ਸਿਆਸੀ ਖਬਰਾਂ

ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ਦੀ ਰਸਮ ਕਿਰਿਆ; ਰਾਜਨਾਥ ਸਣੇ ਅਕਾਲੀ-ਭਾਜਪਾ ਦੇ ਵੱਡੇ ਆਗੂ ਪੁੱਜੇ

By ਸਿੱਖ ਸਿਆਸਤ ਬਿਊਰੋ

September 28, 2016

ਜਲੰਧਰ: ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਆਰ.ਐਸ.ਐਸ. ਦੇ ਪੰਜਾਬ ਦੇ ਸਹਿ-ਸੰਚਾਲਕ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਕਾਤਲਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਚੱਲ ਰਹੀ ਹੈ ਅਤੇ ਦੋਸ਼ੀਆਂ ਨੂੰ ਹਰ ਕੀਮਤ ’ਤੇ ਸਜ਼ਾ ਦਿਵਾਈ ਜਾਵੇਗੀ।

ਰਾਜਨਾਥ ਸਿੰਘ ਕੱਲ੍ਹ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ’ਤੇ ਬ੍ਰਿਗੇਡੀਅਰ ਗਗਨੇਜਾ ਦੀ ਰਸਮ ਕਿਰਿਆ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਘਟਨਾ ਬਾਰੇ ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਹਾਸਲ ਕੀਤੀ ਸੀ ਤੇ ਇਹ ਪੰਜਾਬ ਲਈ ਇੱਕ ਵੱਡਾ ਸਦਮਾ ਹੈ। ਉਨ੍ਹਾਂ ਗਗਨੇਜਾ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਬਾਅਦ ਵਿੱਚ ਪੰਜਾਬ ’ਚ ਗੜਬੜ ਫੈਲਾਉਣ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਰਾਜਨਾਥ ਸਿੰਘ ਨੇ ਪਾਕਿਸਤਾਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇੱਕ ਤਾਂ ਗੁਆਂਢੀ ਮੁਲਕ ਹੀ ਗੜਬੜ ਕਰਵਾਉਣ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਵੱਲੋਂ ਚੌਕਸੀ ਬਾਰੇ ਜੋ ਵੀ ਗੱਲ ਆਉਂਦੀ ਹੈ ਉਹ ਪੰਜਾਬ ਨਾਲ ਸਾਂਝੀ ਕੀਤੀ ਜਾਂਦੀ ਹੈ। ਪਾਕਿਸਤਾਨ ਨਾਲ ਜਲ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਦਾ ਸਿਰ ਨੀਵਾਂ ਨਹੀਂ ਹੋਣ ਦਿੱਤਾ ਜਾਵੇਗਾ।

ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਗਗਨੇਜਾ ਨੇ ਹਮੇਸ਼ਾ ਸੂਬੇ ਦੀ ਭਾਈਚਾਰਕ ਸਾਂਝ ਤੇ ਸਦਭਾਵਨਾ ਲਈ ਕੰਮ ਕੀਤਾ। ਆਰ.ਐਸ.ਐਸ. ਦੇ ਜੁਆਇੰਟ ਸਕੱਤਰ ਅਤੇ ਭਾਜਪਾ ਨਾਲ ਤਾਲਮੇਲ ਰੱਖਣ ਵਾਲੇ ਆਗੂ ਡਾ. ਕ੍ਰਿਸ਼ਨਾ ਗੋਪਾਲ ਨੇ ਕਿਹਾ ਕਿ ਗਗਨੇਜਾ ਨੂੰ ਮਾਰਨ ਵਾਲੇ ਉਨ੍ਹਾਂ ਦੀ ਸੋਚ ਨੂੰ ਨਹੀਂ ਮਾਰ ਸਕਦੇ ਸਗੋਂ ਉਨ੍ਹਾਂ ਦਾ ਅਧੂਰਾ ਮਿਸ਼ਨ ਪੂਰਾ ਕੀਤਾ ਜਾਵੇਗਾ।

ਇਸ ਪਿਛੋਂ ਰਾਜਨਾਥ ਸਿੰਘ ਨੇ ਗਗਨੇਜਾ ਦੀ ਪਤਨੀ ਸ੍ਰੀਮਤੀ ਸੁਦੇਸ਼ ਗਗਨੇਜਾ, ਪੁੱਤਰ ਕਰਨਲ ਰਾਹੁਲ ਗਗਨੇਜਾ, ਦੋਵੇਂ ਧੀਆਂ ਕੋਮਲ ਅਤੇ ਸ਼ੀਤਲ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ। ਸ਼ਰਧਾਂਜਲੀ ਸਮਾਗਮ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਨਿਰਮਲ ਦਾਸ ਜੌੜੇ ਵਾਲੇ, ਬਿਸ਼ਪ ਫਰੈਂਕੋ ਮੁਲੱਕਲ, ਭਾਜਪਾ ਆਗੂ ਪ੍ਰਭਾਤ ਝਾਅ, ਰਾਮ ਲਾਲ, ਦਿਨੇਸ਼ ਕੁਮਾਰ, ਵਿਜੈ ਸਾਂਪਲਾ, ਮਦਨ ਮੋਹਨ ਮਿੱਤਲ, ਚੂਨੀ ਲਾਲ ਭਗਤ, ਮਨੋਰੰਜਨ ਕਾਲੀਆ, ਕੇ.ਡੀ. ਭੰਡਾਰੀ, ਕਮਲ ਸ਼ਰਮਾ ਸਮੇਤ ‘ਆਪ’ ‘ਚੋਂ ਕੱਢੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: