ਪ੍ਰਕਾਸ਼ ਸਿੰਘ ਬਾਦਲ (ਫਾਈਲ ਫੋਟੋ)

ਸਿੱਖ ਖਬਰਾਂ

ਪੰਜਾਬ ਦੇ ਲੋਕ ਫਿਰਕੂਵਾਦ ਅਤੇ ਧਾਰਮਿਕ ਟਕਰਾਅ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਨੂੰ ਕਾਮਯਾਬ  ਨਹੀ ਹੋਣ ਦੇਣਗੇ: ਬਾਦਲ

By ਸਿੱਖ ਸਿਆਸਤ ਬਿਊਰੋ

October 20, 2015

ਚੰਡੀਗੜ੍ਹ  (19 ਅਕਤੂਬਰ, 2015): ਅੱਜ ਇੱਥੇ ਆਪਣੇ ਦਫ਼ਤਰ ‘ਚ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਅੱਜ ਇੱਥੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਹੋਈ ਘਟਨਾਂ ਅਤੇ ਉਸ ਤੋਂ ਬਾਅਦ ਪੈਦਾ ਹੋਏ ਹਾਲਾਤ ਬਾਰੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੁਝ ਇੱਕ ਬਾਹਰੀ ਏਜੰਸੀਆਂ ਅਤੇ ਕਈ ਸਿਆਸੀ ਸ਼ਕਤੀਆਂ ਸੂਬੇ ਦੀ ਸ਼ਾਂਤੀ ਨਾਲ ਖਿਲਵਾੜ ਕਰਨ ‘ਚ ਲੱਗੀਆਂ ਹੋਈਆਂ ਹਨ ਪਰ ਪੰਜਾਬ ਦੇ ਲੋਕਾਂ ਵੱਲੋਂ ਫਿਰਕੂਵਾਦ ਅਤੇ ਧਾਰਮਿਕ ਟਕਰਾਅ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਨੂੰ ਨਾ ਕਦੀ ਪਹਿਲਾਂ ਕਾਮਯਾਬ ਹੋਣ ਦਿੱਤਾ ਗਿਆ ਹੈ ਅਤੇ ਨਾ ਹੀ ਹੁਣ ਹੋਣ ਦੇਣਗੇ।

ਜਦੋਂ ਉਨ੍ਹਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਮਗਰਲੇ ਦਿਨਾਂ ਦੌਰਾਨ ਜਾਰੀ ਕੀਤੇ ਗਏ ਵਿਵਾਦਿਤ ਹੁਕਮਨਾਮਿਆਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ‘ਤੇ ਨਾ ਮੈਂ ਅੱਜ ਤੱਕ ਪਹਿਲਾਂ ਕਦੀ ਟਿੱਪਣੀ ਕੀਤੀ ਹੈ ਤੇ ਨਾ ਹੀ ਅੱਜ ਕਰ ਸਕਦਾ ਹਾਂ ।

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਣ ਸਤਿਕਾਰ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਤੋਂ ਬਹੁਤ ਉੱਪਰ ਹੈ ।ਜੇ ਸਾਡੇ ‘ਚ ਕੋਈ ਗ਼ਲਤੀ ਹੈ ਤਾਂ ਉਸ ਦੀ ਸਜ਼ਾ ਸਾਨੂੰ ਮਿਲਣੀ ਚਾਹੀਦੀ ਹੈ ਅਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਪੰਜਾਬ ਦੀ ਭਾਈਚਾਰਕ ਇੱਕਜੁਟਤਾ ਅਤੇ ਸ਼ਾਂਤੀ ਨੂੰ ਭੰਗ ਨਹੀਂ ਕੀਤਾ ਜਾਣਾ ਚਾਹੀਦਾ ।

ਉਨ੍ਹਾਂ ਕਿਹਾ ਕਿ ਪੰਜਾਬ ‘ਚ ਮਗਰਲੇ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਦਾ ਉਨ੍ਹਾਂ ਨੂੰ ਬੇਹੱਦ ਦੁੱਖ ਹੈ ਅਤੇ ਸਰਕਾਰ ਇਸ ਸਾਰੀ ਸਾਜ਼ਿਸ਼ ਨੂੰ ਬੇਨਕਾਬ ਕਰਨ ‘ਚ ਲੱਗੀ ਹੋਈ ਹੈ ਅਤੇ ਆਉਂਦੇ ਕੁਝ ਦਿਨਾਂ ਦੌਰਾਨ ਬਰਗਾੜੀ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਦਾ ਵੀ ਪਤਾ ਲੱਗ ਜਾਵੇਗਾ ਙ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਉਨ੍ਹਾਂ ਵੱਲੋਂ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਵਾਲੇ ਮਾਮਲਿਆਂ ‘ਚ ਦੋਸ਼ੀਆਂ ਸਬੰਧੀ ਠੋਸ ਤੇ ਪੱਕੇ ਸਬੂਤ ਇਕੱਠੇ ਕੀਤੇ ਜਾਣ ਜਿਨ੍ਹਾਂ ‘ਤੇ ਕੋਈ ਕਿੰਤੂ ਪ੍ਰੰਤੂ ਨਾ ਹੋ ਸਕੇ ।

ਮੁੱਖ ਮੰਤਰੀ ਨੇ ਕਿਹਾ ਕਿ ਮਗਰਲੇ ਦਿਨਾਂ ਦੀਆਂ ਘਟਨਾਵਾਂ ਦਾ ਅਕਾਲੀ ਦਲ ਨੂੰ ਨੁਕਸਾਨ ਹੋਇਆ ਹੈ ਙ ਉਨ੍ਹਾਂ ਇਹ ਵੀ ਮੰਨਿਆ ਕਿ ਬਰਗਾੜੀ ਪਿੰਡ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਗਾਇਬ ਹੋਣ ਦੀ ਘਟਨਾ ਸਬੰਧੀ ਉਨ੍ਹਾਂ ਨੂੰ ਪਹਿਲਾਂ ਕੋਈ ਜਾਣਕਾਰੀ ਹੀ ਨਹੀਂ ਮਿਲੀ ਅਤੇ ਨਾ ਹੀ ਕਿਸੇ ਵੱਲੋਂ ਉਕਤ ਘਟਨਾ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਗਈ ਅਤੇ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਸਥਾਨਕ ਅੰਦੋਲਨ ਖੜ੍ਹਾ ਹੋਣ ਤੋਂ ਬਾਅਦ ਆਇਆ ਙ ਉਨ੍ਹਾਂ ਕਿਹਾ ਕਿ ਉਕਤ ਘਟਨਾ ਕਾਰਨ ਮੈਨੂੰ ਖ਼ੁਦ ਨੂੰ ਵੀ ਵੱਡੀ ਠੇਸ ਪੁੱਜੀ ਹੈ ।

ਵਰਨਣਯੋਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਪ੍ਰਗਟ ਸਿੱਖ ਰੋਹ ਕਿਸੇ ਭਾਈਚਾਰੇ ਜਾਂ ਕਿਸੇ ਫਿਰਕੇ ਦੇ ਖਿਲਾਫ ਨਹੀਂ, ਬਲਕਿ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਅਤੇ ਸਿੱਖਾਂ ਨੂੰ ਸ਼ਹੀਦ ਕਰਨ ਖਿਲਾਫ ਹੈ। ਪੰਜਾਬ ਦੇ ਮੱਖ ਮੰਤਰੀ ਨੇ ਜਿਸ ਤਰਾਂ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਫਿਰਕੂ ਅਤੇ ਧਾਰਮਿਕ ਟਕਰਾਅ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਇਸ ਸਮੇਂ ਸਿੱਖਾਂ ਦਾ ਕਿਸੇ ਫਿਰਕੇ ਜਾਂ ਧਰਮ ਨਾਲ ਟਕਰਾਅ ਨਹੀਂ ਬਲਕਿ ਸਿੱਖ ਵਿਰੋਧ ਦਾ ਸਿੱਧਾ ਸਬੰਧ ਸਰਕਾਰ ਦੀ ਕਾਰਗੁਜਾਰੀ ਨਾਲ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: