ਚੰਡੀਗੜ੍ਹ (27 ਨਵੰਬਰ. 2014 ): ਪੰਜਾਬ ਵਿੱਚ ਨਸ਼ਿਆਂ ਦੇ ਵਾਪਾਰ ਨਾਲ ਸਬੀਧਤ ਹਾਈਕੋਰਟ ਦੇ ਸਵੈ ਨੋਟਿਸ ਵਾਲੇ ਨਸ਼ਿਆਂ ਦੇ ਮੁੱਖ ਕੇਸ ‘ਚ ਪੰਜਾਬ ਸਰਕਾਰ ਵਲੋਂ ਅੱਜ ਸਟੇਟਸ ਰਿਪੋਰਟਾਂ ਸੀਲਬੰਦ ਰੂਪ ‘ਚ ਬੈਂਚ ਕੋਲ ਪੇਸ਼ ਕਰ ਦਿੱਤੀਆਂ ਗਈਆਂ ਹਨ ।
ਕਾਰਜਕਾਰੀ ਚੀਫ਼ ਜਸਟਿਸ ਸਤੀਸ਼ ਕੁਮਾਰ ਮਿੱਤਲ ਤੇ ਜਸਟਿਸ ਸ਼੍ਰੀਮਤੀ ਰਾਜ ਰਾਹੁਲ ਗਰਗ ਵਾਲੇ ਡਿਵੀਜ਼ਨ ਬੈਂਚ ਵੱਲੋਂ ਅੱਜ ਕੇਸ ‘ਤੇ ਸੁਣਵਾਈ ਕਰਦਿਆਂ ਇਨ੍ਹਾਂ ਰਿਪੋਰਟਾਂ ਦੇ ਵੇਰਵੇ ਨਸ਼ਰ ਨਾ ਕਰਦਿਆਂ ਇਨ੍ਹਾਂ ਨੂੰ ਰਿਕਾਰਡ ‘ਤੇ ਲੈ ਲਿਆ ਗਿਆ ਹੈ ।
ਹਾਲਾਂਕਿ ਪਟੀਸ਼ਨਰ ਧਿਰ ਦੇ ਵਕੀਲ ਨਵਕਿਰਨ ਸਿੰਘ ਵਲੋਂ ਇਹ ਕਹਿੰਦਿਆਂ ਕਿਉਂਕਿ ਜਾਂਚ ਮੁਕੰਮਲ ਹੋ ਚੁੱਕੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਇਸ ਕਰਕੇ ਇਨ੍ਹਾਂ ਸੀਲਬੰਦ ਰਿਪੋਰਟਾਂ ਦੀ ਨਕਲ ਉਨ੍ਹਾਂ ਨੂੰ ਵੀ ਮੁਹੱਈਆ ਕਰਵਾਈ ਜਾਵੇ ਪਰ ਬੈਂਚ ਵਲੋਂ ਹਾਲ ਦੀ ਘੜੀ ਇਸ ਤੋਂ ਇਨਕਾਰ ਕਰਦਿਆਂ ਇਨ੍ਹਾਂ ਨੂੰ ਆਪਣੇ ਧਿਆਨ ਗੋਚਰ ਹੀ ਰੱਖਣ ਨੂੰ ਤਰਜੀਹ ਦਿੱਤੀ ਗਈ।
ਉਧਰ ਦੂਜੇ ਪਾਸੇ ਪੰਜਾਬ ਦੇ ਸਾਬਕਾ ਡੀ ਜੀ ਪੀ ਜੇਲ੍ਹਾਂ ਸ਼ਸ਼ੀ ਕਾਂਤ ਤੇ ਸਾਬਕਾ ਕਾਂਗਰਸੀ ਐਮ.ਪੀ. ਜਗਮੀਤ ਸਿੰਘ ਬਰਾੜ ਵੀ ਅੱਜ ਦੀ ਸੁਣਵਾਈ ਮੌਕੇ ਮੌਜੂਦ ਰਹੇ । ਇਸ ਦੌਰਾਨ ਨਸ਼ਿਆਂ ਕਾਰਨ ਹੋਈਆਂ ਮੌਤਾਂ ਦੀ ਜਾਂਚ ਬਾਰੇ ਵੀ ਨਿਰਦੇਸ਼ ਜਾਰੀ ਕਰਨ ਦੀ ਮੰਗ ਚੁੱਕੀ ਗਈ ।
ਇਸ ਮੁੱਦੇ ‘ਤੇ ਕੁਝ ਇੱਕ ਪੀੜਤ ਧਿਰਾਂ ਦੇ ਵਕੀਲ ਵੀ ਅੱਜ ਵਾਲੀ ਸੁਣਵਾਈ ਮੌਕੇ ਪੁੱਜੇ ਅਤੇ ਉਹਨਾਂ ਵਲੋਂ ਇਸ ਨੁਕਤੇ ਉੱਤੇ ਵੀ ਧਿਆਨ ਦੇਣ ਦੀ ਅਪੀਲ ਕਰਦਿਆਂ ਖੁਦ ਨੂੰ ਇਸ ਕੇਸ ਵਿਚ ਸ਼ਾਮਿਲ ਹੋ ਸਕਣ ਬਾਰੇ ਅਰਜੀਆਂ ਦਾਇਰ ਕੀਤੀਆਂ ਗਈਆਂ ਹਨ ।ਹਾਈਕੋਰਟ ਵਲੋਂ ਹੁਣ ਇਹ ਕੇਸ 16 ਜਨਵਰੀ ‘ਤੇ ਪਾ ਦਿੱਤਾ ਗਿਆ ।