ਸਿਆਸੀ ਖਬਰਾਂ

ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ: ਸਸਤਾ ਦੇਸੀ ਘਿਓ, ਚੀਨੀ ਦੇਣ ਦੇ ਨਾਲ ਵਾਅਦੇ ਹੀ ਵਾਅਦੇ

By ਸਿੱਖ ਸਿਆਸਤ ਬਿਊਰੋ

January 23, 2017

ਜਲੰਧਰ: ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਪੰਜਾਬ ਭਾਜਪਾ ਨੇ ਹਰ ਪਰਿਵਾਰ ਨੂੰ ਰੁਜ਼ਗਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੀ ਹਰ ਗ਼ਰੀਬ ਨੂੰ ਘਰ ਦੇਣ ਦੇ ਵਾਅਦੇ ਤੋਂ ਇਲਾਵਾ ਸਰਕਾਰ ਆਉਣ ‘ਤੇ ਦਲਿਤ ਸਮਾਜ, ਪੱਛੜੇ ਵਰਗ, ਗ਼ਰੀਬ ਪਰਿਵਾਰਾਂ, ਕਿਸਾਨਾਂ, ਵਪਾਰੀਆਂ ਤੇ ਵਿਦਿਆਰਥੀਆਂ ਲਈ ਕਈ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਹਨ ਙ ਜਲੰਧਰ ਵਿਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੰਜਾਬ ਭਾਜਪਾ ਪ੍ਰਧਾਨ ਵਿਜੈ ਸਾਂਪਲਾ, ਪਾਰਟੀ ਦੇ ਕੌਮੀ ਉਪ ਪ੍ਰਧਾਨ ਪ੍ਰਭਾਤ ਝਾਅ, ਚੋਣ ਮਨੋਰਥ ਕਮੇਟੀ ਚੇਅਰਮੈਨ ਕਮਲ ਸ਼ਰਮਾ, ਸ਼ਵੇਤ ਮਲਿਕ ਰਾਜ ਸਭਾ ਮੈਂਬਰ, ਜਨਰਲ ਸਕੱਤਰ ਮਨਜੀਤ ਸਿੰਘ ਰਾਏ ਦੀ ਹਾਜ਼ਰੀ ‘ਚ ਪੰਜਾਬ ਭਾਜਪਾ ਦਾ ਤਿੰਨ ਸੂਤਰੀ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਸ ‘ਚ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਵਿਕਾਸ ਦੇ ਕੰਮ ਜਾਰੀ ਰੱਖਣ, ਕੇਂਦਰ ਦੀਆਂ ਨੀਤੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨਿਆਂ ਨੂੰ ਲਾਗੂ ਕਰਕੇ ਪੰਜਾਬ ਦੇ ਵਿਕਾਸ ਦੀ ਗਤੀ ਤੇਜ਼ ਰੱਖਣੀ ਤੇ ਤੀਜਾ ਨਵੀਂਆਂ ਸੰਸਥਾਵਾਂ ਦਾ ਗਠਨ ਕਰਕੇ ਪੰਜਾਬ ਨੂੰ ਅਹਿਮ ਸਮੱਸਿਆਵਾਂ ਤੋਂ ਛੁਟਕਾਰਾ ਦੁਆਉਣ ਦਾ ਸੰਕਲਪ ਲਿਆ ਹੈ।

ਜੇਤਲੀ ਨੂੰ ਚੋਣ ਮਨੋਰਥ ਪੱਤਰਾਂ ਵਿਚ ਕੀਤੇ ਵਾਅਦਿਆਂ ਦੀ ਕਾਨੂੰਨੀ ਵੈਧਤਾ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਇਸ ਨੂੰ ਕਾਨੂੰਨੀ ਜਾਮਾ ਪਹਿਨਾਉਣਾ ਸੰਭਵ ਨਹੀਂ। ਲੋਕਤੰਤਰ ‘ਚ ਜੇਕਰ ਤੁਸੀਂ ਕੀਤੇ ਵਾਅਦਿਆਂ ‘ਤੇ ਅਮਲ ਨਹੀਂ ਕਰਦੇ ਤਾਂ ਲੋਕ ਪਾਰਟੀਆਂ ਨੂੰ ਨਕਾਰ ਦਿੰਦੇ ਹਨ। ਪਾਰਟੀ ਵੱਲੋਂ ਜਾਰੀ ਚੋਣ ਮਨੋਰਥ ਪੱਤਰ ‘ਚ ‘ਇਕ ਪਰਿਵਾਰ, ਇਕ ਰੁਜ਼ਗਾਰ’, ਹਰ ਗ਼ਰੀਬ ਨੂੰ ਘਰ, ਨੀਲਾ ਕਾਰਡ ਧਾਰਕਾਂ ਨੂੰ ਦੋ ਕਿੱਲੋ ਦੇਸੀ ਘਿਓ ਤੇ 5 ਕਿੱਲੋ ਚੀਨੀ ਹਰ ਮਹੀਨੇ, ਨੀਲਾ ਕਾਰਡ ਧਾਰਕਾਂ ਦੀਆਂ ਧੀਆਂ ਨੂੰ ਪੀ.ਐਚ.ਡੀ. ਤੱਕ ਮੁਫ਼ਤ ਸਿੱਖਿਆ, ਨੌਜਵਾਨਾਂ ਨੂੰ ਸਿੱਖਿਆ ਲਈ ਕਰਜ਼ੇ, ਉਦਯੋਗਪਤੀਆਂ ਲਈ ਵੈਟ ਰਿਫ਼ੰਡ ਪ੍ਰਕਿਰਿਆ ਤੇਜ਼ ਤੇ ਜੀ.ਐਸ.ਟੀ. ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਹੈ।

ਛੋਟੇ ਵਪਾਰੀਆਂ, ਛੋਟੇ ਕਾਰੋਬਾਰੀਆਂ, ਦਲਿਤ, ਪਿਛੜੇ ਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਲਈ ਐਕਸੀਡੈਂਟ ਬੀਮਾ ਰਾਸ਼ੀ 5 ਲੱਖ ਤੋਂ ਵਧਾ ਕੇ 10 ਲੱਖ ਅਤੇ ਸਿਹਤ ਬੀਮਾ ਰਾਸ਼ੀ 50 ਹਜ਼ਾਰ ਤੋਂ ਵਧਾ ਕੇ ਇਕ ਲੱਖ ਕਰਨ ਦਾ ਸੰਕਲਪ ਲਿਆ ਗਿਆ, ਜਦੋਂਕਿ ਕਿਸਾਨਾਂ ਦੀ ਆਮਦਨ ਯਕੀਨੀ ਬਣਾਉਣ ਲਈ ਕਿਸਾਨ ਆਮਦਨ ਕਮਿਸ਼ਨ ਤੇ ਜੈਵਿਕ ਖੇਤੀ ਬੋਰਡ ਦਾ ਗਠਨ ਕੀਤਾ ਜਾਵੇਗਾ। ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ। ਵਿਦੇਸ਼ ‘ਚ ਪੜ੍ਹਾਈ ਲਈ ਦਲਿਤ ਤੇ ਗ਼ਰੀਬ ਪਰਿਵਾਰਾਂ ਨੂੰ 15 ਲੱਖ ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾਵੇਗੀ, ਜਦੋਂਕਿ ਹਰ ਬੇਘਰ ਦਲਿਤ, ਪਛੜੇ ਤੇ ਗ਼ਰੀਬ ਪਰਿਵਾਰਾਂ ਨੂੰ 5 ਤੋਂ 8 ਮਰਲੇ ਤੱਕ ਦੇ ਪਲਾਟ ਦੇਣ ਦੀ ਯੋਜਨਾ ਹੈ ਤੇ ਗ਼ਰੀਬਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਵਾਇਆ ਜਾਵੇਗਾ।

ਛੋਟੇ ਕਿਸਾਨਾਂ, ਗ਼ਰੀਬ, ਦਲਿਤ ਤੇ ਪੱਛੜੇ ਵਰਗ ਨੂੰ ਦਿੱਤੀ ਜਾ ਰਹੀ ਸ਼ਗਨ ਸਕੀਮ ਨੂੰ ਜਾਰੀ ਰੱਖਦਿਆਂ ਸ਼ਗਨ ਰਾਸ਼ੀ 51000 ਰੁਪਏ ਤੱਕ ਕੀਤੀ ਜਾਵੇਗੀ। ਖੇਤੀਬਾੜੀ ਲਈ ਮੁਫ਼ਤ ਬਿਜਲੀ ਪਾਣੀ ਦੀ ਯੋਜਨਾ ਨੂੰ ਜਾਰੀ ਰੱਖਦਿਆਂ ਕਿਸਾਨਾਂ ਦੀ ਆਮਦਨ ਯਕੀਨੀ ਬਣਾਉਣ ਲਈ ‘ਕਿਸਾਨ ਆਮਦਨ ਕਮਿਸ਼ਨ’ ਦਾ ਗਠਨ ਕੀਤਾ ਜਾਵੇਗਾ। ਅੰਮ੍ਰਿਤਸਰ-ਮੁੰਬਈ ਉਦਯੋਗਿਕ ਕਾਰੀਡੋਰ ਦਾ ਕੰਮ ਜਲਦ ਪੂਰਾ ਕੀਤਾ ਜਾਵੇਗਾ, ਸੀ.ਐਲ.ਯੂ. ਪ੍ਰਕਿਰਿਆ ਸਰਲ ਕਰਨ, ਸੇਲ ਟੈਕਸ ਬੈਰੀਅਰ ‘ਤੇ ਵਪਾਰੀਆਂ ਦੀਆਂ ਦਿੱਕਤਾਂ ਖ਼ਤਮ ਹੋਣਗੀਆਂ ਅਤੇ ਨਵੇਂ ਉਦਯੋਗਾਂ ਲਈ ਸਿੰਗਲ ਵਿੰਡੋ ਸਿਸਟਮ ਮਜ਼ਬੂਤੀ ਨਾਲ ਲਾਗੂ ਹੋਵੇਗਾ।

ਡਰੱਗ ਮਾਫ਼ੀਆ ਨਾਲ ਨਜਿੱਠਣ ਲਈ ਸਪੈਸ਼ਲ ਐਂਟੀ ਡਰੱਗਜ਼ ਸਕੂਆਡ ਦਾ ਬਣਾਇਆ ਜਾਵੇਗਾ। 7ਵਾਂ ਪੇਅ ਕਮਿਸ਼ਨ ਪਹਿਲ ਦੇ ਆਧਾਰ ‘ਤੇ ਲਾਗੂ ਕੀਤਾ ਜਾਵੇਗਾ। ਘੱਟੋ-ਘੱਟ ਦਿਹਾੜੀ ਨੂੰ ਵਧਾਉਣ ਦਾ ਵਾਅਦਾ ਕਰਦਿਆਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ ਤੇ ਸਰਕਾਰੀ ਮੁਲਾਜ਼ਮਾਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਕੀਤੀ ਜਾਵੇਗੀਙ “ਅੱਤਵਾਦ” ਤੋਂ ਪ੍ਰਭਾਵਿਤ ਪਰਿਵਾਰਾਂ ਲਈ ਸਹਾਇਤਾ ਰਾਸ਼ੀ ਪੰਜ ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। 1984 ਸਿੱਖ ਕਤਲੇਆਮ ਪੀੜ੍ਹਤ ਪਰਿਵਾਰਾਂ ਦੀ ਤਰਜ਼ ‘ਤੇ ਹੀ “ਅੱਤਵਾਦ” ਪ੍ਰਭਾਵਿਤ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ ਤੇ ਅਜਿਹੇ ਪਰਿਵਾਰਾਂ ਲਈ ਵਿਸ਼ੇਸ਼ ਤੌਰ ‘ਤੇ ਵੈੱਲਫੇਅਰ ਬੋਰਡ ਦਾ ਗਠਨ ਕੀਤਾ ਜਾਵੇਗਾ।

ਪੱਤਰਕਾਰਾਂ ਲਈ ਗਰੁੱਪ ਹਾਊਸਿੰਗ ਸਕੀਮ ਲਿਆਂਦੀ ਜਾਵੇਗੀ। ਸਾਬਕਾ ਫ਼ੌਜੀਆਂ, ਪੈਰਾ ਮਿਲਟਰੀ ਫੋਰਸ ਦੇ ਪਰਿਵਾਰਾਂ ਨੂੰ ਸਵੈ-ਰੁਜ਼ਗਾਰ ਲਈ ਸਸਤੀ ਵਿਆਜ ਦਰ ‘ਤੇ ਕਰਜ਼ਾ, ਆਵਾਜਾਈ ਦੇ ਕਿਰਾਏ ‘ਚ 50 ਫ਼ੀਸਦੀ ਦੀ ਛੂਟ ਅਤੇ ਸਾਬਕਾ ਫ਼ੌਜੀਆਂ ਦੇ ਬੱਚਿਆਂ ਦੀ ਸਿੱਖਿਆ ਮੁਫ਼ਤ ਹੋਵੇਗੀ। ਪੂਰੇ ਸੂਬੇ ਵਿਚ ਗਊ ਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਿਤ ਕਦਮ ਚੁੱਕੇ ਜਾਣਗੇ। ਸ਼ਹਿਰੀ ਤੇ ਪੇਂਡੂ ਵਿਕਾਸ ਨੂੰ ਬਰਾਬਰਤਾ ਦਿੰਦਿਆਂ ਜਿੱਥੇ ਪਿੰਡਾਂ ‘ਚ ਬਿਜਲੀ ਪਾਣੀ ਪੂਰੀ ਤਰ੍ਹਾਂ ਉਪਲਬਧ ਹੋਵੇਗਾ, ਉਥੇ ਛੋਟੇ ਪਰਿਵਾਰਾਂ ਨੂੰ ਸੂਬਾ ਭਰ ‘ਚ ਮਿਲ ਰਹੀ ਬਿਜਲੀ ਪਾਣੀ ਦੀ ਸਹੂਲਤ ਜਾਰੀ ਰਹੇਗੀ ਤੇ ਸ਼ਹਿਰਾਂ ਵਿਚ 100 ਫ਼ੀਸਦੀ ਪਾਣੀ ਦਾ ਟੀਚਾ ਮਿਥਿਆ ਗਿਆ ਹੈ। ਚੋਣ ਮਨੋਰਥ ਪੱਤਰ ਨੂੰ ਜਾਰੀ ਕਰਨ ਤੋਂ ਬਾਅਦ ਜੇਤਲੀ ਨੇ ਆਖਿਆ ਕਿ ਇਹ ਚੋਣ ਮਨੋਰਥ ਪੱਤਰ ਨਹੀਂ ਇਹ ਤਾਂ ਸਾਡਾ ਸੰਕਲਪ ਹੈ, ਜਿਸ ਨੂੰ ਅਸੀਂ ਪੰਜਾਬ ਦੀ ਤਰੱਕੀ ਤੇ ਹੋਰ ਵਿਕਾਸ ਲਈ ਪੂਰਾ ਕਰਾਂਗੇ।

ਇਸ ਮੌਕੇ ਜਥੇਬੰਦਕ ਜਨਰਲ ਸਕੱਤਰ ਦਿਨੇਸ਼ ਕੁਮਾਰ, ਵਿਨੀਤ ਜੋਸ਼ੀ, ਜੀਵਨ ਗੁਪਤਾ, ਕੇਵਲ ਕ੍ਰਿਸ਼ਨ, ਸੁਭਾਸ਼ ਸ਼ਰਮਾ, ਕ੍ਰਿਸ਼ਨ ਦੇਵ ਭੰਡਾਰੀ, ਮੇਅਰ ਸੁਨੀਲ ਜੋਤੀ, ਅਮਿੱਤ ਤਨੇਜਾ ਤੇ ਹੋਰ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: