ਚੰਡੀਗੜ੍ਹ (11 ਜੂਨ,2010 – ਗੁਰਭੇਜ ਸਿੰਘ ਚੌਹਾਨ): ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ 10 ਜੂਨ ਤੋਂ ਪਹਿਲਾਂ ਨਾ ਕਰਨ ਸੰਬੰਧੀ ਬਣਾਏ ਗਏ ਐਕਟ ਨਾਲ ਅਗੇਤਾ ਝੋਨਾ ਲਾਉਣ ਦੀ ਦੌੜ ਨੂੰ ਕਾਫੀ ਠੱਲ੍ਹ ਪਈ ਹੈ ਅਤੇ ਕਿਸਾਨਾ ਨੇ ਇਸ ਐਕਟ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾ ਕਿਸਾਨਾ ਨੇ ਇਸਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਸੀ,ਖੇਤੀਬਾੜੀ ਵਿਭਾਗ ਨੇ ਬਹੁਤ ਸਾਰੇ ਅਜਿਹੇ ਕਿਸਾਨਾ ਦੇ ਲਗਾਏ ਝੋਨੇ ਵਹਾਕੇ ਉਨ੍ਹਾ ਨੂੰ ਨਸੀਹਤ ਦੇ ਦਿੱਤੀ ਹੈ। ਕੱਲ੍ਹ 10 ਜੂਨ ਤੋਂ ਝੋਨਾ ਨਾ ਲਗਾਉਣ ਦੇ ਜ਼ਾਬਤੇ ਦੀ ਡੈੱਡ ਲਾਈਨ ਖਤਮ ਹੋਣ ਤੇ ਪੰਜਾਬ ਭਰ ਵਿਚ ਟਾਵੇਂ ਟਾਵੇਂ ਕਿਸਾਨਾ ਨੇ ਆਪਣੇ ਖੇਤਾਂ ਵਿਚ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਅਜੇ ਇਸ ਕੰਮ ਵਿਚ ਤੇਜੀ ਆਉਣ ਤੋ ਹੋਰ 10 ਦਿਨ ਦਾ ਸਮਾਂ ਲੱਗੇਗਾ,ਕਿਉਂ ਕਿ ਪਿਛਲੇ ਸਮੇਂ ਦੌਰਾਨ ਗਰਮੀਂ ਦਾ ਵਧੇਰੇ ਪ੍ਰਕੋਪ ਹੋਣ ਕਾਰਨ ਕਿਸਾਨਾ ਵੱਲੋਂ ਬੀਜੀਆਂ ਪਨੀਰੀਆਂ ਸਫਲ ਨਹੀਂ ਹੋਈਆਂ ਅਤੇ ਬਹੁਤੇ ਕਿਸਾਨਾ ਨੂੰ ਇਹ ਦੁਬਾਰਾ ਬੀਜਣੀਆਂ ਪਈਆਂ ਹਨ,ਜੋ ਹਾਲੇ ਲੇਟ ਤਿਆਰ ਹੋਣਗੀਆਂ।
ਜਿਹੜੇ ਕਿਸਾਨ ਝੋਨਾ ਲਗਾ ਰਹੇ ਹਨ,ਉਨ੍ਹਾ ਦੱਸਿਆ ਕਿ ਝੋਨਾ ਲਗਾਉਣ ਲਈ ਮਜ਼ਦੂਰਾਂ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ,ਜਦੋ ਕਿ ਅਜੇ ਝੋਨੇ ਦੀ ਲਵਾਈ ਵਿਚ ਤੇਜੀ ਨਹੀਂ ਆਈ,ਹੁਣੇ ਤੋਂ ਹੀ ਮਜ਼ਦੂਰ ਪ੍ਰਤੀ ਏਕੜ 1400 ਤੋਂ ਲੈ ਕੇ 2500 ਰੁਪਏ ਪ੍ਰਤੀ ਏਕੜ ਝੋਨਾ ਲਗਾ ਰਹੇ ਹਨ। ਜਦੋਂ ਇਸ ਕੰਮ ਵਿਚ ਤੇਜੀ ਆ ਗਈ ਅਤੇ ਬਾਰਸ਼ ਵਗੈਰਾ ਖੁਲ੍ਹ ਕੇ ਹੋ ਗਈ ਤਾਂ ਇਹ ਭਾਅ ਬਹੁਤ ਜਿਆਦਾ ਵਧ ਜਾਣਗੇ। ਪੰਜਾਬ ਭਰ ਵਿੱਚ ਝੋਨੇ ਦੀ ਲਵਾਈ ਲਈ 19 ਜਿਲਿਆ ਵਿੱਚ 26 ਲੱਖ ਹੈਕਟੇਅਰ ਵਿਚ ਝੋਨਾ ਲਗਾਉਣ ਲਈ ਲਗਭਗ ਅੱਠ ਲੱਖ ਮਜਦੂਰਾਂ ਦੀ ਜਰੂਰਤ ਪਵੇਗੀ । ਮਜਦੂਰਾਂ ਦੀ ਭਾਲ ਵਿੱਚ ਕਿਸਾਨਾਂ ਨੇ ਨਜਦੀਕੀ ਰੇਲਵੇ ਸ਼ਟੇਸਨਾਂ ਤੇ ਡੇਰੇ ਲਾਏ ਹੋਏ ਸਨ ।
ਕਿਸਾਨ ਬਾਹਰੋ ਆ ਰਹੇ ਮਜਦੂਰਾਂ ਨੂੰ ਉਹਨਾਂ ਦੀਆਂ ਸ਼ਰਤਾ ਤੇ ਝੋਨੇ ਦੀ ਲਵਾਈ ਲਈ ਬੁੱਕ ਕਰ ਰਹੇ ਸਨ। ਪੰਜਾਬ ਵਿੱਚ ਫਰੀਦਕੋਟ ਵਿੱਚ 86 ਹਜਾਰ ਹੈਕਟੇਅਰ ਰਕਬਾ, ਫਿਰੋਜਪੁਰ ਵਿੱਚ 2 ਲੱਖ 36 ਹਜਾਰ ਹਜਾਰ ਹੈਕਟੇਅਰ ਰਕਬਾ, ਮੁਕਤਸਰ ਜਿਲੇ ਵਿੱਚ 77 ਹਜਾਰ ਹਜਾਰ ਹੈਕਟੇਅਰ ਰਕਬਾ, ਬਠਿੰਡਾ ਜਿਲੇ ਵਿੱਚ 95 ਹਜਾਰ ਹੈਕਟੇਅਰ ਰਕਬਾ, ਮੋਗੇ ਜਿਲੇ ਵਿੱਚ 1ਲੱਖ 67 ਹਜਾਰ ਹੈਕਟੇਅਰ ਰਕਬਾ, ਸੰਗਰੂਰ ਜਿਲ੍ਹੇ ਵਿੱਚ 3 ਲੱਖ 67 ਹਜਾਰ ਹਜਾਰ ਹੈਕਟੇਅਰ ਰਕਬਾ, ਲੁਧਿਆਣੇ ਵਿੱਚ 2 ਲੱਖ 50 ਹਜਾਰ ਹੈਕਟੇਅਰ ਰਕਬਾ, ਪਟਿਆਲੇ ਜਿਲ੍ਰੇ ਵਿੱਚ 2 ਲੱਖ 38 ਹਜਾਰ ਹੈਕਟੇਅਰ ਰਕਬਾ, ਗੁਰਦਾਸਪੁਰ ਜਿਲ੍ਰੇ ਵਿੱਚ ਇੱਕ ਲੱਖ 90 ਹਜਾਰ ਹੈਕਟੇਅਰ ਰਕਬਾ, ਅੰਮ੍ਰਿਤਸਰ ਜਿਲ੍ਰੇ ਵਿੱਚ ਇੱਕ ਲੱਖ 79 ਹਜਾਰ ਹੈਕਟੇਅਰ ਰਕਬਾ, ਤਰਨਤਾਰਨ ਇੱਕ ਲੱਖ 66 ਹਜਾਰ ਹੈਕਟੇਅਰ ਰਕਬਾ, ਜਲੰਧਰ ਜਿਲ੍ਹੇ ਵਿੱਚ ਇੱਕ ਲੱਚ 51 ਹਜਾਰ ਹੈਕਟੇਅਰ ਰਕਬਾ,ਕਪੂਰਥਲਾ ਜਿਲ੍ਹੇ ਵਿੱਚ ਇੱਕ ਲੱਖ ਅੱਠ ਹਜਾਰ ਹੈਕਟੇਅਰ ਰਕਬਾ, ਫਤਿਹਗੜ੍ਰ ਸਾਹਿਬ ਜਿਲ੍ਹੇ ਵਿੱਚ 85 ਹਜਾਰ ਹੈਕਟੇਅਰ ਰਕਬਾ, ਮਾਨਸਾ ਜਿਲ੍ਹੇ ਵਿੱਚ 70 ਹਜਾਰ ਹੈਕਟੇਅਰ ਰਕਬਾ, ਹੁਸ਼ਿਆਰਪੁਰ ਜਿਲ੍ਹੇ ਵਿੱਚ 61 ਹਜਾਰ ਹੈਕਟੇਅਰ ਰਕਬਾ, ਨਵਾਂ ਸ਼ਹਿਰ ਜਿਲ੍ਹੇ ਵਿੱਚ 49 ਹਜਾਰ ਹੈਕਟੇਅਰ ਰਕਬਾ, ਰੋਪੜ ਜਿਲ੍ਹੇ ਵਿੱਚ 37 ਹਜਾਰ ਹੈਕਟੇਅਰ ਰਕਬਾ, ਸਾਹਿਬਜਾਦਾਂ ਅਜੀਤ ਸਿੰਘ ਨਗਰ ਜਿਲ੍ਹੇ ਵਿੱਚ 30 ਹਜਾਰ ਹੈਕਟੇਅਰ ਰਕਬਾ ਵਿੱਚ ਝੋਨਾ ਲੱਗੇਗਾ ।
ਕਿਸਾਨਾ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਗਈ ਨਰੇਗਾ ਸਕੀਮ ਵੀ ਕਿਸਾਨਾ ਲਈ ਸਿਰਦਰਦੀ ਬਣੀ ਹੋਈ ਹੈ ਅਤੇ ਸਾਰੇ ਮਜ਼ਦੂਰ ਛੱਪੜਾਂ ਦੀ ਪੁਟਾਈ ਤੇ ਲਗਾ ਰੱਖੇ ਹਨ,ਜਿਸਦਾ ਕਿਸੇ ਨੂੰ ਕੋਈ ਲਾਭ ਨਹੀਂ। ਜੇਕਰ ਇਹ ਸਕੀਮ ਕਿਸਾਨਾ ਰਾਹੀਂ ਚਲਾਈ ਜਾਵੇ ਤਾਂ ਕਿਸਾਨਾ ਨੂੰ ਮਜ਼ਦੂਰ ਸੌਖਾ ਮਿਲੇਗਾ ਅਤੇ ਮਜ਼ਦੂਰਾਂ ਨੂੰ ਕੰਮ ਮਿਲੇਗਾ। ਇਸਤੋਂ ਇਲਾਵਾ ਬਿਜਲੀ ਦੀ ਸਪਲਾਈ ਭਾਵੇਂ ਕੱਲ੍ਹ ਤੋਂ 8 ਘੰਟੇ ਸ਼ੁਰੂ ਹੋ ਗਈ ਹੈ ਪਰ ਓਵਰਲੋਡਿਡ ਗਰਿੱਡਾਂ ਵੱਲੋਂ ਇਹ 6 ਘੰਟੇ ਹੀ ਦਿੱਤੀ ਜਾ ਰਹੀ ਹੈ,ਜਿਸਦਾ 2 ਘੰਟੇ ਦਾ ਕਸਾਰਾ ਕਿਸਾਨਾ ਨੂੰ ਲੱਗ ਰਿਹਾ ਹੈ। ਕਿਸਾਨਾ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦਾ 50 ਰੁਪਏ ਪ੍ਰਤੀ ਕੁਇੰਟਲ ਵਧਾਏ ਭਾਅ ਨੂੰ ਕੋਝਾ ਮਜ਼ਾਕ ਦੱਸਦਿਆਂ ਕਿਹਾ ਕਿ ਵਪਾਰੀਆਂ ਦੀ ਚੀਜ਼ ਤਾਂ 50 ਰੁਪਏ ਕਿਲੋਆਂ ਦੇ ਭਾਅ ਵੱਧਦੀ ਹੈ ਅਤੇ ਜੱਟ ਦੀ ਕੁਇੰਟਲਾਂ ਦੇ ਹਿਸਾਬ। ਮਹਿੰਗਾ ਡੀਜ਼ਲ,ਮਹਿੰਗੀ ਮਜ਼ਦੂਰੀ,ਮਹਿੰਗੀਆਂ ਖਾਦਾਂ ਅਤੇ ਕੀਟਨਾਸ਼ਕ ਪਾ ਕੇ ਕਿਸਾਨ ਦੇ ਪੱਲੇ ਭਕਾਈ ਵੀ ਨਹੀਂ ਪੈਂਦੀ।