ਚੰਡੀਗੜ੍ਹ: ਪਿਛਲੇ ਸਾਲ 10 ਨਵੰਬਰ ਨੂੰ ਪਿੰਡ ਚੱਬਾ ਵਿਖੇ ਚੁਣੇ ਗਏ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੱਲ੍ਹ ਵੀਰਵਾਰ ਪੰਥਕ ਧਿਰਾਂ ਦੀ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਜੇਕਰ ਬਾਦਲ ਸਰਕਾਰ ਨੇ ਮੁੜ 8 ਦਸੰਬਰ ਨੂੰ “ਸਰਬੱਤ ਖ਼ਾਲਸਾ” ਨਾ ਹੋਣ ਦਿੱਤਾ ਤਾਂ ਪੰਜਾਬ ਨੂੰ ਜਾਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 8 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਵਿੱਚ ਹੋ ਰਹੀ ਰੈਲੀ ਤਾਂ ਮੁਲਤਵੀ ਹੋ ਸਕਦੀ ਹੈ ਪਰ ਇਸੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ “ਸਰਬੱਤ ਖ਼ਾਲਸਾ” ਹੋ ਕੇ ਹੀ ਰਹੇਗਾ। ਭਾਈ ਮੰਡ ਅਤੇ ਭਾਈ ਦਾਦੂਵਾਲ ਨੇ ਯੂਨਾਈਟਿਡ ਅਕਾਲੀ ਦਲ, ਸ਼ੋ੍ਮਣੀ ਅਕਾਲੀ ਦਲ (ਅੰਮ੍ਰਿਤਸਰ), ਅਖੰਡ ਅਕਾਲੀ ਦਲ ਅਤੇ ਹੋਰ ਸਿਆਸੀ ਧਿਰਾਂ ਦੀ ਮੀਟਿੰਗ ਕਰਕੇ 8 ਦਸੰਬਰ ਨੂੰ ਕੀਤੇ ਜਾ ਰਹੇ “ਸਰਬੱਤ ਖ਼ਾਲਸਾ” ਨੂੰ ਅੰਤਿਮ ਰੂਪ ਦਿੱਤਾ।
ਭਾਈ ਮੰਡ ਅਤੇ ਭਾਈ ਦਾਦੂਵਾਲ ਨੇ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਸਰਕਾਰ “ਸਰਬੱਤ ਖ਼ਾਲਸਾ” ਨੂੰ ਗਲਤ ਰੰਗਤ ਦੇ ਕੇ ਜਬਰ-ਜ਼ੁਲਮ ਦੇ ਰਾਹ ਪਈ ਹੈ। ਉਨ੍ਹਾਂ ਪਹਿਲਾਂ 10 ਨਵੰਬਰ ਨੂੰ ਸੱਦੇ “ਸਰਬੱਤ ਖ਼ਾਲਸਾ” ਨੂੰ ਸਰਕਾਰ ਵੱਲੋਂ ਪ੍ਰਵਾਨਗੀ ਨਾ ਦੇਣ ਕਾਰਨ ਸੂਬੇ ਦੀ ਸ਼ਾਂਤੀ ਲਈ ਮੁਲਤਵੀ ਕਰ ਦਿੱਤਾ ਸੀ ਪਰ ਇਸ ਵਾਰ “ਸਰਬੱਤ ਖ਼ਾਲਸਾ” ਹਰ ਹਾਲਤ ਵਿੱਚ ਹੋ ਕੇ ਰਹੇਗਾ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਵਿੱਚ “ਸਰਬੱਤ ਖ਼ਾਲਸਾ” ਲਈ ਭਾਰੀ ਜੋਸ਼ ਅਤੇ ਸਰਕਾਰ ਪ੍ਰਤੀ ਰੋਹ ਹੈ। ਇਸ ਲਈ ਜੇਕਰ ਬਾਦਲ ਸਰਕਾਰ ਨੇ ਮੁੜ ਇਕੱਠ ਨੂੰ ਰੋਕਣ ਦਾ ਯਤਨ ਕੀਤਾ ਤਾਂ ਸਿੱਖ ਸੰਗਤ ਸਾਰੇ ਪੰਜਾਬ ਨੂੰ ਜਾਮ ਕਰ ਦੇਵੇਗੀ ਅਤੇ ਹਾਲਾਤ ਖ਼ਰਾਬ ਹੋਣ ਦੀ ਸੂਰਤ ਵਿੱਚ ਖੁਦ ਸਰਕਾਰ ਜ਼ਿੰਮੇਵਾਰ ਹੋਵੇਗੀ।
ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੂੰ ਦੇਸ਼ ਧ੍ਰੋਹ ਦੇ ਕੇਸਾਂ ਵਿੱਚ ਜੇਲ੍ਹਾਂ ’ਚ ਡੱਕਿਆ ਜਾ ਰਿਹਾ ਹੈ ਜਦਕਿ ਸਵਾ ਸਾਲ ਦੌਰਾਨ 87 ਥਾਵਾਂ ’ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਅਤੇ ਇਸ ਮੁੱਦੇ ’ਤੇ ਸ਼ਹੀਦ ਹੋਏ ਦੋ ਸਿੱਖਾਂ ਦੇ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ। ਸਰਕਾਰ ਕਮਿਸ਼ਨਾਂ ਦੀਆਂ ਰਿਪੋਰਟਾਂ ਆਉਣ ਦੇ ਬਾਵਜੂਦ ਇਹ ਪਤਾ ਲਾਉਣ ਤੋਂ ਫੇਲ੍ਹ ਰਹੀ ਹੈ ਕਿ ਕਿਹੜੀਆਂ ਤਾਕਤਾਂ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪਹੁੰਚਾ ਰਹੀਆਂ ਹਨ। ਉਹ ਸਿੱਖ ਧਰਮ ਦੇ ਤਖ਼ਤਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੂੰ ਆਜ਼ਾਦ ਕਰਵਾਉਣ ਅਤੇ ਪੰਥਕ ਏਕਤਾ ਲਈ “ਸਰਬੱਤ ਖ਼ਾਲਸਾ” ਸੱਦ ਰਹੇ ਹਨ। ਉਨ੍ਹਾਂ ਸਪੱਸ਼ਟ ਸੰਕੇਤ ਦਿੱਤਾ ਕਿ 8 ਦਸੰਬਰ ਦੇ ਉਹ ਸਿੱਖ ਕੌਮ ਨੂੰ ਸਿਆਸੀ ਤੌਰ ’ਤੇ ਵੀ ਕੋਈ ਸੰਦੇਸ਼ ਦੇਣਗੇ।