ਮਹਿਰੌਲੀ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ (ਫਾਈਲ ਫੋਟੋ)

ਸਿਆਸੀ ਖਬਰਾਂ

ਪੁਲਿਸ ਦੀ ਜਾਂਚ ਵਿਚ ਮਲੇਰਕੋਟਲਾ ਵਿਖੇ ਕੁਰਾਨ ਬੇਅਦਬੀ ਵਿਚ ਦਿੱਲੀ ਦੇ ‘ਆਪ’ ਵਿਧਾਇਕ ਯਾਦਵ ਦਾ ਨਾਂ ਆਇਆ

By ਸਿੱਖ ਸਿਆਸਤ ਬਿਊਰੋ

July 03, 2016

ਚੰਡੀਗੜ੍ਹ: ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ਼ ਦੀ ਬੇਅਦਬੀ ਦੀ ਘਟਨਾ ਵਿਚ ਗ੍ਰਿਫਤਾਰ ਦੋ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਸਨਸਨੀਖੇਜ਼ ਸੱਚ ਸਾਹਮਣੇ ਆਏ ਹਨ, ਜਿਸ ਨਾਲ ਇਸ ਘਟਨਾ ਪਿੱਛੇ ਸਿਆਸੀ ਸਾਜ਼ਿਸ਼ ਤੋਂ ਇਲਾਵਾ ਰਾਜ ਵਿਚ ਧਾਰਮਿਕ ਪੁਸਤਕਾਂ ਦੀ ਹੋਈ ਬੇਹੁਰਮਤੀ ਦੀਆਂ ਦੂਜੀਆਂ ਘਟਨਾਵਾਂ ਦੇ ਵੀ ਤਾਰ ਇਸ ਘਟਨਾ ਨਾਲ ਜੁੜੇ ਹੋਣ ਦਾ ਵੀ ਸ਼ੱਕ ਪੈਦਾ ਹੋ ਗਿਆ ਹੈ। ਇਸ ਘਟਨਾ ਨਾਲ ਸਬੰਧਿਤ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁੱਖ ਦੋਸ਼ੀ ਵਿਜੇ ਗਰਗ ਅਤੇ ਗੌਰਵ ਉਰਫ਼ ਗੋਲਡੀ (ਦੀਨਾਨਗਰ) ਜਿਨ੍ਹਾਂ ਨੂੰ 27 ਜੂਨ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ 24 ਜੂਨ ਨੂੰ ਵਾਰਦਾਤ ਕਰਨ ਤੋਂ ਪਹਿਲਾਂ ਉਨ੍ਹਾਂ ਸਵੇਰੇ ਦਿੱਲੀ ਵਿਖੇ ਇਕ ਵਿਧਾਇਕ ਨਰੇਸ਼ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਉਸ ਨਾਲ ਉਕਤ ਘਟਨਾ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਪੁਲਿਸ ਵੱਲੋਂ ਵਿਜੇ ਗਰਗ ਦੇ ਕੋਈ 8 ਮੋਬਾਈਲ ਫ਼ੋਨ ਅਤੇ ਐਪਲ ਦਾ ਇਕ ਲੈਪਟਾਪ ਹੁਣ ਤੱਕ ਪਤਾ ਲਗਾਇਆ ਗਿਆ ਹੈ ਜੋ ਕਿ ਮਾਹਿਰਾਂ ਨੂੰ ਇਨ੍ਹਾਂ ਵਿਚਲਾ ਰਿਕਾਰਡ ਫਰੋਲਣ ਲਈ ਦਿੱਤੇ ਗਏ ਹਨ ਲੇਕਿਨ ਪੁਲਿਸ ਵੱਲੋਂ ਦਿੱਲੀ ਦੇ ਵਿਧਾਇਕ ਯਾਦਵ ਨਾਲ ਉਨ੍ਹਾਂ ਦੀਆਂ ਕੁੱਝ ਟੈਲੀਫ਼ੋਨ ਗੱਲਾਂ ਬਾਤਾਂ ਦੀ ਪੁਸ਼ਟੀ ਕਰ ਲਈ ਗਈ ਹੈ। ਪੁੱਛਗਿੱਛ ਦੌਰਾਨ ਦੋਵਾਂ ਦੋਸ਼ੀਆਂ ਨੇ ਇਹ ਵੀ ਇੰਕਸ਼ਾਫ਼ ਕੀਤਾ ਹੈ ਕਿ ਉਕਤ ਵਿਧਾਇਕ ਵੱਲੋਂ ਉਨ੍ਹਾਂ ਨੂੰ ਇਸ ਘਟਨਾ ਨੂੰ ਅੰਜਾਮ ਦੇਣ ਬਦਲੇ ਇਕ ਕਰੋੜ ਰੁਪਿਆ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ।

ਸੂਚਨਾ ਅਨੁਸਾਰ ਪੁਲਿਸ ਵੱਲੋਂ ਉਕਤ ਦੋਵਾਂ ਦੋਸ਼ੀਆਂ ਦੇ ਸਵੇਰੇ ਦਿੱਲੀ ਤੋਂ ਮਲੇਰਕੋਟਲਾ ਆਉਣ ਮੌਕੇ ਰਸਤੇ ਵਿਚ ਜਿਨ੍ਹਾਂ ਟੋਲ ਪਲਾਜ਼ਿਆਂ ਤੋਂ ਪਰਚੀਆਂ ਲਈਆਂ ਗਈਆਂ ਉੱਥੋਂ ਵੀਡੀਓ ਫੁਟੇਜ ਅਤੇ ਟੋਲ ਪਰਚੀਆਂ ਦਾ ਰਿਕਾਰਡ ਵੀ ਪ੍ਰਾਪਤ ਕਰ ਲਿਆ ਗਿਆ ਹੈ ਅਤੇ ਮਲੇਰਕੋਟਲਾ ਵਿਖੇ ਆ ਕੇ ਉਨ੍ਹਾਂ ਵੱਲੋਂ ਜਿਸ ਪਾਰਕਿੰਗ ਵਿਚ ਗੱਡੀ ਖੜ੍ਹੀ ਕੀਤੀ ਗਈ ਉਸ ਤੋਂ ਵੀ ਲੋੜੀਂਦਾ ਰਿਕਾਰਡ ਤੇ ਵੀਡੀਓ ਫੁਟੇਜ ਲੈ ਲਈ ਗਈ ਹੈ। ਘਟਨਾ ਨੂੰ ਅੰਜਾਮ ਦੇਣ ਮੌਕੇ ਵਰਤੇ ਗਏ ਦਸਤਾਨੇ ਜਿਸ ਥਾਂ ਤੋਂ ਖ਼ਰੀਦੇ ਗਏ ਉਸ ਤੋਂ ਵੀ ਉਨ੍ਹਾਂ ਦੀ ਵੀਡੀਓ ਫੁਟੇਜ ਮਿਲ ਗਈ ਹੈ।

ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਕਿ ਇਸ ਤੋਂ ਪਹਿਲਾਂ ਕੁਰਾਨ ਸ਼ਰੀਫ਼ ਦੀ ਬੇਹੁਰਮਤੀ ਵੀ ਇੱਕ ਘਟਨਾ ਨੂੰ ਵੀ ਉਹ ਗਾਜ਼ੀਆਬਾਦ ਵਿਚ ਵੀ ਅੰਜਾਮ ਦੇ ਚੁੱਕੇ ਹਨ। ਪੁਲਿਸ ਨੂੰ ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਮੁੱਖ ਦੋਸ਼ੀ ਵਿਜੇ ਗਰਗ ਕੋਲ 3 ਗੱਡੀਆਂ ਹਨ ਜਿਨ੍ਹਾਂ ਵਿਚੋਂ ਇਕ ਆਡੀ ਕਿਊ ਫਾਈਵ ਐਸ.ਯੂ.ਵੀ ਅਤੇ ਮਹਿੰਦਰਾ ਦੀ ਥਾਰ ਜੀਪ ਸ਼ਾਮਿਲ ਹੈ ਜੋ ਉਸ ਨੇ ਅੰਬਾਲਾ ਦੇ ਕਿਸੇ ਸੰਜੇ ਕੁਮਾਰ ਦੇ ਨਾਂਅ ‘ਤੇ ਖ਼ਰੀਦੀ ਹੋਈ ਹੈ।

ਬੀਤੇ ਦਿਨਾਂ ਦੌਰਾਨ ਉਸ ਨੇ ਨਿਊ ਚੰਡੀਗੜ੍ਹ ਵਿਖੇ ਇਕ ਫਲੈਟ ਵੀ ਖ਼ਰੀਦਿਆ ਹੈ ਲੇਕਿਨ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਉਸ ਕੋਲ ਪੈਸਾ ਕਿਥੋਂ ਆ ਰਿਹਾ ਸੀ ਪੁਲਿਸ ਉਸ ਦੀ ਜਾਂਚ ਕਰ ਰਹੀ ਹੈ। ਉਸ ਵੱਲੋਂ ਉਸ ਦੇ 2 ਫਲੈਟ ਦਿੱਲੀ ਵਿਚ ਵੀ ਦੱਸੇ ਗਏ ਹਨ।

ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਨਾਲ ਜਦੋਂ ਟੈਲੀਫ਼ੋਨ ‘ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਦੋਸ਼ੀਆਂ ਵੱਲੋਂ ਦਿੱਲੀ ਦੇ ਉਕਤ ਵਿਧਾਨਕਾਰ ਨਰੇਸ਼ ਯਾਦਵ ਦਾ ਨਾਮ ਲਿਆ ਗਿਆ ਹੈ ਅਤੇ ਪੁਲਿਸ ਇਸ ਸਬੰਧੀ ਲੋੜੀਂਦੇ ਸਬੂਤ ਇਕੱਠੇ ਕਰ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਯਾਦਵ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਲੋੜ ਮਹਿਸੂਸ ਕਰਨ ਤੇ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ।

ਉਨ੍ਹਾਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਮੁੱਖ ਦੋਸ਼ੀ ਵਿਜੇ ਗਰਗ ਵੱਲੋਂ ਘਟਨਾ ਨੂੰ ਅੰਜਾਮ ਦੇਣ ਲਈ ਇਕ ਕਰੋੜ ਰੁਪਿਆ ਯਾਦਵ ਵੱਲੋਂ ਦਿੱਤੇ ਜਾਣ ਦੀ ਗੱਲ ਕੀਤੀ ਹੈ। ਸੂਚਨਾ ਅਨੁਸਾਰ ਜਾਂਚ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਚਾਹਵਾਨ ਇੱਕ ਦੋ ਵਿਅਕਤੀ ਵੀ ਵਿਜੇ ਗਰਗ ਦੇ ਸੰਪਰਕ ਵਿਚ ਸਨ ਜਿਨ੍ਹਾਂ ਵਿਚੋਂ ਇਕ ਨੂੰ 28 ਜੂਨ ਨੂੰ ਨਰੇਸ਼ ਯਾਦਵ ਨਾਲ ਮਿਲਾਉਣਾ ਸੀ ਜਦੋਂ ਕਿ 27 ਤਰੀਕ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਕਾਰਨ ਉਕਤ ਮੀਟਿੰਗ ਨਹੀਂ ਹੋ ਸਕੀ। ਪੁੱਛਗਿੱਛ ਦੌਰਾਨ ਇਕ ਹੋਰ ਦਿਲਚਸਪ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਮੁੱਖ ਦੋਸ਼ੀ ਵੱਲੋਂ ਆਪਣੇ ਘਰ ਵਿਚ ਇਕ ਬੰਗਾਲ ਦੀ ਮੁਸਲਮਾਨ ਔਰਤ ਵੀ ਰੱਖੀ ਹੋਈ ਹੈ ਜਿਸ ਕੋਲ ਕੁਰਾਨ ਸ਼ਰੀਫ਼ ਹਮੇਸ਼ਾ ਹੁੰਦਾ ਹੈ ਅਤੇ ਇਹ ਔਰਤ ਕੁੱਝ ਸਮੇਂ ਤੋਂ ਵਿਜੇ ਗਰਗ ਨਾਲ ਰਹਿ ਰਹੀ ਹੈ। ਪੁਲਿਸ ਉਕਤ ਔਰਤ ਤੋਂ ਵੀ ਪੁੱਛਗਿੱਛ ਲਈ ਕਾਰਵਾਈ ਕਰ ਰਹੀ ਹੈ। 

ਇਲਾਜ ਲਈ ਰਜਿੰਦਰਾ ਹਸਪਤਾਲ ਲਿਆਂਦੇ ਮੁਲਜ਼ਮ ਵੱਲੋਂ ਖੁਲਾਸਾ

ਵਿਜੈ ਕੁਮਾਰ ਨੂੰ ਮੈਡੀਕਲ ਜਾਂਚ ਲਈ ਰਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ। ਜਿੱਥੇ ਕਰੀਬ 15-20 ਮਿੰਟਾਂ ਤੱਕ ਡਾਕਟਰਾਂ ਵੱਲੋਂ ਉਸ ਦੀ ਜਾਂਚ ਕੀਤੀ ਗਈ। ਇਸ ਮੌਕੇ ਹਸਪਤਾਲ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸਨੇ ਕਿਹਾ ਕਿ ਇਹ ਘਟਨਾ ਨੂੰ ਉਸਨੇ ਕਿਸੇ ਰਾਜਨੀਤਿਕ ਆਗੂ ਦੇ ਕਹਿਣ ‘ਤੇ ਅੰਜਾਮ ਦਿੱਤਾ ਹੈ ਜੋ ਕਿ ਦਿੱਲੀ ਨਾਲ ਸਬੰਧਤ ਹੈ। ਉਸ ਵੱਲੋਂ ਉਸ ਨੂੰ ਵੱਡਾ ਲਾਲਚ ਦਿੱਤਾ ਗਿਆ ਸੀ ਜਿਸ ਕਰਕੇ ਹੀ ਉਸ ਵੱਲੋਂ ਕੁਰਾਨ ਸ਼ਰੀਫ਼ ਦੀ ਬੇਅਦਬੀ ਕੀਤੀ ਗਈ। ਦੱਸਣਯੋਗ ਹੈ ਕਿ ਇਸ ਮਾਮਲੇ ‘ਚ ਵਿਜੈ ਕੁਮਾਰ ਨੂੰ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਹੈ।

ਮਹਿਰੌਲੀ ਦੱਖਣ ਤੋਂ ‘ਆਪ’ ਦੇ ਵਿਧਾਇਕ ਨਰੇਸ਼ ਯਾਦਵ ਵਲੋਂ ਇਸ ਸਭ ਨੂੰ ਬਕਵਾਸ ਦੱਸਦੇ ਹੋਏ ਕਿਹਾ ਕਿ ਸਿਆਸਦਾਨ ਹੋਣ ਕਰਕੇ ਬਹੁਤ ਸਾਰੇ ਲੋਕ ਮੇਰੇ ਸੰਪਰਕ ਵਿਚ ਆਉਂਦੇ ਹਨ। ਯਾਦਵ ਨੇ ਕਿਹਾ ਕਿ ਇਹ ਰਾਜਨੀਤਕ ਸਾਜਿਸ਼ ਹੈ ਤਾਂ ਜੋ ‘ਆਪ’ ਦੀ ਪੰਜਾਬ ਵਿਚ ਛਵੀ ਖਰਾਬ ਕੀਤੀ ਜਾ ਸਕੇ। ਨਰੇਸ਼ ਯਾਦ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਦੇ ‘ਸਹਿ-ਪ੍ਰਭਾਰੀ’ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: