ਹਮਲੇ ਵਿਚ ਨੁਕਸਾਨੀ ਗੱਡੀ ਦੀ ਜਾਂਚ ਕਰਦੇ ਪੁਲਿਸ ਅਫਸਰ (ਫਾਈਲ ਫੋਟੋ)

ਸਿੱਖ ਖਬਰਾਂ

ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਲਾਈ ਸੀ.ਬੀ.ਆਈ. ਜਾਂਚ ਦੀ ਮੰਗ ਹਾਈਕੋਰਟ ਵਲੋਂ ਖਾਰਜ

By ਸਿੱਖ ਸਿਆਸਤ ਬਿਊਰੋ

February 26, 2017

ਚੰਡੀਗੜ੍ਹ: ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਸੀ.ਬੀ.ਆਈ. ਜਾਂਚ ਦੀ ਮੰਗ ਨੂੰ ਹਾਈਕੋਰਟ ਨੇ ਸ਼ਨੀਵਾਰ ਨੂੰ ਖਾਰਜ ਕਰ ਦਿੱਤਾ ਹੈ। ਭਾਈ ਢੱਡਰੀਆਂਵਾਲਿਆਂ ਵਲੋਂ ਦਮਦਮੀ ਟਕਸਾਲ (ਮਹਿਤਾ) ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵਿਰੁੱਧ ਉਹ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ਵਿਚ ਉਨ੍ਹਾਂ ‘ਤੇ ਪਿਛਲੇ ਸਾਲ 16 ਮਈ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਲਾਗੇ ਹੋਏ ਕਾਤਲਾਨਾ ਹਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਗਈ ਸੀ।

ਹਾਲ ਹੀ ‘ਚ ਆਏ ਫੈਸਲੇ ਵਿਚ ਜਸਟਿਸ ਫਤਿਹਦੀਪ ਸਿੰਘ ਦੇ ਇਕਹਿਰੇ ਬੈਂਚ ਨੇ ਕਿਹਾ ਕਿ ਇਹ ਕਿਸੇ ਤਰ੍ਹਾਂ ਵੀ ਸਾਬਤ ਨਹੀਂ ਹੋ ਸਕਿਆ ਹੈ ਕਿ ਪੰਜਾਬ ਪੁਲਿਸ ਦੀ ਜਾਂਚ ਵਿਚ ਕਿਸੇ ਕਿਸਮ ਦੀ ਖੋਟ ਹੈ ਤਾਂ ਜੋ ਮਾਮਲਾ ਦੂਜੀ ਏਜੰਸੀ ਨੂੰ ਦਿੱਤਾ ਜਾ ਸਕੇ। ਹਾਈਕੋਰਟ ਨੇ ਕਿਹਾ ਕਿ ਪਟੀਸ਼ਨ ਮੁਤਾਬਿਕ ਸਿੱਖ ਪ੍ਰਚਾਰਕ ਭਾਈ ਢੱਡਰੀਆਂ ਵਾਲੇ ਦੇ ਕਾਫੀ ਗਿਣਤੀ ਵਿਚ ਸਮਰਥਕ ਹਨ ਅਤੇ ਉਨ੍ਹਾਂ ਦੇ ਬਾਬਾ ਹਰਨਾਮ ਸਿੰਘ ਧੁੰਮਾ ਨਾਲ ਵਿਚਾਰਕ ਮਤਭੇਦ ਹਨ। ਫੈਸਲੇ ਵਿਚ ਕਿਹਾ ਕਿ ਭਾਈ ਢੱਡਰੀਆਂ ਵਾਲਿਆਂ ਦੀ ਗੱਡੀ ‘ਤੇ ਹਮਲਾ ਹੋਇਆ। ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਢੱਡਰੀਆਂ ਵਾਲੇ ਬਚ ਨਿਕਲੇ।

ਸਬੰਧਤ ਖ਼ਬਰ: ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਜਾਨਲੇਵਾ ਹਮਲਾ; 1 ਮੌਤ, ਕਈ ਜਖਮੀ …

ਪੁਲਿਸ ਨੇ ਤੁਰੰਤ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਮੌਕਾ ਵਾਰਦਾਤ ਦੀ ਫਾਰੈਂਸਿਕ ਜਾਂਚ ਕਰਵਾਈ ਤੇ 14 ਮੁਲਜ਼ਮਾਂ ਵਿਰੁੱਧ ਦੋਸ਼ ਪੱਤਰ ਵੀ ਦਾਖਲ ਕੀਤੇ। ਹਾਈਕੋਰਟ ਮੁਤਾਬਕ ਸ਼ਿਕਾਇਤਕਰਤਾ ਕੁਲਵਿੰਦਰ ਸਿੰਘ ਵੱਲੋਂ ਜਾਂਚ ਵਿਚ ਮੁਕੰਮਲ ਸਹਿਯੋਗ ਨਹੀਂ ਦਿੱਤਾ ਗਿਆ ਤੇ ਚਾਰ ਵਾਰ ਬੁਲਾਉਣ ‘ਤੇ ਵੀ ਜਾਂਚ ਵਿਚ ਮਦਦ ਕਰਨ ਲਈ ਸ਼ਿਕਾਇਤਕਰਤਾ ਪੱਖ ਵੱਲੋਂ ਪੁਲਿਸ ਕੋਲ ਕੋਈ ਨਾ ਪੁੱਜਾ। ਇਥੋਂ ਤੱਕ ਕਿ ਹਮਲੇ ਵਿਚ ਮਾਰੇ ਗਏ ਵਿਅਕਤੀ ਦੀ ਪਤਨੀ ਕੁਲਵੰਤ ਕੌਰ ਨੇ ਵੀ ਜਾਂਚ ਵਿਚ ਸ਼ਾਮਿਲ ਹੋਣ ਦੀ ਮੰਗ ਨਹੀਂ ਕੀਤੀ। ਜਿੱਥੇ ਤੱਕ ਬਾਬਾ ਹਰਨਾਮ ਸਿੰਘ ਧੁੰਮਾ ‘ਤੇ ਦੋਸ਼ ਦਾ ਸਵਾਲ ਹੈ, ਉਨ੍ਹਾਂ ਨੂੰ ਪੰਜ ਵਾਰ ਬੁਲਾਇਆ ਗਿਆ ਤੇ ਉਹ ਪੰਜੇ ਵਾਰ ਪੁਲਿਸ ਅੱਗੇ ਪੇਸ਼ ਹੋਏ ਪਰ ਦੂਜੀ ਧਿਰ ਨਾ ਪੁੱਜੀ। ਹਮਲੇ ਵਿਚ ਵਰਤੀ ਗਈ ਗੱਡੀ ਬਾਰੇ ਹਾਈਕੋਰਟ ਨੇ ਫੈਸਲੇ ਵਿਚ ਕਿਹਾ ਕਿ ਇਹ ਗੱਡੀ ਟਕਸਾਲ ਵੱਲੋਂ ਚਲਾਏ ਜਾਂਦੇ ਵਿਦਿਅਕ ਅਦਾਰੇ ਦੀ ਹੈ ਤੇ ਬਾਬਾ ਹਰਨਾਮ ਸਿੰਘ ਧੁੰਮਾ ਦੇ ਨਾਂਅ ‘ਤੇ ਹੈ, ਜਦੋਂਕਿ ਅਕਸਰ ਅਦਾਰੇ ਦੀਆਂ ਗੱਡੀਆਂ ਵਿਦਿਆਰਥੀਆਂ ਵੱਲੋਂ ਸਿੱਖੀ ਸਮਾਗਮਾਂ ਲਈ ਵਰਤੀਆਂ ਜਾਂਦੀਆਂ ਹਨ।

ਸਬੰਧਤ ਖ਼ਬਰ: ਟਕਸਾਲ ਦੇ ਬੰਦਿਆਂ ਵਲੋਂ ਹਮਲੇ ਦੀ ਜ਼ਿੰਮੇਵਾਰੀ ਕਬੂਲ, ਬਾਬਾ ਧੁੰਮਾ ਦੇ ਸਮਰਥਕ ਨੇ ਦੁਬਾਰਾ ਧਮਕੀ ਦਿੱਤੀ …

ਇਹ ਵੀ ਹਾਈਕੋਰਟ ਨੇ ਕਿਹਾ ਕਿ ਪਟੀਸ਼ਨਰ ਪੱਖ ਬੈਂਚ ਵੱਲੋਂ ਜਾਂਚ ਵਿਚ ਖੋਟ ਸਬੰਧੀ ਸ਼ੰਕੇ ਦੂਰ ਕਰਨ ਬਾਰੇ ਕੋਈ ਠੋਸ ਦਲੀਲ ਨਹੀਂ ਦੇ ਸਕਿਆ। ਇਸ ਮਾਮਲੇ ਵਿਚ ਦੋਸ਼ ਪੱਤਰ ਵੀ ਦਾਖਲ ਹੋ ਚੁੱਕਾ ਹੈ ਤੇ ਹੇਠਲੀ ਅਦਾਲਤ ਕੋਲ ਪੂਰੇ ਅਖਤਿਆਰ ਹਨ ਕਿ ਕਿਤੇ ਵੀ ਸ਼ੰਕਾ ਆਉਂਦੀ ਹੈ ਤਾਂ ਮਾਮਲੇ ਦੀ ਮੁੜ ਜਾਂਚ ਦਾ ਹੁਕਮ ਦਿੱਤਾ ਜਾ ਸਕਦਾ ਹੈ। ਬੈਂਚ ਨੇ ਕਿਹਾ ਕਿ ਕੁਲ ਮਿਲਾ ਕੇ ਪਟੀਸ਼ਨਰ ਪੱਖ ਜਾਂਚ ‘ਤੇ ਸ਼ੰਕੇ ਨੂੰ ਯਕੀਨ ਵਿਚ ਨਹੀਂ ਬਦਲ ਸਕਿਆ ਤੇ ਉਸ ਨੂੰ ਹੇਠਲੀ ਅਦਾਲਤ ਵਿਚ ਟਰਾਇਲ ਦੌਰਾਨ ਆਪਣਾ ਪੱਖ ਰੱਖਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: