ਫਿਲਮ ਦੇ ਦ੍ਰਿਸ਼

ਵਿਦੇਸ਼

ਪੰਜਾਬੀ ਫਿਲਮ ਦਾ ਮਾਸਟਰ ਮਾਈਂਡ ‘ਜਿੰਦਾ ਸੁੱਖਾ’ 11 ਸਤੰਬਰ ਨੂੰ ਹੋਵੇਗੀ ਜਾਰੀ

By ਸਿੱਖ ਸਿਆਸਤ ਬਿਊਰੋ

August 22, 2015

ਐਡੀਲੇਡ ( 21 ਅਗਸਤ, 2015): ਭਾਰਤੀ ਫੌਜਾਂ ਵੱਲੋਂ ਜੂਨ 1984 ਵਿੱਚ ਸਿੱਖਾਂ ਦੇ ਮੁਕੱਦਸ ਅਸਥਾਨ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ‘ਤੇ ਕੀਤੇ ਹਮਲੇ ਦੌਰਾਨ ਭਾਰਤੀ ਫੌਜ ਦੇ ਮੁੱਖੀ ਰਹੇ ਜਨਰਲ ਅਰੁਣ ਕੁਮਾਰ ਵੈਦਿਆ ਨੂੰ ਸੋਧਾ ਲਾਉਣ ਲਾ ਕੇ ਬੜੀ ਖੁਸ਼ੀ ਨਾਲ ਫਾਂਸੀ ਦਾ ਰੱਸਾ ਚੁੰਮਦਿਆਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ‘ਤੇ ਅਧਾਰਿਤ ਨਵੀਂ ਪੰਜਾਬੀ ਫ਼ਿਲਮ ਦਾ ਮਾਸਟਰ ਮਾਈਂਡ ‘ਜਿੰਦਾ ਸੁੱਖਾ’ ਭਾਰਤ ਸਮੇਤ ਵਿਦੇਸ਼ ਵਿਚ ਵੀ 11 ਸਤੰਬਰ ਤੋਂ ਇਹ ਫ਼ਿਲਮ ਰਿਲੀਜ਼ ਹੋਵੇਗੀ।

ਫਿਲਮ ਸਬੰਧੀ ਐਡੀਲੇਡ ਤੋਂ ਨਿਰਮਾਤਾ ਸਿੰਘ ਬ੍ਰਦਰਜ਼, ਗੁਰਪ੍ਰੀਤ ਸਿੰਘ ਵੜੀ ਤੇ ਰਾਜਬੀਰ ਸਿੰਘ  ਨੇ ਜਾਣਕਾਰੀ ਦਿੰਦਿਆਂਨ ਦੱਸਿਆ ਕਿ ਕੌਮ ਦੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਨੂੰ ਸਮਰਪਿਤ ਸੱਚੀ ਕਹਾਣੀ ‘ਤੇ ਆਧਾਰਿਤ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਦੀ ਕਹਾਣੀ ‘ਅਸੀਂ ਅੱਤਵਾਦੀ ਨਹੀਂ’ ਹੱਥ ਲਿਖਤਾਂ ਤੇ ਜੇਲ੍ਹ ਤੋਂ ਭਾਈ ਜਿੰਦਾ ਸੁੱਖਾ ਵੱਲੋਂ ਲਿਖੀਆਂ ਚਿੱਠੀਆਂ ‘ਤੇ ਆਧਾਰਿਤ ਨਿਧੜਕ ਹੈ।

ਇਸ ਫਿਲਮ ਵਿੱਚ ਉੱਘੇ ਕਲਾਕਾਰਾਂ ਨਵ ਬਾਜਵਾ, ਸੋਨਪ੍ਰੀਤ ਜਵੰਦਾ, ਗੁੱਗੂ ਗਿੱਲ ਸਮੇਤ ਹੋਰਨਾਂ ਕਲਾਕਾਰਾਂ ਨੇ ਵੱਖ-ਵੱਖ ਭੁਮਿਕਾ ਨਿਭਾਈਆਂ ਹਨ। ਨਾਮਵਰ ਗਾਇਕਾਂ ਨੇ ਗੀਤਾਂ ਨੂੰ ਸੁਰੀਲੀ ਤੇ ਗਰਜਵੀਂ ਆਵਾਜ਼ ਦਿੱਤੀ ਹੈ। ਇਸ ਫ਼ਿਲਮ ਨੂੰ ਦੇਸ਼-ਵਿਦੇਸ਼ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ।

ਭਾਈ ਜਿੰਦਾ ਅਤੇ ਸੁੱਖਾ ਦੇ ਜੀਵਣ ‘ਤੇ ਤਿੰਨ ਫਿਲਮਾਂ ਬਣਾਉਣ ਦਾ ਹੋਇਆ ਸੀ ਐਲਾਨ:

ਸਭ ਤੋਂ ਪਹਿਲਾਂ ਕਨੇਡਾ ਦੀ ਫਿਲਮ ਕੰਪਨੀ “ਬਰੇਵਹਰਟ ਪ੍ਰੋਡਕਸ਼ਨ” ਵੱਲੋਂ ਸ਼ਹੀਦ ਭਾਈ ਹਰਜਿੰਦਰ ਸਿੰਘ ਜ਼ਿੰਦਾ ਅਤ ਸ਼ਹੀਦ ਭਾਈੇ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ‘ਤੇ ਅਧਾਰਿਤ “ਫਿਲਮ- ਸੱਖਾ ਅਤੇ ਜਿੰਦਾ- ਦ ਮੂਵੀ” ਬਣਾਉਣ ਦਾ ਐਲਾਨ ਸਤੰਬਰ 2014 ਦੇ ਪਹਿਲੇ ਹਫਤੇ ਕੀਤਾ ਗਿਆ ਸੀ।

ਭਾਈ ਜਿੰਦਾ ਅਤੇ ਸੁੱਖਾ ਦੇ ਜੀਵਣ ‘ਤੇ ਫਿਲਮ ਬਣਾਉਣ ਦੀਆਂ ਖ਼ਬਰਾਂ “ਸਿੱਖ ਸਿਆਸਤ” ‘ਤੇ ਪ੍ਰਕਾਸ਼ਿਤ ਹੋਣ ਤੋ ਕੁਝ ਸਮਾਂ ਬਾਅਦ ਹੀ “ਸਿੱਖ ਸਿਆਸਤ” ਨੂੰ “ਸਾਡਾ ਹੱਕ” ਫਿਲਮ ਦੇ ਕਲਾਕਰ ਅਤੇ ਨਿਰਮਾਤਾ ਕੁਲਜਿੰਦਰ ਸਿੱਧੂ ਵੱਲੋਂ ਪ੍ਰਾਪਤ ਹੋਈ ਈਮੇਲ ਵਿੱਚ ਉਨ੍ਹਾਂ ਦੱਸਿਆ ਕਿ ਉਹ ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਸੀ ਸ਼ਹਾਦਤ ‘ਤੇ ਫਿਲਮ ਬਣਾਉਣਾਦਾ ਕੰਮ ਇਸ ਤੋਂ ਕਾਫੀ ਸਮਾਂ ਪਹਿਲਾਂ ਸ਼ੁਰੂ ਕਰ ਚੁੱਕੇ ਹਨ।

ਇਸੇ ਸਮੇਂ ਦੌਰਾਨ ਕੁਲਜਿੰਦਰ ਸਿੱਧੂ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਕੱਟੇਵਾਲਾਂ ਵਾਲੀ ਫੋਟੋ ਦੇ ਨਾਲ ਆਪਣੀ ਫੋਟੋ ਪਾਉਦਿਆਂ ਲਿਖਿਆ ਸੀ ਕਿ “ 31 ਅਕਤੂਬਰ ਨੂੰ ਯੋਧਾ ਦੇ ਰਿਲੀਜ਼ ਹੋਣ ਤੋਂ ਬਾਅਦ ਸਾਡੀ ਅਗਲੀ ਪੇਸ਼ਕਸ਼ “ਜ਼ਿੰਦਾ” ਹੋਵੇਗੀ।ਫਿਲਮ ਦੀ ਕਹਾਣੀ ਅਤੇ ਨਾਂਅ ਦੀ ਚੋਣ ਕਰ ਲਈ ਗਈ ਹੈ ਅਤੇ ਇਹ ਫਿਲਮ ਕੁਲਜਿੰਦਰ ਸਿੱਧੂ ਅਤੇ ਸਪੀਡ ਰਿਕਾਰਡਿੰਗ ਦੇ ਬਲਵਿੰਦਰ ਸਿੰਘ ਰੂਬੀ ਵੱਲੋਂ ਬਣਾਈ ਜਾਵੇਗੀ।

ਇਸੇ ਦੌਰਾਨ ਹੀ ਸੁਖਜਿੰਦਰ ਸ਼ੇਰਾ ਨੇ “ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀਆਂ “ ਜੇਲ ਚਿੱਠੀਆਂ ਨੂੰ ਅਧਾਰ ਬਣਾਕੇ, ਉਨ੍ਹਾਂ ਦੀ ਸ਼ਹਾਦਤ ‘ਤੇ “ਅਣਖੀ ਯੋਧੇ” ਫਿਲਮ ਬਣਾਉਣ ਦਾ ਐਲਾਨ ਕੀਤਾ ਸੀ। ਜਿਸਦਾ ਨਾਮ ਬਾਅਦ ਵਿੱਚ ਉਨ੍ਹਾਂ ਨੇ ‘ਦ ਮਾਸਟਰ ਮਾਈਂਡ ਜਿੰਦਾ ਐਂਡ ਸੁੱਖਾ’ ਰੱਖ ਦਿੱਤਾ ਸੀ।

ਸਿੱਖ ਸੰਘਰਸ਼ ਨਾਲ ਬਣ ਰਹੀਆਂ ਫਿਲਮਾਂ ਪ੍ਰਤੀ ਸੁਹਿਰਦ ਸਿੱਖ ਹਲਕਿਆਂ ਵਿੱਚ ਚਿੰਤਾ:

ਸਿੱਖ ਸੰਘਰਸ਼ ਨਾਲ ਸੰਘਰਸ਼ ਨਾਲ ਸੰਬਧਿਤ ਫਿਲਮ “ਸਾਡਾ ਹੱਕ” ਨੂੰ ਦਰਸ਼ਕਾਂ ਵੱਲੋਂ ਮਿਲੇ ਵਧੀਆ ਹੁੰਗਾਰੇ ਤੋਂ ਬਾਅਦ ਇਸ ਪਾਸੇ ਫਿਲਮਾਂ ਬਣਾਉਣਾ ਦਾ ਰੁਝਾਨ ਕਾਫੀ ਵਧਿਆ ਹੈ। ਸਿੱਖ ਸੰਘਰਸ਼ ਵਿੱਚ ਸਿੱਖ ਕੌਮ ਦੀਆਂ ਸ਼ਾਨਾਮੱਤੀਆਂ ਪ੍ਰੰਰਾਵਾਂ ‘ਤੇ ਪਹਿਰਾ ਦੇਕੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਅਮਰ ਸ਼ਹੀਦ ਬਾਈ ਹਰਜਿੰਦਰ ਸਿੰਘ ਜਿਮਦਾ ਅਤੇ ਸੁਖਦੇਵ ਸਿੰਘ ਸੁੱਖਾਂ ਦੇ ਜੀਵਣ ‘ਤੇ ਫਿਲਮਾਂ ਬਣਾਉਣ ਦਾ ਐਲਾਨ ਹੋਇਆ ਹੈ।

ਇਸ ਤੋਂ ਇਲਾਵਾ ਰਾਜ ਕਾਕੜਾ ਵੱਲੋਂ ਬਣਾਈ ਗਈ ਫਿਲਮ “ਕੌਮ ਦੇ ਹੀਰੇ” ਅਤੇ ਦਿੱਲੀ ਦੇ ਸਿੱਖ ਕਤਲੇਆਮ ਨੂੰ ਲੈ ਕੇ ਬਣੀਆਂ ਫਿਲਮਾਂ ਵਰਨਣਯੋਗ ਹਨ।

ਇਹ ਫਿਲਮਾਂ ਮੁੱਖ ਤੌਰ ‘ਤੇ ਵਪਾਰਕ ਹਿੱਤਾਂ ਨੂੰ ਮੁੱਖ ਰੱਖਕੇ ਬਣਾਈਆਂ ਗਈਆਂ/ਜਾ ਰਹੀਆਂ ਹਨ, ਪਰ ਇਨ੍ਹਾਂ ਫਿਲਮਾਂ ਵਿੱਚ ਵਰਤੀ ਗਈ ਤਕਨੀਕ ਅਤੇ ਅਦਾਕਾਰੀ ਦੇ ਪੱਖੋ ਇਨ੍ਹਾਂ ਫਿਲਮਾ ਦਾ ਪੱਧਰ ਵਧੀਆ ਨਹੀਂ ਹੈ, ਜਿਸ ਕਰਕੇ ਸੁਹਿਰਦ ਸਿੱਖ ਹਲਕਿਆਂ ਵਿੱਚ ਇਸ ਪ੍ਰਤੀ ਚਿੰਤਾ ਪ੍ਰਗਾਟਾਈ ਜਾ ਰਹੀ ਹੈ।ਕਿਉਕਿ ਤਕਨੀਕ ਅਤੇ ਅਦਾਕਰੀ ਪੱਖੋ ਮਾੜੀਆਂ ਫਿਲਮਾਂ ਜਿੱਥੇ ਦਰਸ਼ਕਾਂ ਨੂੰ ਸੰਤੁਸ਼ਟ ਕਰਨ ਵਿੱਚ ਨਾਕਾਮ ਰਹਿੰਦੀਆਂ ਹਨ, ਉੱਥੇ ਇਸ ਖੇਤਰ ਦੀਆਂ ਭਵਿੱਖਤ ਸੰਭਾਵਨਾਵਾਂ ‘ਤੇ ਵੀ ਨਾਂਹਪੱਖੀ ਅਸਰ ਛੱਡਦੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: