਿਅੰਗ:-

ਰਾਮ

ਰਾਮ ਜੁਗੋ ਜੁਗ ਬਨਵਾਸੀ ਏ ਭੁੰਜੇ ਸੌਣ ਦਾ ਅਭਿਆਸੀ ਏ। ਰਾਮ ਨਾ ਚਾਹੁੰਦਾ ਕਿਲੇ ਚੁਬਾਰੇ ਚੁੱਭਦੇ ਉਸ ਨੂੰ ਸੋਨ ਮੁਨਾਰੇ।।

ਰਾਮ ਦੇ ਕਦਮੀਂ ਪ੍ਰੀਤ ਜੰਜੀਰੀ ਦਰਦਮੰਦਾਂ ਨਾਲ ਸਾਕ ਸਕੀਰੀ। ਮੁੱਖ ਉਹਦੇ ‘ਤੇ ਆਭਾ ਵੱਖਰੀ ਬੁੱਝ ਨਾ ਸਕੀ ਸਿਆਸਤ ਅੱਥਰੀ।।

ਆਦਿ ਜੁਗਾਦੀ ਜੁੱਧ ਦਾ ਡੰਕਾ ਇਕ ਤਟ ਰਾਮ ਤੇ ਇਕ ਤਟ ਲੰਕਾ। ਰਾਮ ਕੇ ਜਾਇਆਂ ਸਵਾਂਗ ‘ਚ ਆ ਕੇ ਲੰਕਾ ਰਖ ਲਈ ਰਾਮ ਗਵਾ ਕੇ।।

ਬੌਬੀ ਸਿਮਰਨ ਫ਼ਲਕ ਬਬੀਤਾ ਹਰ ਅਬਲਾ ਦੀ ਚੀਸ ਹੈ ਸੀਤਾ। ਜਿਨ ਘਰ ਨਾਰੀ ਸਿਤਮ ਹੰਢਾਏ ਉਹ ਕੀਕਣ ਹੋਏ ਰਾਮ ਕੇ ਜਾਏ।।

ਹੋ ਅਹਿਲਿਆ ਖਲੋਤੀਆਂ ਨਾਰਾਂ ਗੌਤਮ ਦੀਆਂ ਝੱਲਣ ਫਿਟਕਾਰਾ। ਰਘੁਕੁਲ ਕਲਸ ਵੜੇ ਕਿਸ ਮੰਦਰ ਥਾਂ ਥਾਂ ਬੈਠੇ ਲੱਖਾਂ ਇੰਦਰ।।

ਪੁੱਤ ਸ਼ਵਰੀ ਦੇ ਬਣ ਗਏ ਜੂਠੇ ਸਿਰ ‘ਤੇ ਭਾਰ ਤੇ ਹੱਥ ਵਿਚ ਠੂਠੇ। ਕਿਸ ਕੁਟੀਆ ਵਿਚ ਕਰੇ ਟਿਕਾਣਾ ਹੁਣ ਬਨਵਾਸੀ ਰਾਮ ਨਿਮਾਣਾ।।

ਘਰ ਕਲੇਸ਼ ਸਭ ਦੇਸ ਨਿਕਾਲਾ ਕੀਕਣ ਹੋਵੇ ਰਾਮ ਸੁਖਾਲਾ। ਘਰ ਚੋਂ ਕੰਧਾਂ ਦੂਰ ਹਟਾਈਏ ਸਭ ਘਟ ਵਸਦਾ ਰਾਮ ਰਿਝਾਈਏ।।

ਹਰਦੇਵ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: