ਵਿਜੈ ਕੁਮਾਰ ਨੂੰ ਮੈਡੀਕਲ ਜਾਂਚ ਲਈ ਰਜਿੰਦਰਾ ਹਸਪਤਾਲ ਵਿਖੇ ਲਿਜਾਂਦੇ ਹੋਏ ਡੀ.ਐਸ.ਪੀ.ਡੀ. ਦਵਿੰਦਰ ਅੱਤਰੀ

ਪੰਜਾਬ ਦੀ ਰਾਜਨੀਤੀ

ਕੁਰਾਨ ਸ਼ਰੀਫ ਦੇ ਅਪਮਾਨ ਲਈ ਸਾਜਸ਼ੀ ਕੜੀਆਂ ਨੂੰ ਦ੍ਰਿੜਤਾ ਨਾਲ ਸਾਹਮਣੇ ਲਿਆਂਦਾ ਜਾਵੇ: ਮਾਨ

By ਸਿੱਖ ਸਿਆਸਤ ਬਿਊਰੋ

July 04, 2016

ਫ਼ਤਹਿਗੜ੍ਹ ਸਾਹਿਬ: ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇਂ ਵਿਚ ਪੰਜਾਬ ਦੇ ਵੱਖ-ਵੱਖ ਸਥਾਨਾਂ ‘ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੀਆਂ ਹੋਈਆਂ ਘਟਨਾਵਾਂ ਅਤੇ ਬੀਤੇ ਕੁਝ ਦਿਨ ਪਹਿਲੇ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੇ ਕੀਤੇ ਗਏ ਅਪਮਾਨ, ਦੀਨਾਨਗਰ ਅਤੇ ਪਠਾਨਕੋਟ ਏਅਰਬੇਸ ਹਮਲੇ ਦੇ ਸੱਚ ‘ਤੇ ਸਾਜਿ਼ਸ ਨੂੰ ਨਿਰਪੱਖਤਾ ਅਤੇ ਦ੍ਰਿੜਤਾ ਨਾਲ ਸਾਹਮਣੇ ਲਿਆਉਣ ਦੀ ਜ਼ੋਰਦਾਰ ਆਵਾਜ਼ ਉਠਾਉਂਦੇ ਹੋਏ ਪ੍ਰਗਟ ਕੀਤੇ।

ਉਹਨਾਂ ਕਿਹਾ ਕਿ ਜੋ ਸਾਬਕਾ ਡੀ.ਜੀ.ਪੀ. ਇਜ਼ਹਾਰ ਆਲਮ ਵੱਲੋਂ ਕੁਰਾਨ ਸ਼ਰੀਫ ਦੇ ਹੋਏ ਅਪਮਾਨ ਲਈ ਜੋ ਬਿਨ੍ਹਾਂ ਕਿਸੇ ਤੱਥਾਂ ਤੋਂ ਕਾਂਗਰਸ ਜਮਾਤ ਨੂੰ ਦੋਸ਼ੀ ਠਹਿਰਾਕੇ ਇਸ ਵੱਡੀ ਸਾਜਿ਼ਸ ਦਾ ਰੁੱਖ ਗਲਤ ਦਿਸ਼ਾ ਵੱਲ ਦੇਣ ਦੀ ਕੋਸਿ਼ਸ਼ ਕੀਤੀ ਹੈ, ਇਹ ਅਸਲੀਅਤ ਵਿਚ ਪੰਜਾਬ ਦੇ ਵਾਪਰ ਰਹੇ ਅਜਿਹੇ ਦੁੱਖਾਤਾਂ ਤੋਂ ਇਥੋਂ ਦੇ ਨਿਵਾਸੀਆਂ ਦਾ ਧਿਆਨ ਬਦਲਣ ਦੀ ਸਾਜਿਸ਼ ਦਾ ਹਿੱਸਾ ਹਨ। ਇਸ ਲਈ ਇਜ਼ਹਾਰ ਆਲਮ ਨੂੰ ਵੀ ਇਸ ਗੁੰਮਰਾਹਕੁੰਨ ਪ੍ਰਚਾਰ ਲਈ ਦੋਸ਼ੀ ਮੰਨਦੇ ਹੋਏ ਜੁਆਬਦੇਹ ਬਣਾਉਣਾ ਪਵੇਗਾ।

ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਕਾਂਗਰਸ ਨੂੰ ਦੁੱਧ ਧੋਤੀ ਕਹਿ ਰਹੇ ਹਾਂ। ਕਿਉਂਕਿ ਕਾਂਗਰਸ ਨੇ 1984 ਵਿਚ ਬੀਜੇਪੀ ਨਾਲ ਰਲਕੇ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਹੋਰ 36 ਇਤਿਹਾਸਿਕ ਗੁਰਦੁਆਰਿਆਂ ਉਤੇ ਫ਼ੌਜਾਂ ਚਾੜ੍ਹੀਆਂ ਸਨ ਅਤੇ ਉਸੇ ਤਰ੍ਹਾਂ ਜਿਵੇਂ ਅਬਦਾਲੀ ਨੇ 1762 ਵਿਚ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾਇਆ ਸੀ, ਉਸੇ ਤਰ੍ਹਾਂ ਕਾਂਗਰਸ ਨੇ ਵੀ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਿੱਖ ਮਨਾਂ ਅਤੇ ਆਤਮਾਵਾਂ ਨੂੰ ਡੂੰਘੇ ਜਖ਼ਮ ਦਿੱਤੇ ਤੇ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ।

ਜੋ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲੇ ਦੀ 1984 ਵਿਚ ਰਵਾਇਤੀ ਆਗੂਆਂ ਲੌਂਗੋਵਾਲ, ਟੋਹੜਾ, ਬਰਨਾਲਾ ਅਤੇ ਬਲਵੰਤ ਸਿੰਘ ਵੱਲੋਂ ਸਾਜਿਸ਼ ਰਚੀ ਗਈ, ਉਸ ਸੰਬੰਧੀ ਬਾਦਲ ਦਲ ਦੇ ਆਗੂ ਸਾਬਕਾ ਵਜ਼ੀਰ ਪੰਜਾਬ ਰਣਧੀਰ ਸਿੰਘ ਚੀਮਾ ਵੱਲੋਂ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਪਾਂਡੇ ਨਾਲ ਉਪਰੋਕਤ ਆਗੂਆਂ ਦੀਆਂ ਹੋਈਆਂ ਮੁਲਾਕਾਤਾਂ ਅਤੇ ਸਾਜਿਸ਼ ਨੂੰ ਅੰਤਮ ਰੂਪ ਦੇਣ ਬਾਰੇ ਬੀਤੇ ਸਮੇਂ ਵਿਚ ਪੈਂਫਲਿਟ ਅਤੇ ਪੱਤਰ ਜਾਰੀ ਕੀਤੇ ਗਏ ਸਨ। ਜੋ ਬਲਿਊ ਸਟਾਰ ਦੀ ਸਾਜਿਸ਼ ਨੂੰ ਹੋਰ ਵੀ ਪ੍ਰਤੱਖ ਕਰਦੇ ਹਨ। ਜੇਕਰ ਕਿਸੇ ਨੂੰ ਰਣਧੀਰ ਸਿੰਘ ਚੀਮਾ ਵੱਲੋਂ ਜਾਰੀ ਕੀਤੇ ਗਏ ਪੈਫਲਿਟ ਅਤੇ ਸਾਡੇ ਵੱਲੋਂ ਦਿੱਤੇ ਗਏ ਹਵਾਲੇ ‘ਤੇ ਕੋਈ ਸ਼ੱਕ-ਸ਼ੁਬਾ ਹੋਵੇ, ਤਾਂ ਅਸੀਂ ਉਸ ਪੈਫਲਿਟ ਤੇ ਪੱਤਰ ਨੂੰ ਪ੍ਰੈਸ ਦੀ ਜਾਣਕਾਰੀ ਲਈ ਜਾਰੀ ਵੀ ਕਰ ਸਕਦੇ ਹਾਂ।

ਮਾਨ ਨੇ ਆਪਣੇ ਵਿਚਾਰਾਂ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖੀ ਅਸੂਲਾਂ, ਨਿਯਮਾਂ ਨੂੰ ਤਿਲਾਜਲੀ ਦੇ ਕੇ ਸਿੱਖ ਕੌਮ ਨੂੰ ਹਰ ਖੇਤਰ ਵਿਚ ਮਨਫ਼ੀ ਕਰਦੇ ਆ ਰਹੇ ਹਨ ਤਾਂ ਕਿ ਬੀਜੇਪੀ, ਆਰ.ਐਸ.ਐਸ. ਆਦਿ ਫਿਰਕੂ ਦੁਸ਼ਮਣ ਤਾਕਤਾਂ ਤੋਂ ਸਿਆਸੀ, ਮਾਲੀ ਅਤੇ ਪਰਿਵਾਰਕ ਫਾਇਦੇ ਪ੍ਰਾਪਤ ਕਰਦੇ ਰਹਿਣ। ਬਾਦਲ ਸਿੱਖ ਸੋਚ, ਮਰਿਯਾਦਾਵਾਂ ਅਤੇ ਪੰ੍ਰਪਰਾਵਾਂ ਦਾ ਘਾਣ ਕਰਨ ਦੇ ਅੱਜ ਵੱਡੇ ਦੋਸ਼ੀ ਹਨ ਕਿਉਂਕਿ ਉਹ ਅੱਜ ਵੀ ਇਹਨਾਂ ਫਿਰਕੂ ਤਾਕਤਾਂ ਦੀ ਗੁਲਾਮੀ ਵਿਚ ਵਿਚਰ ਰਹੇ ਹਨ। ਇਸ ਲਈ ਬਾਦਲ ਪਰਿਵਾਰ ਸਿੱਖੀ, ਸਿੱਖ ਧਰਮ ਅਤੇ ਸਿੱਖ ਕੌਮ ਦੇ ਹੱਕ-ਹਕੂਕਾਂ ਦੀ ਰਖਵਾਲੀ ਕਰਨ ਅਤੇ ਘੱਟ ਗਿਣਤੀ ਕੌਮਾਂ ਦੇ ਸਮਾਜਿਕ ਮਾਣ-ਸਨਮਾਨ ਨੂੰ ਕਾਇਮ ਰੱਖਣ ਅਤੇ ਉਹਨਾਂ ਨਾਲ ਹੋ ਰਹੇ ਜ਼ਬਰ-ਜ਼ੁਲਮ ਅਤੇ ਬੇਇਨਸਾਫ਼ੀਆਂ ਲਈ ਇਨਸਾਫ਼ ਦਿਵਾਉਣ ਦੀ ਬਿਲਕੁਲ ਸਮਰੱਥਾਂ ਨਹੀਂ ਰੱਖਦੇ।

ਉਹਨਾਂ ਕਿਹਾ ਕਿ ਜੋ ਬੰਗਲਾਦੇਸ਼ ਅਤੇ ਹੋਰਨਾਂ ਗੁਆਂਢੀ ਮੁਲਕਾਂ ਵਿਚ ਹਿੰਦੂ ਪੰਡਤਾਂ ਉਤੇ ਹਮਲੇ ਕਰਕੇ ਖ਼ਤਮ ਕੀਤਾ ਜਾ ਰਿਹਾ ਹੈ, ਉਸ ਨੂੰ ਮੋਦੀ ਦੇ ਅਤੇ ਭਗਵਤ ਦੇ ਯੋਗਾ ਪ੍ਰੋਗਰਾਮ ਠੱਲ੍ਹ ਨਹੀਂ ਪਾ ਸਕਦੇ। ਕਿਉਂਕਿ ਯੋਗਾ ਨਾਲ ਹਊਮੈ ਪ੍ਰਫੁੱਲਿਤ ਹੁੰਦੀ ਹੈ, ਨਿਮਰਤਾ-ਨਿਰਮਾਨਤਾ ਅਤੇ ਸਹਿਜ ਵਾਲੇ ਗੁਣ ਖ਼ਤਮ ਹੋ ਜਾਂਦੇ ਹਨ। ਗੁਆਂਢੀ ਮੁਲਕਾਂ ਵਿਚ ਹਿੰਦੂ ਪੰਡਤਾਂ ਆਦਿ ਦੇ ਹੋ ਰਹੇ ਕਤਲੇਆਮ ਦੀ ਰੱਖਿਆ ਸਿੱਖ ਕੌਮ ਬਗੈਰ ਕੋਈ ਨਹੀਂ ਕਰ ਸਕੇਗਾ। ਕਿਉਂਕਿ ਸਿੱਖ ਕੌਮ ਨੂੰ ਅਜਿਹੇ ਜ਼ਬਰ-ਜ਼ੁਲਮਾਂ ਵਿਰੁੱਧ ਡੱਟਣ ਅਤੇ ਮਜ਼ਲੂਮਾਂ, ਲਤਾੜੇ ਵਰਗਾਂ ਅਤੇ ਗੁਲਾਮਾਂ ਨੂੰ ਆਜ਼ਾਦ ਕਰਵਾਉਣ ਵਾਲੀ ਸੋਚ ਅਤੇ ਬਹਾਦਰੀ ਵਾਲੇ ਉਦਮਾਂ ਦੀ ਅਗਵਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਤੋ ਪ੍ਰਾਪਤ ਹੁੰਦੀ ਹੈ।

ਸਿੱਖ ਕੌਮ ਸਭ ਧਰਮਾਂ ਤੇ ਕੌਮਾਂ ਦੇ ਗ੍ਰੰਥਾਂ ਦਾ ਸਤਿਕਾਰ ਕਰਦੀ ਹੈ। ਭਾਵੇਂ ਉਹ ਕੁਰਾਨ ਸ਼ਰੀਫ ਹੋਵੇ, ਭਾਵੇਂ ਬਾਈਬਲ, ਭਾਵੇਂ ਰਮਾਇਣ, ਗੀਤਾ ਜਾਂ ਹੋਰ ਗ੍ਰੰਥ। ਪਰ ਮੁਤੱਸਬੀ ਸੋਚ ਅਧੀਨ ਸਤਿਕਾਰਿਤ ਗ੍ਰੰਥਾਂ ਦਾ ਅਪਮਾਨ ਕਰਕੇ, ਵੱਖ-ਵੱਖ ਕੌਮਾਂ ਤੇ ਧਰਮਾਂ ਨੂੰ ਲੜਾਕੇ ਇਥੋਂ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੇ ਸਾਜਿ਼ਸਕਾਰੀ ਭਾਵੇਂ ਨਰੇਸ਼ ਯਾਦਵ, ਭਾਵੇਂ ਵਿਜੈ ਗਰਗ, ਭਾਵੇਂ ਕੇ.ਪੀ.ਐਸ. ਗਿੱਲ, ਭਾਵੇਂ ਐਸ.ਐਸ. ਗਿੱਲ ਅਤੇ ਨਾਥ ਵਰਗੇ ਸਾਬਕਾ ਪੁਲਿਸ ਅਫ਼ਸਰ ਕਿਉਂ ਨਾ ਹੋਣ, ਉਹ ਸਮਾਜ, ਅਮਨ-ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਦੇ ਦੁਸ਼ਮਣ ਹਨ।

ਅਜਿਹੇ ਸਾਜਿਸ਼ਕਾਰੀਆਂ ਅਤੇ ਜਮਾਤਾਂ ਦੇ ਮੁਖੌਟਿਆ ਉਤੇ ਚੜ੍ਹਾਏ ਗਏ ਨਕਾਬਾਂ ਨੂੰ ਉਤਾਰਨਾ ਅਤੇ ਇਥੋਂ ਦੇ ਨਿਵਾਸੀਆਂ ਨੂੰ ਸੱਚ ਤੋਂ ਜਾਣੂ ਕਰਵਾਉਣਾ ਅਤੇ ਅਜਿਹੀਆਂ ਤਾਕਤਾਂ ਦਾ ਦ੍ਰਿੜਤਾ ਨਾਲ ਸਮੂਹਿਕ ਤੌਰ ‘ਤੇ ਖ਼ਾਤਮਾ ਕਰਨਾ ਸਾਡਾ ਸਭ ਦਾ ਸਮਾਜਿਕ ਤੇ ਵਿਧਾਨਿਕ ਫਰਜ ਬਣ ਜਾਂਦਾ ਹੈ। ਅਜਿਹੇ ਅੱਛੇ ਸਮਾਜ ਸਿਰਜਣ ਵਾਲੇ ਅਮਲ ਤਦ ਹੀ ਅਮਲੀ ਰੂਪ ਵਿਚ ਸਾਹਮਣੇ ਆਉਣਗੇ, ਜਦੋਂ ਇਥੋਂ ਦੇ ਨਿਵਾਸੀ, ਸਭ ਕੌਮਾਂ, ਧਰਮਾਂ ਤੇ ਵਰਗਾਂ ਦੇ ਬਸਿੰਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮਨੁੱਖਤਾ ਪੱਖੀ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਕਰਨ ਵਾਲੀ ਸੋਚ ਨੂੰ ਆਪੋ-ਆਪਣੇ ਵੋਟ ਬੈਂਕ ਦੀ ਤਾਕਤ ਰਾਹੀ ਮਜ਼ਬੂਤੀ ਬਖਸਣਗੇ ਅਤੇ ਅਜਿਹੀਆਂ ਤਾਕਤਾਂ ਨੂੰ ਭਾਂਜ ਦੇਣ ਲਈ ਉਦਮ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: