ਅੰਮ੍ਰਿਤਸਰ: ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਅਤੇ ਜਨਰਲ ਸਕੱਤਰ ਵੱਸਣ ਸਿੰਘ ਜਫਰਵਾਲ ਨੇ ਦੋਸ਼ ਲਾਇਆ ਕਿ “ਸਰਬੱਤ ਖ਼ਾਲਸਾ” ਤੋਂ ਘਬਰਾਈ ਸਰਕਾਰ ਨੇ ਪ੍ਰਬੰਧਕਾਂ ਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਜਥੇਬੰਦੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਜਿਜੇਆਣੀ ਨੂੰ ਬੀਤੀ ਰਾਤ ਬਟਾਲਾ ਤੇ ਗੁਰਦਾਸਪੁਰ ਦੀ ਪੁਲਿਸ ਵੱਲੋਂ ਘਰੋਂ ਚੁੱਕ ਕੇ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕਰਨ ਦਾ ਯਤਨ ਕੀਤਾ ਗਿਆ ਹੈ।
ਇਸ ਸਬੰਧ ਵਿੱਚ ਜਿਜੇਆਣੀ ਦੇ ਘਰ ਵਿੱਚ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਆਗੂਆਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ “ਸਰਬੱਤ ਖ਼ਾਲਸਾ” ਨੂੰ ਰੋਕਣ ਲਈ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਕਾਰਵਾਈ ਨੂੰ ਪੁਲਿਸ ਦੀ ਬੁਰਸ਼ਾਗਰਦੀ ਕਰਾਰ ਦਿੰਦਿਆਂ ਆਖਿਆ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਇਸ ਮਾਮਲੇ ਵਿਚ ਭਾਰਤ ਦੇ ਚੋਣ ਕਮਿਸ਼ਨ, ਰਾਜਪਾਲ ਅਤੇ ਆਈਜੀ ਬਾਰਡਰ ਰੇਂਜ ਨੂੰ ਮਿਲਣ ਅਤੇ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਉਹ ਨਿਆਂ ਵਾਸਤੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ। ਘਟਨਾ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਜਦੋਂ ਜਿਜੇਆਣੀ ਆਪਣੇ ਘਰ ਵਿੱਚ ਸੁੱਤੇ ਪਏ ਸਨ ਤਾਂ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੀ ਪੁਲਿਸ ਘਰ ਦਾ ਦਰਵਾਜ਼ਾ ਤੋੜ ਕੇ ਦਾਖਲ ਹੋਈ ਅਤੇ ਸੁੱਤੇ ਹੋਏ ਸਿੱਖ ਆਗੂ ਨੂੰ ਜਬਰੀ ਗੱਡੀ ਵਿੱਚ ਸੁੱਟ ਕੇ ਲੈ ਗਈ। ਇਸ ਕਾਰਵਾਈ ਦੌਰਾਨ ਘਰ ਦੀਆਂ ਔਰਤਾਂ ਨਾਲ ਵੀ ਬਦਸਲੂਕੀ ਕੀਤੀ ਗਈ। ਜਿਜੇਆਣੀ ਨੇ ਦੱਸਿਆ ਕਿ ਬਟਾਲਾ ਪੁਲਿਸ ਦੇ ਸੀਆਈਏ ਵਿਭਾਗ ਦੇ ਇੰਸਪੈਕਟਰ ਅਤੇ ਏਐਸਆਈ ਦੀ ਅਗਵਾਈ ਵਿੱਚ ਪੁੱਜੀ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਉਸਨੂੰ ਮੁਲਜ਼ਮਾਂ ਵਾਂਗ ਥਾਣੇ ਲਿਜਾਇਆ ਗਿਆ ਅਤੇ ਕਾਰ ਚੋਰੀ ਕਰਨ ਦਾ ਦੋਸ਼ ਲਾਇਆ ਗਿਆ। ਜਦੋਂਕਿ ਉਨ੍ਹਾਂ ਨੇ ਇਹ ਕਾਰ ਏਜੰਸੀ ਤੋਂ ਖਰੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਨੇ ਇਹ ਕਾਰਵਾਈ ਸਿਆਸੀ ਹਿੱਤਾਂ ਕਾਰਨ ਕੀਤੀ ਹੈ। ਇਸ ਮੁੱਹਲੇ ਦੀਆਂ ਔਰਤਾਂ ਤੇ ਲੋਕ ਵੀ ਹਾਜ਼ਰ ਸਨ, ਜਿਨ੍ਹਾਂ ਨੇ ਪੁਲਿਸ ਕਾਰਵਾਈ ਬਾਰੇ ਹਾਮੀ ਭਰੀ।
ਪੁਲਿਸ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਪੁਲਿਸ ਨੂੰ ਮਿਲੀ ਕਿਸੇ ਗੁਪਤ ਸੂਚਨਾ ਦੀ ਪੁਸ਼ਟੀ ਲਈ ਕਾਰਵਾਈ ਕੀਤੀ ਗਈ ਪਰ ਇਹ ਸੂਚਨਾ ਗਲਤ ਸਾਬਤ ਹੋਈ ਹੈ ਅਤੇ ਉਸਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਪੁਲਿਸ ਸ਼ੱਕ ਦੇ ਆਧਾਰ ‘ਤੇ ਪੁੱਛਗਿਛ ਲਈ ਕਿਸੇ ਨੂੰ ਵੀ ਸੱਦ ਸਕਦੀ ਹੈ ਅਤੇ ਇਸੇ ਤਹਿਤ ਹੀ ਜਿਜੇਆਣੀ ਨੂੰ ਸੱਦਿਆ ਗਿਆ ਸੀ।