ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੁਨਾਇਟਿਡ ਅਕਾਲੀ ਦਲ ਨੇ ਕੱਲ੍ਹ ਚੰਡੀਗੜ੍ਹ ਵਿਖੇ ਦਰਿਆਈ ਪਾਣੀਆਂ ਦੇ ਮੁੱਦੇ ’ਤੇ ਸੈਮੀਨਾਰ ਕਰਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਸੀਹਤ ਦਿੱਤੀ ਹੈ ਕਿ ਉਹ ਪਾਣੀਆਂ ਦੇ ਮੁੱਦੇ ’ਤੇ ਦੇਸ਼ ਦੇ ਰਾਸ਼ਟਰਪਤੀ ਕੋਲ ਜਾਣ ਦਾ ਡਰਾਮਾ ਕਰਨ ਦੀ ਥਾਂ ਆਪਣੀ ਭਾਈਵਾਲ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪਹੁੰਚ ਕਰਨ ਅਤੇ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਭਾਜਪਾ ਨਾਲੋਂ ਨਾਤਾ ਤੋੜਣ ਦੀ ਹਿੰਮਤ ਦਿਖਾਉਣ।
ਸਿਮਰਨਜੀਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਮੁੱਦੇ ’ਤੇ ਆਪਣੀ ਪਾਰਟੀ ਦੀ ਮਨਮੋਹਨ ਸਿੰਘ ਸਰਕਾਰ ਵੱਲੋਂ ਪੰਜਾਬ ਵਿਰੁੱਧ ਇਹ ਮਾਮਲਾ ਰਾਸ਼ਟਰਪਤੀ ਰਾਹੀਂ ਸੁਪਰੀਮ ਕੋਰਟ ਵਿੱਚ ਭੇਜਣ ਵੇਲੇ ਸਿਆਸੀ ਖਾਮੋਸ਼ੀ ਧਾਰੀ ਰੱਖੀ ਸੀ ਅਤੇ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਆਪਣੇ ਭਾਈਵਾਲ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਦੇ ਉਲਟ ਸਟੈਂਡ ਲੈਣ ਦੇ ਬਾਵਜੂਦ ਸਿਆਸੀ ਖੁਦਗਰਜ਼ੀਆਂ ਕਾਰਨ ਖਾਮੋਸ਼ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਬਾਦਲ ਅਕਾਲੀ ਦਲ-ਭਾਜਪਾ ਗਠਜੋੜ ਨੂੰ ਪਤੀ-ਪਤਨੀ ਦਾ ਰਿਸ਼ਤਾ ਦੱਸਦੇ ਹਨ ਪਰ ਹੁਣ ਪੰਜਾਬ ਨੂੰ ਬਚਾਉਣ ਲਈ ਇਸ ਰਿਸ਼ਤੇ ਦੇ ‘ਮੋਹ’ ਨੂੰ ਵਰਤਣ ਤੋਂ ਸੰਕੋਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਣੀਆਂ ਦਾ ਮੁੱਦਾ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੇ ਅਧਿਕਾਰ ਅਧੀਨ ਹੈ ਅਤੇ ਇਸ ਬਾਰੇ ਕੋਈ ਵੀ ਅਥਾਰਟੀ ਸੰਵਿਧਾਨਕ ਤੌਰ ’ਤੇ ਕੋਈ ਫ਼ੈਸਲਾ ਨਹੀਂ ਦੇ ਸਕਦੀ।
ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਅਕਾਲੀ ਦਲ ਬਾਦਲ, ਕਾਂਗਰਸ ਜਾਂ ਆਮ ਆਦਮੀ ਪਾਰਟੀ ਕੋਲੋਂ ਪੰਜਾਬ ਲਈ ਇਨਸਾਫ ਦੀ ਆਸ ਕਰਨੀ ਵੱਡੀ ਭੁੱਲ ਹੋਵੇਗੀ। ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਐਲਾਨ ਕੀਤਾ ਕਿ ਪਾਣੀਆਂ ਦੇ ਮੁੱਦੇ ਅਤੇ ਸਰਬੱਤ ਖ਼ਾਲਸਾ ਦੀ ਲਾਮਬੰਦੀ ਲਈ ਆਉਂਦੇ ਦਿਨਾਂ ‘ਚ ਲੰਬੀ, ਜਲੰਧਰ, ਬਠਿੰਡਾ, ਪਟਿਆਲਾ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਅਜਿਹੇ ਸੈਮੀਨਾਰ ਕਰਕੇ ਬਾਦਲਾਂ ਅਤੇ ਕੈਪਟਨ ਦੀਆਂ ਐਸਵਾਈਐਲ ਅਤੇ ਪੰਜਾਬ ਦੇ ਮੁੱਦਿਆਂ ਉਪਰ ਕੀਤੀਆਂ ਬੇਵਫਾਈਆਂ ਬੇਨਕਾਬ ਕੀਤੀਆਂ ਜਾਣਗੀਆਂ।
ਆਗੂਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਗ੍ਰਿਫ਼ਤਾਰੀਆਂ ਦਾ ਦੌਰ ਚਲਾ ਕੇ 10 ਨਵੰਬਰ ਨੂੰ ਤਲਵੰਡੀ ਸਾਬੋ ਵਿਖੇ ਹੋਣ ਵਾਲੇ ਸਰਬੱਤ ਖ਼ਾਲਸਾ ’ਤੇ ਰੋਕ ਲਾ ਦਿੱਤੀ ਗਈ ਸੀ ਮੀਡੀਆ ਵਿਚ ਛਪੀਆਂ ਖ਼ਬਰਾਂ ਮੁਤਾਬਕ ਇਹ ਧਿਰਾਂ ਚੁੱਪ-ਚੁਪੀਤੇ ਇਸੇ ਮਹੀਨੇ “ਸਰਬੱਤ ਖ਼ਾਲਸਾ” ਕਰਵਾਉਣ ਦੀਆਂ ਤਿਆਰੀਆਂ ਕਰੀ ਬੈਠੀਆਂ ਹਨ।
ਸੰਬੰਧਤ ਖ਼ਬਰ: ਪਾਣੀਆਂ ਦਾ ਮਸਲਾ: ਬਾਦਲ ਅਤੇ ਕੈਪਟਨ ਪੰਜਾਬ ਦੇ ਰਾਇਪੇਰੀਅਨ ਹੱਕਾਂ ਦਾ ਕਤਲ ਕਰਨ ਲਈ ਬਰਾਬਰ ਦੇ ਦੋਸ਼ੀ …