– ਜੋਗਾ ਸਿੰਘ (ਡਾ.)
ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ ਬਨਾਉਣ ਦੇ ਹੱਕ ਵਿਚ ਇਕ ਆਮ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਸ਼ਬਦਾਵਲੀ ਦੀ ਘਾਟ ਕਰਕੇ ਪੰਜਾਬੀ ਵਿਚ ਵਿਗਿਆਨ ਦੀ ਪੜ੍ਹਾਈ ਲਈ ਸਮਰੱਥਾ ਨਹੀਂ ਹੈ ਅਤੇ ਨਾ ਹੀ ਪੰਜਾਬੀ ਵਿਚ ਵਿਗਿਆਨ ਦੀ ਪੜ੍ਹਾਈ ਲਈ ਸਮੱਗਰੀ ਹੈ। ਇਸ ਲੇਖ ਵਿਚ ਇਨ੍ਹਾਂ ਦੋ ਸਵਾਲਾਂ ਨੂੰ ਵਾਚਿਆ ਗਿਆ ਹੈ।
ਸਮਰੱਥਾ ਦਾ ਸਵਾਲ: ਜਿੱਥੋਂ ਤੱਕ ਸਮਰੱਥਾ ਦਾ ਸਵਾਲ ਹੈ, ਭਾਸ਼ਾ ਮਾਹਿਰ ਬਾਰ-ਬਾਰ ਇਹ ਸਥਾਪਤ ਕਰ ਚੁੱਕੇ ਹਨ ਕਿ ਹਰ ਭਾਸ਼ਾ ਵਿਚ ਉਚੇਚੇ ਤੋਂ ਉਚੇਚੇ ਭਾਸ਼ਾਈ ਕਾਰਜ ਦੀ ਸਮਰੱਥਾ ਹੁੰਦੀ ਹੈ ਬੱਸ ਲੋੜ ਭਾਸ਼ਾ ਦੀ ਵਰਤੋਂ ਦੀ ਹੁੰਦੀ ਹੈ। ਨਵੇਂ ਸੰਕਲਪਾਂ ਅਤੇ ਵਸਤੂਆਂ ਦੇ ਆਉਣ ਨਾਲ ਨਵੀਂ ਸ਼ਬਦਾਵਲੀ ਦੀ ਲੋੜ ਜ਼ਰੂਰ ਹੁੰਦੀ ਹੈ। ਪਰ ਕਿਸੇ ਵੀ ਭਾਸ਼ਾ ਦੀ ਨਵੀਂ ਤੋਂ ਨਵੀਂ ਸ਼ਬਦਾਵਲੀ ਵੀ ਮੂਲ ਸ਼ਬਦਾਵਲੀ ਦਾ ਪਸਾਰ ਹੀ ਹੁੰਦੀ ਹੈ ਅਤੇ ਸਭ ਭਾਸ਼ਾਵਾਂ ਦੀ ਮੂਲ ਸ਼ਬਦਾਵਲੀ ਵਿਚ ਕੋਈ ਵਿਸ਼ੇਸ਼ ਅੰਤਰ ਨਹੀਂ ਹੈ। ਕਿਸੇ ਵੀ ਭਾਸ਼ਾ ਦੀ ਮੂਲ ਸ਼ਬਦਾਵਲੀ ਦਾ ਅਜਿਹਾ ਪਸਾਰ ਬੜੇ ਮਾਮੂਲੀ ਯਤਨ ਨਾਲ ਕੀਤਾ ਜਾ ਸਕਦਾ ਹੈ। ਦੁਨੀਆਂ ਭਰ ਦੀਆਂ ਭਾਸ਼ਾਵਾਂ ਦੇ ਬੁਲਾਰਿਆਂ ਨੇ ਸ਼ਬਦਾਵਲੀ ਦਾ ਅਜਿਹਾ ਬਹੁਤ ਪਸਾਰ ਕਿਸੇ ਤਰ੍ਹਾਂ ਦੀ ਪੜ੍ਹਾਈ ਕੀਤੇ ਬਿਨਾਂ ਹੀ ਕੀਤਾ ਹੈ। ਇਹ ਕੰਮ ਲੋਕ ਸਹਿਜ ਸੁਭਾਵਕ ਬਿਨਾਂ ਕਿਸੇ ਸੰਸਥਾਈ ਸਿੱਖਿਆ ਦੇ ਵੀ ਕਰੀ ਜਾ ਰਹੇ ਹਨ। ਦੁਨੀਆਂ ਦੀ ਕਿਸੇ ਭਾਸ਼ਾ ਦੀ ਵੀ ਮੂਲ ਸ਼ਬਦਾਵਲੀ ਕਿਸੇ ਪੜ੍ਹੇ ਲਿਖੇ ਨੇ ਨਹੀਂ ਬਣਾਈ। ਇਹ ਅਨਪੜ੍ਹ ਮਨੁੱਖਾਂ ਨੇ ਸਹਿਜ ਸੁਭਾਵਕ ਪੈਦਾ ਕੀਤੀ ਹੈ। ਪੜ੍ਹੇ-ਲਿਖੇ ਵਰਗ ਨੇ ਇਨ੍ਹਾਂ ਮੂਲ ਸ਼ਬਦਾਂ ਤੋਂ ਹੀ ਅੱਗੋਂ ਨਵੇਂ ਸ਼ਬਦ ਘੜੇ ਹਨ। ਅੰਗਰੇਜ਼ੀ ਭਾਸ਼ਾਈ ਵਿਦਵਾਨਾਂ ਦਾ ਵੀ ਅੰਗਰੇਜ਼ੀ ਦੀ ਅਮੀਰੀ ਬਨਾਉਣ ਵਿੱਚ ਬਸ ਇੰਨਾ ਕੁ ਯੋਗਦਾਨ ਹੈ। ਪਿੰਡ ਦੇ ਕਿਸੇ ਖੁੰਢ ‘ਤੇ ਸਿਰਫ਼ ਇਕ ਦਿਹਾੜੀ ਲਾਉਣ ਨਾਲ ਹੀ ਪਤਾ ਲੱਗ ਜਾਵੇਗਾ ਕਿ ਕਿਵੇਂ ਲੋਕ ਸ਼ਬਦ ਘੜ-ਘੜ ਸੱਟੀ ਜਾ ਰਹੇ ਹਨ। ਕਿਸੇ ਭਾਸ਼ਾ ਦੀ ਸਮਰੱਥਾ ਬਾਰੇ ਅਤੇ ਇਸ ਸਮਰੱਥਾ ‘ਤੇ ਕਿੰਤੂ ਕਰਨ ਵਾਲੇ ਨੂੰ ਇਹ ਟਿੱਪਣੀ ਬੜੀ ਹਲਕੀ ਜਿਹੀ ਲੱਗ ਸਕਦੀ ਹੈ ਪਰ ਥੋੜ੍ਹੀ ਦਿਮਾਗੀ ਖੇਚਲ ਨਾਲ ਹੀ ਇਸ ਦੀ ਗੰਭੀਰਤਾ ਦਾ ਅਹਿਸਾਸ ਹੋ ਜਾਵੇਗਾ। ਸ਼ਬਦਾਵਲੀ ਦੀ ਜਿਸ ਅਮੀਰੀ ਲਈ ਅੰਗਰੇਜ਼ੀ ਦੇ ਸਿਰ ‘ਤੇ ਤਾਜ ਰੱਖਿਆ ਜਾਂਦਾ ਹੈ ਇਹ ਅੰਗਰੇਜ਼ੀ ਵੱਲੋਂ ਮਾਰੀ ਡਕੈਤੀ ਦਾ ਨਤੀਜਾ ਹੈ। ਅੰਗਰੇਜ਼ੀ ਵਿਚਲੀ ਗਿਆਨ-ਵਿਗਿਆਨ ਦੀ ਲਗਭਗ ਸਾਰੀ ਸ਼ਬਦਾਵਲੀ ਲਾਤੀਨੀ ਅਤੇ ਫਰਾਂਸੀਸੀ ਮੂਲ ਦੀ ਹੈ। ਇਹ ਕੋਈ ਐਸੀ ਅਲੋਕਾਰ ਚੀਜ਼ ਵੀ ਨਹੀਂ ਹੈ ਜਿਹੜੀ ਹੋਰ ਭਾਸ਼ਾ ਵਿਚ ਨਾ ਮਿਲਦੀ ਹੋਵੇ। ਮਿਸਾਲ ਲਈ ਵਧੇਰੇ ਔਖਿਆਂ ਕਰਨ ਵਾਲੇ ਖੇਤਰ ਵੈਦਗੀ ਦੀ ਕੁਝ ਸ਼ਬਦਾਵਲੀ ਨੂੰ ਲਿਆ ਜਾ ਸਕਦਾ ਹੈ। ਮੈਂ ਵੈਦਗੀ ਦੀ ਇੱਕ ਕਿਤਾਬ ਅੱਖਾਂ ਬੰਦ ਕਰਦੇ ਖੋਲ੍ਹੀ ਹੈ। ਮੇਰੇ ਸਾਹਮਣੇ ਇਹ ਸ਼ਬਦ ਆਏ ਹਨ-Lipaemia, Liparia, Lipase, Lipamia, Lipid, Lipide, Lipodystrophia, Lipodystrophy, Lipoid, Lipolysis, Lipoma, Lipometosis. ਇਹ ਸ਼ਬਦ ਪੜ੍ਹ ਕੇ ਇੱਕ ਵਾਰ ਤਾਂ ਬੇਹੋਸ਼ੀ ਜਿਹੀ ਆਉਣ ਲੱਗਦੀ ਹੈ ਕਿ ਪੰਜਾਬੀ ‘ਚ ਵੈਦਗੀ (‘ਸੱਭਿਆ’ ਪੁਰਖ ਇਸ ਨੂੰ ਮੈਡੀਕਲ ਸਾਇੰਸ ਆਂਹਦੇ ਨੇ) ਪੜ੍ਹਾਉਣੀ ਪੈ ਗਈ ਤਾਂ ਸ਼ਬਦ ਕਿੱਥੋਂ ਲੱਭਣਗੇ। ਪਿਆਰੇ ਪੰਜਾਬੀ ਵੀਰੋ! ਨਾ ਘਬਰਾਓ। ਇਨ੍ਹਾਂ ਲਈ ਪੰਜਾਬੀ ਸ਼ਬਦ ਹੁਣੇ ਲਵੋ। ਇਹ ਸਾਰੇ ਲਿਪੀਏ-ਸ਼ਿਪੀਏ ਕੁਝ ਨਹੀਂ ਬੱਸ ਚਰਬੀ ਨਾਲ ਸਬੰਧਤ ਕੁਝ ਬਲਾਈਂ ਹਨ। ਇਨ੍ਹਾਂ ਲਈ ਪੰਜਾਬੀ ਸ਼ਬਦ ਤਰਤੀਬਵਾਰ ਇਹ ਹੋ ਸਕਦੇ ਹਨ: ਚਰਬੀ-ਰੱਤੀਆ (ਰੱਤ ਵਿਚ ਚਰਬੀ ਦਾ ਵਧ ਜਾਣਾ), ਚਰਬੀਬਹੁਲਤਾ (ਮੋਟੇ ਹੋ ਜਾਣਾ), ਚਰਬੀ-ਰਸ (ਚਰਬੀ ਪਚਾਉਣ ਵਾਲਾ ਇਕ ਰਸ), ਚਰਬੀ-ਰੱਤ (ਰੱਤ ਵਿਚ ਚਰਬੀ ਹੋਣਾ), ਚਰਬੀਲਾ (ਚਰਬੀ ਵਰਗਾ), ਚਰਬੀਲਾ (ਹੀ), ਚਰਬੀ-ਪਚਨ-ਦੋਸ਼ (ਚਰਬੀ ਦੇ ਪਚਨ ਵਿਚ ਮੁਸ਼ਕਲ), ਚਰਬੀ-ਪਚਨ-ਦੋਸ਼ (ਹੀ), ਚਰਬੀਲਾ (ਹੀ), ਚਰਬੀ-ਖੰਡਣ (ਚਰਬੀ ਦਾ ਰਸਾਇਣੀ ਵਿਘਟਨ), ਚਰਬੀ-ਗੰਢ (ਚਰਬੀ ਦੀ ਰਸੌਲੀ) ਅਤੇ ਗਰਬੀ-ਗੰਢੀਆ (ਚਰਬੀ ਦੀ ਗੰਢ ਬਣਨਾ)।
ਇਨ੍ਹਾਂ ਪੰਜਾਬੀ ਸ਼ਬਦਾਂ ਵਿਚ ਬੱਸ ਦੋ ਨੁਕਸ ਜ਼ਰੂਰ ਹਨ – ਇਕ ਤਾਂ ਇਹ ਝੱਟ ਸਮਝ ਆ ਜਾਂਦੇ ਹਨ ਤੇ ਦੂਜੇ ਇਹ ਸੁਣ ਕੇ ਕੰਨਾਂ ਵਿਚ ਗੁਲਾਮਦਾਰੀ ਘੰਟੀਆਂ ਨਹੀਂ ਵੱਜਦੀਆਂ ਜੋ Lipaemia Liparia ਆਦਿ ਨਾਲ ਵੱਜਦੀਆਂ ਹਨ। ਸੋ ਪੰਜਾਬੀ ਭਰਾਵੋ, ਦਾਸ ਦੀ ਸਨਿਮਰ ਬੇਨਤੀ ਹੈ ਕਿ ਅੰਗਰੇਜ਼ੀ ਨੂੰ ਜਿੰਨੀਆਂ ਚਾਹੋ ਜੱਫੀਆਂ ਪਾਓ ਪਰ ਰੱਬ ਵਾਸਤੇ ਪੰਜਾਬੀ ਮਾਂ-ਬੋਲੀ ਨੂੰ ਸਮਰੱਥਾ-ਗਾਲ੍ਹਾਂ ਨਾ ਕੱਢੋ। (ਨਾਚ ਨਾ ਜਾਣੇ ਵਿਹੜਾ ਵਿੰਗਾ। ਬਾਕੀ ਆਦਤਾਂ ਵਾਂਗ ਗੁਲਾਮ ਰਹਿਣ ਦੀ ਵੀ ਆਦਤ ਪੈ ਜਾਂਦੀ ਹੈ)
ਸਮੱਗਰੀ ਦਾ ਸਵਾਲ: ਅੰਗਰੇਜ਼ੀਵਾਦ ਦੇ ਹੱਕ ਵਿੱਚ ਇਕ ਹੋਰ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਅੰਗਰੇਜ਼ੀ ਮਾਧਿਅਮ ਵਿਚ ਇਸ ਲਈ ਪੜ੍ਹਾਇਆ ਜਾ ਰਿਹਾ ਹੈ ਕਿਉਂਕਿ ਪੰਜਾਬੀ ਵਿਚ ਵਿਗਿਆਨ ਦੀ ਪੜ੍ਹਾਈ ਲਈ ਪੁਸਤਕਾਂ ਆਦਿ ਨਹੀਂ ਹਨ। ਦਸਵੀਂ ਪੱਧਰ ਤੱਕ ਦੀ ਪੜ੍ਹਾਈ ਬਾਰੇ ਤਾਂ ਇਹ ਦਲੀਲ ਸਰਾਸਰ ਗਲਤ ਹੈ। 1980 ਤੱਕ ਦੋ-ਤਿੰਨ ਸਕੂਲਾਂ ਨੂੰ ਛੱਡ ਕੇ ਸਾਰੇ ਪੰਜਾਬ ਵਿਚ ਦਸਵੀਂ ਤੱਕ ਦੀ ਵਿਗਿਆਨ ਦੀ ਪੜ੍ਹਾਈ ਪੰਜਾਬੀ ਵਿਚ ਕਰਾਈ ਜਾਂਦੀ ਸੀ। ਸਰਕਾਰੀ ਸਕੂਲਾਂ ਵਿੱਚ ਹੁਣ ਵੀ ਇਸ ਪੱਧਰ ਦੀ ਵਿਗਿਆਨ ਦੀ ਪੜ੍ਹਾਈ ਪੰਜਾਬੀ ਵਿਚ ਹੀ ਕਰਾਈ ਜਾਂਦੀ ਹੈ। ਸੋ, ਇਸ ਪੱਧਰ ਦੀ ਸਮੱਗਰੀ ਦੀ ਅਣਹੋਂਦ ਨਹੀਂ ਕਹੀ ਜਾ ਸਕਦੀ। ਜੇ ਕਿਧਰੇ ਪੰਜਾਬੀ ਮਾਧਿਅਮ ਵਾਲੇ ਸਰਕਾਰੀ ਸਕੂਲਾਂ ਵਿਚ ਵੀ ਅੰਗਰੇਜ਼ੀ ਮਾਧਿਅਮ ਵਾਲੇ ਨਿਜੀ ਸਕੂਲਾਂ ਜਿੰਨੀ ਪੜ੍ਹਾਈ ਕਰਵਾਈ ਜਾਵੇ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਦੂਜੇ ਸਕੂਲਾਂ ਦੇ ਵਿਦਿਆਰਥੀਆਂ ਵਰਗੇ ਸਕੂਲੀ ਤੇ ਘਰੇਲੂ ਹਾਲਾਤ ਪ੍ਰਾਪਤ ਹੋ ਜਾਣ ਤਾਂ ਹੀ ਪਤਾ ਲੱਗੇਗਾ ਕਿ ਵਿਗਿਆਨ ਅੰਗਰੇਜ਼ੀ ਵਿੱਚ ਪੜ੍ਹਿਆਂ ਜ਼ਿਆਦਾ ਆਉਂਦਾ ਹੈ ਜਾਂ ਪੰਜਾਬੀ ਵਿੱਚ। ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਮਾਨਵ ਵਿਗਿਆਨਾਂ ਅਤੇ ਸਮਾਜ ਵਿਗਿਆਨਾਂ ਦੀ ਹਰ ਪੱਧਰ ਦੀ ਪੜ੍ਹਾਈ ਪੰਜਾਬੀ ਵਿਚ ਹੋ ਰਹੀ ਹੈ। ਕੀ ਇਨ੍ਹਾਂ ਵਿਗਿਆਨਾਂ ਦੇ ਸੰਕਲਪ ਦੂਜੇ ਵਿਗਿਆਨਾਂ ਨਾਲੋਂ ਸੌਖੇ ਹਨ ? ਬਲਕਿ ਗੱਲ ਇਸ ਦੇ ਉਲਟ ਹੈ। ਮਾਨਵ ਵਿਗਿਆਨਾਂ ਅਤੇ ਸਮਾਜ ਵਿਗਿਆਨਾਂ ਦੇ ਸੰਕਲਪ ਵਧੇਰੇ ਅਮੂਰਤ ਹੁੰਦੇ ਹਨ। ਜਿਸ ਭਾਸ਼ਾ ਕੋਲ ਅਮੂਰਤ ਸੰਕਲਪਾਂ ਲਈ ਸਮੱਗਰੀ ਅਤੇ ਸਮਰੱਥਾ ਹੈ ਉਸ ਲਈ ਬਾਕੀ ਵਿਗਿਆਨਾਂ ਦੇ ਮੂਰਤ ਸੰਕਲਪਾਂ ਲਈ ਤਾਂ ਰੱਤੀ ਭਰ ਵੀ ਮੁਸ਼ਕਲ ਨਹੀਂ ਹੋਣੀ ਚਾਹੀਦੀ। ਕਿਸੇ ਵੀ ਭਾਸ਼ਾ ਦੀ ਵਿਕਾਸ ਦੀ ਅਵਸਥਾ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾਂਦਾ ਹੈ ਕਿ ਉਸ ਵਿਚ ਅਮੂਰਤ ਸੰਕਲਪਾਂ ਦੇ ਪ੍ਰਗਟਾਵੇ ਲਈ ਸਮੱਗਰੀ ਪ੍ਰਾਪਤ ਹੈ ਜਾਂ ਨਹੀਂ। ਸੋ, ਜੇ ਸ਼ੁੱਧ ਵਿਗਿਆਨਾਂ ਅਤੇ ਤਕਨਾਲੋਜੀ ਜਿਹੇ ਵਿਸ਼ਿਆਂ ਲਈ ਪੰਜਾਬੀ ਵਿਚ ਉਚੇਰੀ ਸਿੱਖਿਆ ਲਈ ਸਮੱਗਰੀ ਦੀ ਘਾਟ ਹੈ ਤਾਂ ਇਹ ਵਿਗਿਆਨਾਂ ਦੇ ਮਾਹਿਰ ਪੰਜਾਬੀਆਂ ਦੀ ਮਾਂ ਬੋਲੀ ਪ੍ਰਤੀ ਸੁਹਿਰਦਤਾ ਦੀ ਘਾਟ ਕਰਕੇ ਹੈ ਨਾ ਕਿ ਪੰਜਾਬੀ ਭਾਸ਼ਾ ਦੀ ਸਮਰੱਥਾ ਕਰਕੇ। ਇਹ ਸਮੱਗਰੀ ਪੈਦਾ ਕਰਨੀ ਕੋਈ ਔਖਾ ਕੰਮ ਵੀ ਨਹੀਂ ਹੈ। ਸਿਰਫ਼ ਪੰਜਾਬ ਸਰਕਾਰ ਦੇ ਇਕ ਐਲਾਨ ਦੀ ਜ਼ਰੂਰਤ ਹੈ ਕਿ ਦੋ-ਤਿੰਨ ਸਾਲਾਂ ਬਾਅਦ ਪੰਜਾਬ ਵਿੱਚ ਹਰ ਪੱਧਰ ਦੀ ਸਿੱਖਿਆ ਪੰਜਾਬੀ ਵਿਚ ਹੋਵੇਗੀ। ਉਚੇਰੀ ਸਿੱਖਿਆ ਦੇ ਸਭ ਵਿਸ਼ਿਆਂ ਦੀ ਸਮੱਗਰੀ ਕਿਤਾਬਾਂ ਛਾਪਣ ਵਾਲੇ ਵੀਰ ਸਮੇਂ ਤੋਂ ਪਹਿਲਾਂ ਹੀ ਤਿਆਰ ਕਰਵਾ ਦੇਣਗੇ। ਭਾਸ਼ਾ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਦੋ ਦਰਜਨ ਤੋਂ ਵੱਧ ਵਿਸ਼ਿਆਂ ਦੀਆਂ ਤਕਨੀਕੀ ਸ਼ਬਦਾਵਲੀਆਂ ਪਹਿਲਾਂ ਹੀ ਤਿਆਰ ਕਰਵਾ ਚੁੱਕੇ ਹਨ। ਸੋ, ਸਮੱਗਰੀ ਦੀ ਸਮੱਸਿਆ ਏਨੀ ਵੱਡੀ ਨਹੀਂ ਜਿੰਨੀ ਨੀਤੀ ਅਤੇ ਨੀਤ ਦੀ ਹੈ। ਇਹ ਸਮੱਗਰੀ ਪੰਜਾਬੀਆਂ ਲਈ ਅਮਰੀਕਾ ਤੋਂ ਨਹੀਂ ਆਉਣੀ, ਇਹ ਪੰਜਾਬੀਆਂ ਨੇ ਆਪ ਤਿਆਰ ਕਰਨੀ ਹੈ ਅਤੇ ਇਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਪੰਜਾਬ ਸਰਕਾਰ, ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਹੈ। ਸੋ, ਪੰਜਾਬ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੂੰ ਵੀ ਪੰਜਾਬੀ ਯੂਨੀਵਰਸਿਟੀ ਵਾਂਗ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਸਾਹਿਬਾਨ ਦੇ ਪਿਛਲੇ ਕੁਝ ਸਮੇਂ ਤੋਂ ਦਿੱਤੇ ਜਾ ਰਹੇ ਬਿਆਨ ਆਸ ਦੀ ਕਿਰਣ ਜਗਾਉਂਦੇ ਹਨ।
ਚੰਗੀ ਅੰਗਰੇਜ਼ੀ ਕਿਵੇਂ ਆਵੇ: ਮੈਂ ਇਸ ਵਿਚਾਰ ਦਾ ਬਿਲਕੁਲ ਕਾਇਲ ਨਹੀਂ ਹਾਂ ਕਿ ਅੰਗਰੇਜ਼ੀ ਦੀ ਜਾਣਕਾਰੀ ਸਵਰਗਦੁਆਰ ਦੀ ਕੁੰਜੀ ਹੈ। ਅੰਗਰੇਜ਼ੀ ਨਾਲ ਜੁੜੇ ਲਾਭ ਭਾਰਤ ਦੀਆਂ ਸਰਕਾਰਾਂ ਦੀਆਂ ਮਾਤ-ਭਾਸ਼ਾ ਮਾਰੂ ਅਤੇ ਸਿੱਖਿਆ-ਮਾਰੂ ਨੀਤੀਆਂ ਕਰਕੇ ਹਨ। ਇਨ੍ਹਾਂ ਲਾਭਾਂ ਦੇ ਲਾਲਚਵੱਸ ਸਾਡੀ ਸਿੱਖਿਆ ਅਤੇ ਭਾਸ਼ਾਵਾਂ ‘ਤੇ ਅੰਗਰੇਜ਼ੀ ਭਾਸ਼ਾ ਦਾ ਗਲਬਾ ਪੈ ਚੁੱਕਾ ਹੈ। ਇਹ ਗਲਬਾ ਸਾਡੀ ਸਿੱਖਿਆ ਅਤੇ ਭਾਸ਼ਾਵਾਂ ਦੀ ਤਬਾਹੀ ਕਰੀ ਜਾ ਰਿਹਾ ਹੈ। ਇਸ ਦੇ ਭਿਆਨਕ ਸਿੱਖਿਆਵੀ, ਭਾਸ਼ਾਈ ਅਤੇ ਸਮਾਜਿਕ ਸਿੱਟੇ ਨੇੜ ਭਵਿੱਖ ਵਿਚ ਹੀ ਹਰੇਕ ਨੂੰ ਦਿੱਸ ਜਾਣ ਵਾਲੇ ਹਨ। ਇਹ ਹੋਰ ਵੀ ਮੰਦ-ਭਾਗੀ ਗੱਲ ਹੈ ਕਿ ਅੰਗਰੇਜ਼ੀ ਮਾਧਿਅਮ ਸਿੱਖਿਆ ਪ੍ਰਣਾਲੀ ਅੰਗਰੇਜ਼ੀ ਦੀ ਮੁਹਾਰਤ ਲਈ ਵੀ ਉਚਿਤ ਨਹੀਂ ਹੈ ਪਰ ਫਿਰ ਵੀ ਵਧਦੀ ਜਾ ਰਹੀ ਹੈ। ਮੈਂ ਪਿਛਲੇ ਦਸ ਸਾਲਾਂ ਤੋਂ ਆਪਣੇ ਬਹੁਤ ਸਾਰੇ ਲੇਖਾਂ ਵਿੱਚ ਦੂਜੀ ਭਾਸ਼ਾ ਸਿੱਖਣ ਸਬੰਧੀ ਦੁਨੀਆਂ ਭਰ ਵਿਚ ਹੋਈ ਖੋਜ ਦੇ ਨਤੀਜੇ ਪੰਜਾਬੀ ਪਾਠਕਾਂ ਦੇ ਸਾਹਮਣੇ ਲਿਆ ਚੁੱਕਾ ਹਾਂ। ਇਸ ਲਈ ਬਹੁਤੇ ਵਿਸਤਾਰ ਵਿੱਚ ਨਾ ਜਾਂਦਾ ਹੋਇਆ ਵਿਦੇਸ਼ੀ ਭਾਸ਼ਾ ਸਿੱਖਣ ਦੀ ਉਚਿਤ ਵਿਧੀ ਸਬੰਧੀ ਯੂਨੈਸਕੋ ਦੀ 2008 ਵਿਚ ਛਪੀ ਕਿਤਾਬ ਇੰਪਰੂਵਮੈਂਟ ਇਨ ਦਾ ਮਦਰ ਟੰਗ ਬੇਸਡ ਲਿਟਰੇਸੀ ਐਂਡ ਲਰਨਿੰਗ’ ਵਿਚੋਂ ਹੇਠਲੀ ਟੂਕ ਦੇਣੀ ਕਾਫ਼ੀ ਸਮਝਦਾ ਹਾਂ :
ਸਾਡੇ ਰਾਹ ਵਿਚ ਵੱਡੀ ਰੁਕਾਵਟ ਭਾਸ਼ਾ ਅਤੇ ਸਿੱਖਿਆ ਬਾਰੇ ਕੁਝ ਅੰਧ-ਵਿਸ਼ਵਾਸ ਹਨ ਅਤੇ ਲੋਕਾਂ ਦੀਆਂ ਅੱਖਾਂ ਖੋਲ੍ਹਣ ਲਈ ਇਨ੍ਹਾਂ ਅੰਧ-ਵਿਸ਼ਵਾਸਾਂ ਦਾ ਭਾਂਡਾ ਭੰਨਣਾ ਚਾਹੀਦਾ ਹੈ। ਅਜਿਹਾ ਹੀ ਇਕ ਅੰਧ-ਵਿਸ਼ਵਾਸ ਇਹ ਹੈ ਕਿ ਦੂਜੀ (ਵਿਦੇਸ਼ੀ) ਭਾਸ਼ਾ ਸਿੱਖਣ ਦਾ ਵਧੀਆ ਤਰੀਕਾ ਇਸ ਦੀ ਪੜ੍ਹਾਈ ਦੇ ਮਾਧਿਅਮ ਵਜੋਂ ਵਰਤੋਂ ਹੈ। (ਅਸਲ ਵਿਚ, ਹੋਰ ਭਾਸ਼ਾ ਨੂੰ ਇਕ ਵਿਸ਼ੇ ਵਜੋਂ ਪੜ੍ਹਨਾ ਵਧੇਰੇ ਕਾਰਗਰ ਹੁੰਦਾ ਹੈ)।
ਦੂਜਾ ਅੰਧ-ਵਿਸ਼ਵਾਸ ਇਹ ਹੈ ਕਿ, ਦੂਜੀ ਭਾਸ਼ਾ ਸਿੱਖਣ ਲਈ ਜਿੰਨਾ ਛੇਤੀ ਸ਼ੁਰੂ ਕੀਤਾ ਜਾਏ ਓਨਾ ਚੰਗਾ ਹੈ। (ਛੇਤੀ ਸ਼ੁਰੂ ਕਰਨ ਨਾਲ ਲਹਿਜਾ ਤਾਂ ਬਿਹਤਰ ਹੋ ਸਕਦਾ ਹੈ ਪਰ ਲਾਭ ਦੀ ਸਥਿਤੀ ਵਿਚ ਉਹ ਸਿੱਖਣ ਵਾਲਾ ਹੁੰਦਾ ਹੈ ਜੋ ਪਹਿਲੀ ਭਾਸ਼ਾ ‘ਤੇ ਚੰਗੀ ਮੁਹਾਰਤ ਹਾਸਲ ਕਰ ਚੁੱਕਿਆ ਹੋਵੇ)।
ਤੀਜਾ ਅੰਧ-ਵਿਸ਼ਵਾਸ ਇਹ ਹੈ ਕਿ ਮਾਤ-ਭਾਸ਼ਾ ਵਿਦੇਸ਼ੀ ਭਾਸ਼ਾ ਸਿੱਖਣ ਦੇ ਰਾਹ ਵਿਚ ਰੁਕਾਵਟ ਹੈ। (ਮਾਤ-ਭਾਸ਼ਾ ਵਿਚ ਮਜ਼ਬੂਤ ਨੀਂਹ ਨਾਲ ਵਿਦੇਸ਼ੀ ਭਾਸ਼ਾ ਬਿਹਤਰ ਸਿੱਖੀ ਜਾਂਦੀ ਹੈ)।
ਸਪਸ਼ਟ ਹੈ ਕਿ ਇਹ ਅੰਧ-ਵਿਸ਼ਵਾਸ ਹਨ ‘ਤੇ ਅਸਲੀਅਤ ਨਹੀਂ ਪਰ ਫਿਰ ਵੀ ਇਹ ਨੀਤੀਘਾੜਿਆਂ ਦੀ ਇਸ ਸੁਆਲ ‘ਤੇ ਅਗਵਾਈ ਕਰਦੇ ਹਨ ਕਿ ਭਾਰੂ ਭਾਸ਼ਾ ਕਿਵੇਂ ਸਿੱਖੀ ਜਾਵੇ।”(ਪੰਨਾ 12)
ਉਪਰੋਕਤ ਟਿੱਪਣੀ ਖੁੱਲ੍ਹੀ ਮੰਡੀ ਅਤੇ ਅੰਗਰੇਜ਼ੀਵਾਦ ਦੇ ਵੱਡੇ ਮੁੱਦਈ ਵਿਸ਼ਵ ਬੈਂਕ ਵੱਲੋਂ ਦਿੱਤੀ ਵਿੱਤੀ ਸਹਾਇਤਾ ਨਾਲ 12 ਮੁਲਕਾਂ ਵਿੱਚ ਕੀਤੇ ਅਧਿਐਨ ਦੇ ਨਤੀਜੇ ਵਿੱਚੋਂ ਹੈ। ਇਨ੍ਹਾਂ ਮੁਲਕਾਂ ਵਿਚ ਭਾਰਤ ਵੀ ਸ਼ਾਮਲ ਹੈ।
ਸੋ, ਪੰਜਾਬ ਦੀ ਸਿੱਖਿਆ ਦੀ ਸਫ਼ਲਤਾ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਿਚਾਰ ਦਾ ਇਹ ਮੁੱਦਾ ਨਹੀਂ ਹੋਣਾ ਚਾਹੀਦਾ ਕਿ ਉਚੇਰੀ ਸਿੱਖਿਆ ਵਿਚ ਪੰਜਾਬੀ ਪੜ੍ਹਾਈ ਜਾਵੇ ਜਾਂ ਨਾ। ਮੁੱਦਾ ਇਹ ਹੋਣਾ ਚਾਹੀਦਾ ਹੈ ਕਿ ਪੰਜਾਬ ਦੀ ਸਾਰੀ ਸਿੱਖਿਆ ਪੰਜਾਬੀ ਮਾਧਿਅਮ ਵਿੱਚ ਛੇਤੀ ਤੋਂ ਛੇਤੀ ਕਿਵੇਂ ਕੀਤੀ ਜਾਵੇ। ਜੇ ਕੋਈ ਵਿਦਵਾਨ ਇਹ ਕਹਿੰਦਾ ਹੈ ਕਿ ਉਹ ਅੰਗਰੇਜ਼ੀ ਮਾਧਿਅਮ ਵਿਚ ਪੜ੍ਹਾਉਣ ਦਾ ਵਿਰੋਧ ਨਹੀਂ ਕਰਦਾ ਪਰ ਪੰਜਾਬੀ ਦੇ ਵਿਕਾਸ ਦੀ ਗੱਲ ਕਰਦਾ ਹੈ ਤਾਂ ਅਸਲ ਵਿਚ ਉਹ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਅਤੇ ਪੰਜਾਬ ਦੀ ਸਿੱਖਿਆ ਦੀ ਕੋਈ ਵਕਾਲਤ ਨਹੀਂ ਕਰ ਰਿਹਾ ਹੁੰਦਾ। ਉਹ ਉਸ ਸਾਰੇ ਰੁਝਾਨ ਦੀ ਵਕਾਲਤ ਹੀ ਕਰ ਰਿਹਾ ਹੁੰਦਾ ਹੈ ਜੋ ਪੰਜਾਬੀ ਭਾਸ਼ਾ ਨੂੰ, ਪੰਜਾਬ ਦੀ ਸਿੱਖਿਆ ਨੂੰ, ਅੰਗਰੇਜ਼ੀ ਭਾਸ਼ਾ ‘ਤੇ ਮੁਹਾਰਤ ਪ੍ਰਾਪਤ ਕਰਨ ਦੇ ਸਹੀ ਅਮਲ ਨੂੰ ਅਤੇ ਪੰਜਾਬ ਦੇ ਸਭਿਆਚਾਰ ਅਤੇ ਸਮਾਜਕ ਤਾਣੇ ਬਾਣੇ ਨੂੰ ਤਹਿਸ ਨਹਿਸ ਕਰ ਰਿਹਾ ਹੈ।