ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁਖਬੀਰ ਬਾਦਲ

ਪੰਜਾਬ ਦੀ ਰਾਜਨੀਤੀ

‘ਆਪ’ ਦੀ ਗਰਮ ਖਿਆਲੀ ਤੱਤਾਂ ਨਾਲ ਸਾਂਝ, ਪੰਜਾਬ ’ਚ ਗੜਬੜ ਫੈਲਾਉਣਾ ਚਾਹੁੰਦੀ ਹੈ ਆਈ.ਐਸ.ਆਈ.: ਸੁਖਬੀਰ ਬਾਦਲ

By ਸਿੱਖ ਸਿਆਸਤ ਬਿਊਰੋ

August 10, 2016

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਬਾਦਲ ਨੇ ਅੱਜ (ਬੁੱਧਵਾਰ) ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ (ਆਪ) ਅਤੇ ਇਸਦੇ ਆਗੂਆਂ ਦੀ ਫੰਡਿੰਗ ਦੀ ਜਾਂਚ ਕਰਵਾਈ ਜਾਵੇ ਕਿਉਂਜੋ ‘ਆਪ’ ਨੇ ਗਰਮ ਖਿਆਲੀ ਤੱਤਾਂ ਨਾਲ ਸਾਂਝ ਪਾਈ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਈ.ਐਸ.ਆਈ. ਪੰਜਾਬ ਵਿੱਚ ਗੜਬੜੀ ਫੈਲਾਉਣਾ ਚਾਹੁੰਦੀ ਹੈ ਅਤੇ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਿਹ ਮੰਤਰੀ ਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਸੂਚਨਾ ਦੇ ਦਿੱਤੀ ਹੈ।

ਪੰਜਾਬ ਪੁਲੀਸ ਨੇ ਤਨਦੇਹੀ ਨਾਲ ਫਰਜ਼ ਨਿਭਾਉਂਦਿਆਂ ਕਈ ਸਾਜਿਸ਼ਾਂ ਨਾਕਾਮ ਕੀਤੀਆਂ

ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਪ ਮੁੱਖ ਮੰਤਰੀ ਨੇ ਕਿਹਾ ਕਿ ਗਰਮ ਖਿਆਲੀ ਤੱਤਾਂ ਦੇ ਆਗੂ ਅਕਸਰ ਹੀ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਦੇ ਰਹਿੰਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮੋਹਕਮ ਸਿੰਘ ਵਰਗੇ ਗਰਮ ਖਿਆਲੀ ਆਗੂ 2017 ਦੀਆਂ ਚੋਣਾਂ ਨੂੰ ਪੰਜਾਬ ਦੀ ਅਣਥੱਕ ਘਾਲਣਾ ਘਾਲ ਕੇ ਸਥਾਪਿਤ ਕੀਤੀ ਸ਼ਾਂਤੀ ਨੂੰ ਭੰਗ ਕਰਨ ਦੇ ਮੌਕੇ ਵਜੋਂ ਵਰਤਣਾ ਚਾਹੁੰਦੇ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਇੱਕ ਸੰਵਿਧਾਨਿਕ ਅਹੁਦੇ ’ਤੇ ਰਹਿੰਦੇ ਹੋਏ ਅਰਵਿੰਦ ਕੇਜਰੀਵਾਲ ਅਜਿਹੇ ਤੱਤਾਂ ਨਾਲ ਸੰਪਰਕ ਵਿੱਚ ਹਨ। ਬਾਦਲ ਨੇ ਮੰਗ ਕੀਤੀ ਕਿ ਆਪ ਦੀ ਫੰਡਿੰਗ ਦੇ ਸ੍ਰੋਤਾਂ ਦੀ ਗਹਿਰਾਈ ਨਾਲ ਜਾਂਚ ਹੋਵੇ ਤਾਂ ਜੋ ਇਸਦੇ ਪਿੱਛੇ ਲੁਕੀ ਖਤਰਨਾਕ ਸੱਚਾਈ ਸਾਹਮਣੇ ਆ ਸਕੇ।

ਪੰਜਾਬ ਸਰਕਾਰ ਵਲੋਂ ਇਸਦੀ ਸੂਚਨਾ ਕੇਂਦਰੀ ਗ੍ਰਹਿ ਮੰਤਰੀ ਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਦਿੱਤੀ ਗਈ

ਸੂਬੇ ਵਿੱਚ ਹਾਲ ਹੀ ’ਚ ਵਾਪਰੀਆਂ ਘਟਨਾਵਾਂ ’ਤੇ ਸੁਖਬੀਰ ਨੇ ਕਿਹਾ ਕਿ ਆਈ.ਐਸ.ਆਈ. ਨੇ ਸੂਬੇ ਦੀ ਸ਼ਾਂਤੀ ਭੰਗ ਕਰਨ ਲਈ ਅਹਿਮ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਧਾਰਮਿਕ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਹੋਈ ਹੈ। ਉਨ੍ਹਾਂ ਕਿਹਾ ਕਿ, “ਅਸੀਂ ਇਸਦੀ ਜਾਣਕਾਰੀ ਕੇਂਦਰੀ ਗ੍ਰਿਹ ਮੰਤਰੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਦੇ ਦਿੱਤੀ ਹੈ। ਪੰਜਾਬ ਪੁਲਿਸ ਆਪਣਾ ਫਰਜ਼ ਤਨਦੇਹੀ ਨਾਲ ਨਿਭਾਉਂਦੀ ਹੋਈ ਕਈ ਸਾਜ਼ਿਸ਼ਾਂ ਦਾ ਪਰਦਾ ਫਾਸ਼ ਕਰਨ ਅਤੇ ਵਿਦੇਸ਼ਾਂ ਤੋਂ ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਰਹੀ ਹੈ।”

ਨਾਮਧਾਰੀ ਆਗੂ ਦੀ ਪਤਨੀ ਚੰਦ ਕੌਰ ਦੇ ਕਤਲ, ਬਰਗਾੜੀ ਘਟਨਾ ਅਤੇ ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ’ਤੇ ਹੋਏ ਹਮਲੇ ਬਾਰੇ ਬਾਦਲ ਨੇ ਦੱਸਿਆ ਕਿ ਗਗਨੇਜਾ ਮਾਮਲੇ ਦੀ ਜਾਂਚ ਅਪਣੇ ਅੰਤਿਮ ਪੜਾਅ ’ਤੇ ਹੈ ਅਤੇ ਛੇਤੀ ਹੀ ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਸਾਰੀਆਂ ਮੰਦਭਾਗੀਆਂ ਘਟਨਾਵਾਂ ਦੇ ਮਾਮਲੇ ਸੁਲਝਾਉਣ ’ਚ ਸਫਲਤਾ ਹਾਸਲ ਕਰ ਲਈ ਹੈ ਪਰ ਚੰਦ ਕੌਰ ਦੇ ਕਤਲ ਅਤੇ ਬਰਗਾੜੀ ਮਾਮਲੇ ਸੰਵੇਦਨਸ਼ੀਲ ਹੋਣ ਕਾਰਨ ਜਾਂਚ ਵਿੱਚ ਕੁੱਝ ਸਮਾਂ ਲੱਗ ਰਿਹਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਕਿਸੇ ਵੀ ਤਾਕਤ ਨੂੰ ਸੂਬੇ ਦਾ ਅਮਨ-ਚੈਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: