{ਫਾਈਲ ਫੋਟੋ}

ਪੰਜਾਬ ਦੀ ਰਾਜਨੀਤੀ

ਕੁਰਾਨ ਬੇਅਦਬੀ ਮਾਮਲਾ: ‘ਆਪ’ ਵਿਧਾਇਕ ਨਰੇਸ਼ ਯਾਦਵ ਦਾ ਦੋ ਦਿਨਾ ਪੁਲਿਸ ਰਿਮਾਂਡ

By ਸਿੱਖ ਸਿਆਸਤ ਬਿਊਰੋ

July 26, 2016

ਮਲੇਰਕੋਟਲਾ: ਸੋਮਵਾਰ ਨੂੰ ਦਿਲੀ ਤੋਂ ਗ੍ਰਿਫ਼ਤਾਰ ਕੀਤੇ ਆਮ ਆਦਮੀ ਪਾਰਟੀ ਦੇ ਹਲਕਾ ਮਹਿਰੌਲੀ ਤੋਂ ਵਿਧਾਇਕ ਨਰੇਸ਼ ਯਾਦਵ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸੰਗਰੂਰ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਇੱਥੇ ਸ੍ਰੀਮਤੀ ਪ੍ਰੀਤੀ ਸੁਖੀਜਾ ਵਧੀਕ ਸਿਵਲ ਜੱਜ ਸੀਨੀਅਰ ਡਵੀਜਨ ਕਮ ਸਬ ਡਵੀਜਨਲ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਨਰੇਸ਼ ਯਾਦਵ ਦੇ ਹੱਕ ਵਿਚ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਮੁਖੀ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ, ਬਾਰ ਕੌਂਸਲ ਪੰਜਾਬ, ਹਰਿਆਣਾ ਚੰਡੀਗੜ੍ਹ ਦੇ ਚੇਅਰਮੈਨ ਐਡਵੋਕੇਟ ਰਜਤ ਗੌਤਮ, ਐਡਵੋਕੇਟ ਗੋਬਿੰਦਰ ਮਿੱਤਲ ਤੇ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਪੈਨਲ ਵੱਲੋਂ ਦਿੱਤੀਆਂ ਦਲੀਲਾਂ ਦੇ ਬਾਵਜੂਦ ਅਦਾਲਤ ਨੇ ਵਿਧਾਇਕ ਨਰੇਸ਼ ਯਾਦਵ ਨੂੰ 27 ਜੁਲਾਈ ਤੱਕ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।

ਨਰੇਸ਼ ਯਾਦਵ ਨੂੰ ਮਲੇਰਕੋਟਲਾ ਕੁਰਾਨ ਸ਼ਰੀਫ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਵਿਜੇ ਕੁਮਾਰ ਦੇ ਜ਼ਿਲ੍ਹਾ ਅਦਾਲਤ ਵਿਖੇ 15 ਜੁਲਾਈ ਨੂੰ ਸੀ. ਆਰ.ਪੀ.ਸੀ. ਦੀ ਧਾਰਾ 164 ਤਹਿਤ ਦਰਜ ਕੀਤੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਨਰੇਸ਼ ਯਾਦਵ ਦੀ ਅਦਾਲਤ ਵਿਚ ਪੇਸ਼ੀ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਥਾਨਕ ਸਮੁੱਚੇ ਜੁਡੀਸ਼ੀਅਲ ਕੰਪਲੈਕਸ ਦੀ ਨਾਕਾਬੰਦੀ ਕੀਤੀ ਗਈ ਸੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਸਵੇਰੇ 9 ਵਜੇ ਹੀ ਡੀ.ਐਸ.ਪੀ. ਮਲੇਰਕੋਟਲਾ ਰਣਧੀਰ ਸਿੰਘ ਦੀ ਅਗਵਾਈ ‘ਚ ਵਿਧਾਇਕ ਨਰੇਸ਼ ਯਾਦਵ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਵੇਲੇ ਤੱਕ ਯਾਦਵ ਦੀ ਪੈਰਵਾਈ ਲਈ ਕੋਈ ਵੀ ਵਕੀਲ ਅਦਾਲਤ ‘ਚ ਮੌਜੂਦ ਨਹੀਂ ਸੀ।

ਯਾਦਵ ਜੋ ਖ਼ੁਦ ਵੀ ਇੱਕ ਵਕੀਲ ਹੈ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਸ ਦੇ ਵਕੀਲਾਂ ਨੂੰ ਅਦਾਲਤ ਵਿਚ ਆਉਣ ਲਈ ਸਮਾਂ ਦਿੱਤਾ ਜਾਵੇ। ਯਾਦਵ ਦੇ ਹੱਕ ਵਿਚ ਦਲੀਲਾਂ ਰਾਹੀਂ ਵਕੀਲਾਂ ਨੇ ਉਨ੍ਹਾਂ ਦੇ ਪੁਲਿਸ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਯਾਦਵ ਖ਼ਿਲਾਫ਼ ਪੁਲਿਸ ਕੋਲ ਕੋਈ ਪੁਖ਼ਤਾ ਸਬੂਤ ਨਹੀਂ ਹਨ ਅਤੇ ਉਨ੍ਹਾਂ ਦਾ ਮੁਅੱਕਲ ਪੂਰੀ ਤਰ੍ਹਾਂ ਨਿਰਦੋਸ਼ ਹੈ। ਯਾਦਵ ਖ਼ਿਲਾਫ਼ ਕੇਸ ਨੂੰ ਸਿਆਸੀ ਬਦਲਾਖੋਰੀ ਕਾਰਨ ਦਰਜ ਕੀਤਾ ਗਿਆ ਤੇ ਝੂਠਾ ਤੇ ਬੇਬੁਨਿਆਦ ਦੱਸਦਿਆਂ ਵਕੀਲਾਂ ਨੇ ਦਲੀਲ ਦਿੱਤੀ ਕਿ ਦਿੱਲੀ ਦੇ ਤਿੰਨ ਲੱਖ ਲੋਕਾਂ ਦੀ ਨੁਮਾਇੰਦਗੀ ਕਰਨ ਵਾਲਾ ਵਿਧਾਇਕ ਯਾਦਵ ਡੀ.ਜੀ.ਪੀ. ਪੰਜਾਬ ਤੇ ਐਸ.ਐਸ.ਪੀ. ਸੰਗਰੂਰ ਨੂੰ ਮਿਲਣ ਪਿੱਛੋਂ ਦੋ ਵਾਰ ਪੁਲਿਸ ਜਾਂਚ ਵਿਚ ਖ਼ੁਦ ਸ਼ਾਮਿਲ ਹੋ ਚੁੱਕਿਆ ਹੈ ਅਤੇ ਜ਼ਿਲ੍ਹਾ ਪੁਲਿਸ ਮੁਖੀ ਇਸ ਮਾਮਲੇ ‘ਚ ਯਾਦਵ ਦੀ ਪੁਲਿਸ ਨੂੰ ਕੋਈ ਜ਼ਰੂਰਤ ਨਹੀਂ ਹੈ ਬਾਰੇ ਪਹਿਲਾਂ ਹੀ ਬਿਆਨ ਦੇ ਚੁੱਕੇ ਹਨ।

ਵਕੀਲਾਂ ਨੇ ਅਦਾਲਤ ‘ਤੇ ਪੂਰਨ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਯਾਦਵ ਦਿੱਲੀ ਤੋਂ ਗ੍ਰਿਫ਼ਤਾਰੀ ਤੋਂ ਹੁਣ ਤੱਕ ਪੁਲਿਸ ਦੀ ਹਿਰਾਸਤ ਵਿਚ ਹੋਣ ਕਰ ਕੇ ਪੁਲਿਸ ਨੂੰ ਹੋਰ ਰਿਮਾਂਡ ਦੀ ਕੋਈ ਜ਼ਰੂਰਤ ਨਹੀਂ ਹੈ। ਵਕੀਲਾਂ ਦੀਆਂ ਦਲੀਲਾਂ ਸੁਣਨ ਪਿੱਛੋਂ ਬੇਸ਼ੱਕ ਅਦਾਲਤ ਨੇ ਕੁੱਝ ਸਮੇਂ ਲਈ ਫ਼ੈਸਲਾ ਰਾਖਵਾਂ ਰੱਖ ਲਿਆ ਪਰੰਤੂ ਪੁਲਿਸ ਵੱਲੋਂ ਯਾਦਵ ਨੂੰ ਤੁਰੰਤ ਗੱਡੀ ਵਿਚ ਬਿਠਾ ਕੇ ਲੈ ਜਾਣ ਪਿੱਛੋਂ ਸਪਸ਼ਟ ਹੋ ਗਿਆ ਸੀ ਕਿ ਅਦਾਲਤ ਨੇ ਉਸ ਨੂੰ ਪੁਲਿਸ ਰਿਮਾਂਡ ‘ਤੇ ਭੇਜਣ ਦਾ ਫ਼ੈਸਲਾ ਕਰ ਲਿਆ ਹੈ। ਬਾਅਦ ਵਿਚ ਯਾਦਵ ਦੇ ਸਥਾਨਕ ਵਕੀਲ ਐਡਵੋਕੇਟ ਗੋਵਿੰਦਰ ਮਿੱਤਲ ਤੇ ਐਡਵੋਕੇਟ ਸੰਦੀਪ ਉੱਪਲ ਨੇ ਦੱਸਿਆ ਕਿ ਅਦਾਲਤ ਨੇ ਨਰੇਸ਼ ਯਾਦਵ ਨੂੰ ਦੋ ਦਿਨ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।

ਬਲਕਾਰ ਸਿੰਘ ਸਿੱਧੂ ਡੀ. ਆਈ. ਜੀ. ਪਟਿਆਲਾ ਰੇਂਜ ਅਤੇ ਪ੍ਰਿਤਪਾਲ ਸਿੰਘ ਥਿੰਦ ਐਸ.ਐਸ.ਪੀ. ਸੰਗਰੂਰ ਨੇ ਦੱਸਿਆ ਕਿ ‘ਆਪ’ ਦੇ ਵਿਧਾਇਕ ਨਰੇਸ਼ ਯਾਦਵ ਦਾ 27 ਜੁਲਾਈ ਤੱਕ ਦਾ ਦੋ ਦਿਨਾਂ ਪੁਲਿਸ ਰਿਮਾਂਡ ਅਦਾਲਤ ਤੋਂ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਰੇਸ਼ ਯਾਦਵ ਤੋਂ ਦੋ ਵਾਰ ਕੀਤੀ ਪੁੱਛਗਿੱਛ ਦੌਰਾਨ ਪੁਲਿਸ ਨੂੰ ਕੋਈ ਤਸੱਲੀਬਖਸ਼ ਜਵਾਬ ਮਲੇਰਕੋਟਲਾ ਵਾਲੀ ਘਟਨਾ ਸੰਬੰਧੀ ਨਹੀਂ ਮਿਲਿਆ ਸੀ। ਡੀ.ਆਈ.ਜੀ. ਨੇ ਦਾਅਵਾ ਕੀਤਾ ਕਿ ਪੁਲਿਸ ਨੇ ਠੋਸ ਸਬੂਤਾਂ ਦੇ ਆਧਾਰ ‘ਤੇ ਵਿਧਾਇਕ ਨਰੇਸ਼ ਯਾਦਵ ਨੂੰ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਦੱਸਿਆ ਕਿ ਨਰੇਸ਼ ਯਾਦਵ ਨੂੰ ਐਸ.ਪੀ. (ਡੀ) ਸੰਗਰੂਰ ਜਸਕਰਨਜੀਤ ਸਿੰਘ ਤੇਜਾ ਦੀ ਅਗਵਾਈ ਵਾਲੀ ਬਣਾਈ ਗਈ ਪੁਲਿਸ ਪਾਰਟੀ ਵੱਲੋਂ ਉਸ ਦੇ ਬਸੰਤ ਕੁੰਜ (ਨਵੀਂ ਦਿੱਲੀ) ਸਥਿਤ ਦਫ਼ਤਰ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: