ਚੰਡੀਗੜ੍ਹ:ਸ਼੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਤੋਂ ਆਉਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਸਿੱਖ ਸਿਆਸਤ ਵਲੋਂ ਰੋਜ਼ਾਨਾ ਆਪਣੀ ਫੇਸਬੁੱਕ ਤੇ ਯੂ-ਟਿਊਬ ਚੈਨਲ ਰਾਹੀ ਸਿੱਖ ਸੰਗਤਾਂ ਲਈ ਸਾਂਝਾ ਕੀਤਾ ਜਾਦਾ ਹੈ। ਜਿਸ ਤੇ ਪੀਟੀਸੀ ਚੈਨਲ ਨੇ ਇਤਰਾਜ਼ ਦਰਜ ਕਰਵਾਇਆ ਹੈ।
ਪੀਟੀਸੀ ਨੇ ਸਿੱਖ ਸਿਆਸਤ ਵਲੋਂ ਸਿੱਖ ਸੰਗਤਾਂ ਲਈ ਸਾਂਝਾ ਕੀਤਾ ਜਾਂਦਾ ਦਰਬਾਰ ਸਾਹਿਬ ਦਾ ਹੁਕਮਨਾਮਾ ਫੇਸਬੁੱਕ ਕੋਲ ਸ਼ਿਕਾਇਤ ਕਰਕੇ ਰੁਕਵਾਇਆ ਹੈ। ਪੀਟੀਸੀ ਨੇ ਦਾਅਵਾ ਕੀਤਾ ਹੈ ਕਿ ਹੁਕਮਨਾਮੇ ਦੀ ਆਵਾਜ਼ ਉੱਤੇ ਸਾਰੀ ਦੁਨੀਆਂ ਵਿਚ ਸਿਰਫ ਸਾਡਾ ਹੱਕ ਹੈ। ਸਾਡੇ ਵਲੋਂ ਮੋੜਵਾ ਦਾਅਵਾ ਪੇਸ਼ ਕੀਤਾ ਗਿਆ ਕਿ ਹੁਕਮਨਾਮਾ ਸਾਹਿਬ ਸਰਬ-ਸਾਂਝਾ(ਪਬਲਿਕ ਡੋਮੇਨ ਵਿੱਚ) ਹੈ ਤੇ ਕਿਸੇ ਅਦਾਰੇ ਦੀ ਜਾਗੀਰ ਨਹੀਂ ਹੈ। ਅਸੀਂ ਹੁਕਮਨਾਮਾ ਸਾਹਿਬ ਦੀ ਆਵਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਵੈਬਸਾਈਟ ਤੋਂ ਹਾਸਲ ਕਰਦੇ ਹਾਂ ਜਿੱਥੇ ਕਿ ਇਹ ਸਰਬ ਸੰਗਤ ਲਈ ਪਾਈ ਜਾਂਦੀ ਹੈ। ਪੀਟੀਸੀ ਕੋਲ ਜਵਾਬ ਦੇਣ ਲਈ 16 ਜਨਵਰੀ ਤੱਕ ਦਾ ਸਮਾਂ ਹੈ। ਇਸ ਮਾਮਲੇ ਦਾ ਫੇਸਬੁੱਕ ਨੇ ਜੋ ਵੀ ਨਤੀਜਾ ਕੱਢਿਆ ਉਹ ਅਸੀਂ ਪਾਠਕਾਂ ਨਾਲ ਸਾਂਝਾ ਕਰ ਦਿਆਂਗੇ।”
ਜ਼ਿਕਰਯੋਗ ਹੈ ਕਿ ਪੀਟੀਸੀ ਵੱਲੋਂ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਇਹ ਪ੍ਰਸਾਰਣ ਕਰਨ ਦੇ ਹੱਕ ਸਿਰਫ ਇੱਕ ਵਪਾਰਕ ਅਦਾਰੇ ਨੂੰ ਦੇਣ ‘ਤੇ ਸਿੱਖ ਸੰਗਤਾਂ ਵੱਲੋਂ ਬਹੁਤ ਵਾਰ ਸਵਾਲ ਖੜ੍ਹੇ ਕੀਤੇ ਗਏ ਹਨ। ਪਰ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਪੀਟੀਸੀ ਵਿੱਚ ਬਾਦਲ ਪਰਿਵਾਰ ਦੀ ਹਿੱਸੇਦਾਰੀ ਕਾਰਨ ਹੀ ਇਹ ਹੱਕ ਪੀਟੀਸੀ ਨੂੰ ਮਿਲੇ ਹੋਏ ਹਨ।