ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਮਲੋਟ ’ਚ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਸਮੇਂ

ਸਿਆਸੀ ਖਬਰਾਂ

ਪੰਜਾਬ ਚੋਣਾਂ 2017: ਬਾਦਲ, ਮਜੀਠੀਆ, ਰਾਣਾ ਸੋਢੀ, ਰਾਜਾ ਵੜਿੰਗ ਅਤੇ ਇਯਾਲੀ ਸਣੇ 25 ਉਮੀਦਵਾਰਾਂ ਨੇ ਪਰਚੇ ਭਰੇ

By ਸਿੱਖ ਸਿਆਸਤ ਬਿਊਰੋ

January 13, 2017

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਦੂਜੇ ਦਿਨ 12 ਜਨਵਰੀ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਸਾਬਕਾ ਵਿੱਤ ਮੰਤਰੀ ਤੇ ਕਾਂਗਰਸੀ ਆਗੂ ਮਨਪ੍ਰੀਤ ਬਾਦਲ ਸਮੇਤ 25 ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕੀਤੇ ਹਨ।

ਬਾਦਲ ਦਲ ਦੇ ਬਿਕਰਮ ਮਜੀਠੀਆ, ਕਾਂਗਰਸ ਦੇ ਰਾਣਾ ਗੁਰਮੀਤ ਸਿੰਘ ਸੋਢੀ, ਅਮਰਿੰਦਰ ਰਾਜਾ ਵੜਿੰਗ, ਬਾਦਲ ਦਲ ਦੇ ਮਨਤਾਰ ਸਿੰਘ ਬਰਾੜ ਨੇ ਵੀ ਪਰਚੇ ਭਰੇ ਹਨ। ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਆਪਣੇ ਸਹੁਰਾ ਪ੍ਰਕਾਸ਼ ਸਿੰਘ ਬਾਦਲ ਅਤੇ ਪਤੀ ਸੁਖਬੀਰ ਬਾਦਲ ਦੋਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ ਹਨ।

ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਬੁਲਾਰੇ ਅਨੁਸਾਰ ਜਿਨ੍ਹਾਂ ਸਿਆਸੀ ਆਗੂਆਂ ਨੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ, ਉਨ੍ਹਾਂ ਵਿਚ ਮਜੀਠਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ, ਬਠਿੰਡਾ ਸ਼ਹਿਰੀ ਤੋਂ ਮਨਪ੍ਰੀਤ ਬਾਦਲ (ਕਾਂਗਰਸ), ਮਾਨਸਾ ਤੋਂ ਭੁਪਿੰਦਰ ਸਿੰਘ (ਬਸਪਾ) ਤੇ ਰਣਜੀਤ ਸਿੰਘ (ਸੀਪੀਆਈ ਐਮਐਲ), ਸਰਦੂਲਗੜ੍ਹ ਤੋਂ ਸੁਰਜੀਤ ਸਿੰਘ (ਸੀਪੀਆਈ ਐਮਐਲ), ਮਹਿਲ ਕਲਾਂ ਤੋਂ ਮੱਖਣ ਸਿੰਘ ਤੇ ਸੁਰਿੰਦਰ ਕੌਰ (ਦੋਵੇਂ ਬਸਪਾ), ਪਟਿਆਲਾ ਦਿਹਾਤੀ ਤੋਂ ਸਤਬੀਰ ਸਿੰਘ ਖੱਟੜਾ (ਅਕਾਲੀ ਦਲ) ਤੇ ਜਸਬੀਰ ਕੌਰ (ਲੋਕ ਜਨਸ਼ਕਤੀ ਪਾਰਟੀ), ਕਰਤਾਰਪੁਰ ਤੋਂ ਕਸ਼ਮੀਰ ਸਿੰਘ (ਆਜ਼ਾਦ), ਗੁਰੂ ਹਰਸਹਾਏ ਤੋਂ ਰਾਣਾ ਗੁਰਮੀਤ ਸਿੰਘ ਸੋਢੀ (ਕਾਂਗਰਸ), ਜਲਾਲਾਬਾਦ ਤੋਂ ਸੁਖਬੀਰ ਬਾਦਲ, ਕੋਟਕਪੂਰਾ ਤੋਂ ਅਵਤਾਰ ਕ੍ਰਿਸ਼ਨ ਤੇ ਕਿਸ਼ੋਰੀ ਲਾਲ (ਦੋਵੇਂ ਬਸਪਾ) ਤੇ ਮਨਤਾਰ ਸਿੰਘ ਬਰਾੜ (ਅਕਾਲੀ ਦਲ), ਗੜ੍ਹਸ਼ੰਕਰ ਤੋਂ ਹਰਭਜਨ ਸਿੰਘ (ਸੀਪੀਆਈ), ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ, ਗਿੱਦੜਬਾਹਾ ਤੋਂ ਹਰਦੀਪ ਸਿੰਘ ਤੇ ਹਰਜੀਤ ਕੌਰ (ਦੋਵੇਂ ਅਕਾਲੀ ਦਲ) ਤੇ ਅਮਰਿੰਦਰ ਸਿੰਘ ਉਰਫ ਰਾਜਾ ਵੜਿੰਗ (ਕਾਂਗਰਸ) ਅਤੇ ਦਾਖਾ ਤੋਂ ਮਨਪ੍ਰੀਤ ਸਿੰਘ ਇਯਾਲੀ ਤੇ ਹਰਕਿੰਦਰ ਸਿੰਘ (ਦੋਵੇਂ ਅਕਾਲੀ ਦਲ) ਅਤੇ ਖਰੜ ਤੋਂ ਹਰਭਜਨ ਸਿੰਘ (ਬਸਪਾ) ਸ਼ਾਮਲ ਹਨ। ਵਿਧਾਨ ਸਭਾ ਦੀਆਂ 117 ਸੀਟਾਂ ਅਤੇ ਅੰਮ੍ਰਿਤਸਰ ਲੋਕ ਸਭਾ ਦੀ ਉਪ ਚੋਣ ਲਈ 18 ਜਨਵਰੀ ਤੱਕ ਕਾਗ਼ਜ਼ ਦਾਖ਼ਲ ਕੀਤੇ ਜਾ ਸਕਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: