ਲੁਧਿਆਣਾ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਮਾਸਟਰ ਤਾਰਾ ਸਿੰਘ ਦੇ ਨਾਮ ’ਤੇ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ। ਉਹ ਕੱਲ੍ਹ (2 ਦਸੰਬਰ, 2017) ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਮਾਸਟਰ ਤਾਰਾ ਸਿੰਘ ਦੀ 50ਵੀਂ ਬਰਸੀ ਸਬੰਧੀ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਗੁੱਜਰਖਾਨ ਕੈਂਪਸ ਵਿੱਚ ਕਰਵਾਏ ਗਏ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁੱਜਣਾ ਸੀ ਪਰ ਉਹ ਰੁਝੇਵਿਆਂ ਕਰਕੇ ਸ਼ਾਮਲ ਨਹੀਂ ਹੋਏ।
ਸਿੱਧੂ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਨੇ ਸਿੱਖੀ ਸੋਚ, ਸਿੱਖੀ ਸਿਧਾਂਤ, ਸਿੱਖੀ ਪ੍ਰੰਪਰਾ ਅਤੇ ਸਿੱਖੀ ਵਿਚਾਰਧਾਰਾ ਦੇ ਪਾਸਾਰ ਲਈ ਜੋ ਕੰਮ ਕੀਤੇ ਸਨ, ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਵਿੱਤਰ ਜਮਾਤ ਦੱਸਦਿਆਂ ਦੋਸ਼ ਲਾਇਆ ਕਿ ਕੁਝ ਲੋਕਾਂ ਨੇ ਇਸ ਨੂੰ ਪਾਵੇ ਨਾਲ ਬੰਨ੍ਹ ਲਿਆ ਹੈ, ਜਿਸ ਨਾਲ ਲੋਕਾਂ ਦਾ ਵਿਸ਼ਵਾਸ ਇਸ ਜਮਾਤ ਤੋਂ ਖ਼ਤਮ ਹੋ ਗਿਆ ਹੈ।
ਸਮਾਗਮ ਦੀ ਪ੍ਰਧਾਨਗੀ ਰਾਜ ਸਭਾ ਮੈਂਬਰ ਕੇ.ਟੀ.ਐਸ. ਤੁਲਸੀ ਨੇ ਕੀਤੀ ਪਰ ਉਨ੍ਹਾਂ ਮਾਸਟਰ ਤਾਰਾ ਸਿੰਘ ਦੇ ਜੀਵਨ ਬਾਰੇ ਕੋਈ ਗੱਲ ਕਰਨ ਦੀ ਥਾਂ ਪੰਜਾਬ ਸਰਕਾਰ ਦੇ ਪਿਛਲੇ ਪੰਜ ਸਾਲਾਂ ਦੌਰਾਨ ਵੱਖ-ਵੱਖ ਸਮਿਆਂ ’ਤੇ ਕੀਤੇ ਐਲਾਨਾਂ ਦਾ ਵੇਰਵਾ ਪੇਸ਼ ਕਰਕੇ ਪ੍ਰਧਾਨਗੀ ਭਾਸ਼ਣ ਦਿੱਤਾ। ਇਸ ਤੋਂ ਪਹਿਲਾਂ ਪਰਮਜੀਤ ਸਿੰਘ ਸਰਨਾ ਨੇ ਆਪਣੇ ਭਾਸ਼ਣ ‘ਚ ਮਾਸਟਰ ਤਾਰਾ ਸਿੰਘ ਦੀ ਸੋਚ, ਸਿਧਾਂਤ ਅਤੇ ਕਿਰਦਾਰ ਨੂੰ ਜਿਊਂਦਾ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ। ਸਮਾਗਮ ‘ਚ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਡਾ. ਐਸ.ਪੀ. ਸਿੰਘ ਅਤੇ ਮਾਸਟਰ ਤਾਰਾ ਸਿੰਘ ਦੀ ਦੋਹਤੀ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਵੀ ਸ਼ਾਮਲ ਹੋਏ। ਇਸ ਮੌਕੇ ਮਾਸਟਰ ਤਾਰਾ ਸਿੰਘ ਬਾਰੇ ਤਿਆਰ ਕੀਤੀ ਸੀ.ਡੀ. ਬੀਬੀ ਕਿਰਨਜੋਤ ਕੌਰ ਨੂੰ ਭੇਟ ਕਰਕੇ ਜਾਰੀ ਕੀਤੀ ਗਈ।