ਖਾਸ ਖਬਰਾਂ

ਸੁੰਦਰੀਕਰਨ ਦੇ ਨਾਮ ਉੱਤੇ ਬੁੰਗਾ ਬਹਾਦਰ ਬਬਰ ਅਕਾਲੀਆਂ’ ਦੀ ੧੯੪੦ ਵਿੱਚ ਬਣੀ ਇਮਾਰਤ ਬਚਾਈ ਜਾਵੇਗੀ: ਸਿੱਖ ਜਥੇਬੰਦੀਆਂ

By ਸਿੱਖ ਸਿਆਸਤ ਬਿਊਰੋ

November 04, 2024

ਸ੍ਰੀ ਅਨੰਦਪੁਰ ਸਾਹਿਬ: ਲੰਘੀ ੨੯ ਅਕਤੂਬਰ ੨੦੨੪ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦੋਆਬੇ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਂ ਹੇਠ ਢਾਹੇ ਜਾ ਰਹੇ ਬਬਰਾਂ ਦੇ ਬੁੰਗੇ ਨੂੰ ਰੋਕਣ ਲਈ ਲਾਮਬੰਦੀ ਕੀਤੀ।

‘ਬਬਰ ਅਕਾਲੀ ਲਹਿਰ’ ਦੁਆਬੇ ਦੀ ਧਰਤੀ ‘ਤੇ ਅੰਗਰੇਜ਼ ਹਕੂਮਤ ਦੇ ਜਬਰ ਖਿਲਾਫ ਹਥਿਆਰਬੰਦ ਰੂਪ ਵਿੱਚ ਲੜੀ ਜਾਣ ਵਾਲੀ ਮੁੱਖ ਲਹਿਰ ਸੀ। ਇਨ੍ਹਾਂ ਬਬਰ ਅਕਾਲੀ ਯੋਧਿਆਂ ਦੀ ਲੜਾਈ ਦਾ ਮੁੱਖ ਉਦੇਸ਼ ਪੰਜਾਬ ਵਿੱਚ ਸਿੱਖ ਰਾਜ ਦੀ ਸਥਾਪਨਾ ਕਰਨਾ ਅਤੇ ਭਾਰਤ ਵਿੱਚ ਸਵਰਾਜ ਕਾਇਮ ਕਰਨਾ ਸੀ। ਆਪਣੇ ਇਸ ਉਦੇਸ਼ ‘ਤੇ ਲੜਦਿਆਂ ਬਬਰ ਅਕਾਲੀ ਯੋਧਿਆਂ ਨੇ ਅਨੇਕਾਂ ਸ਼ਹਾਦਤਾਂ ਦਿੱਤੀਆਂ।

ਸੰਨ ੧੯੪੦ ਵਿੱਚ ਬਬਰ ਅਕਾਲੀ ਲਹਿਰ ਦੇ ਜੁਝਾਰੂ ਯੋਧਿਆਂ ਦੀ ਯਾਦ ਵਿੱਚ ਸਿੱਖ ਸੰਗਤਾਂ ਵੱਲੋਂ ਜਿਨ੍ਹਾਂ ਵਿੱਚ ‘ਖਾਲਸਾ ਦੀਵਾਨ ਵਿਕਟੋਰੀਆ ਅਤੇ ਖਾਲਸਾ ਦੀਵਾਨ ਵੈਨਕੋਵਰ ਬੀ.ਸੀ.’ ਮੁੱਖ ਸਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਖੇ ਇੱਕ ਬੁੰਗਾ ਬਣਾਇਆ ਗਿਆ ਸੀ। ਜਿਸਦਾ ਨਾਂ ‘ਬੁੰਗਾ ਬਹਾਦਰ ਬਬਰ ਅਕਾਲੀਆਂ’ ਇਸ ਇਮਾਰਤ ਦੇ ਬਨੇਰੇ ਉੱਤੇ ਉੱਕਰਿਆ ਹੋਇਆ ਹੈ।

ਇਸ ਮੌਕੇ ਪੰਥ ਸੇਵਕ ਜਥਾ ਦੋਆਬਾ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਪ੍ਰੋਜੈਕਟਾਂ ਦੀ ਭੇਟ ਇਹ ਵਿਰਾਸਤੀ ਇਮਾਰਤਾਂ ਅਤੇ ਬੁੰਗੇ ਚੜ ਰਹੇ ਹਨ।

ਜਥੇ ਨੇ ਦੱਸਿਆ ਕਿ ਸੁੰਦਰੀਕਰਨ ਅਤੇ ਨਵੀਨੀਕਰਨ ਦੇ ਨਾਂ ਹੇਠ ਇਸ ਬੁੰਗੇ ਨੂੰ ਵੀ ਢਾਹਿਆ ਜਾ ਰਿਹਾ ਹੈ ਜਿਸ ਦਰਮਿਆਨ ਇਸ ਬੁੰਗੇ ਦਾ ਇਕ ਹਿੱਸਾ ਢਾਹ ਵੀ ਦਿੱਤਾ ਗਿਆ ਹੈ। ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਬਬਰ ਅਕਾਲੀ ਲਹਿਰ ਨਾਲ ਸਬੰਧਿਤ ਜਥਿਆਂ ਵਿੱਚ ਇਸ ਗੱਲ ਦਾ ਬਹੁਤ ਰੋਸ ਹੈ। ਸੰਗਤ ਦੀ ਇਹ ਭਾਵਨਾ ਹੈ ਕਿ ਬਬਰ ਅਕਾਲੀ ਯੋਧਿਆਂ ਦੀ ਯਾਦ ਵਿੱਚ ਬਣੇ ਇਸ ਵਿਰਾਸਤੀ ਬੁੰਗੇ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇ।

ਸਿੱਖ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਵੀ ਸ਼੍ਰੋ.ਗੁ.ਪ੍ਰ.ਕ. ਵਲੋਂ ਇਨ੍ਹਾਂ ਵਿਰਾਸਤੀ ਇਮਾਰਤਾਂ ਨੂੰ ਢਾਹੁਣ ਜਾਂ ਸੁੰਦਰੀਕਰਨ ਦੇ ਨਾਂ ‘ਤੇ ਖਰਾਬ ਕਰਨ ਦੀ ਕੋਤਾਹੀ ਕੀਤੀ ਜਾਵੇਗੀ ਤਾਂ ਸਮੂਹ ਸੰਗਤਾਂ ਅਤੇ ਜਥਿਆਂ ਵਲੋਂ ਐਸਜੀਪੀਸੀ ਦੇ ਇਸ ਤਰਾਂ ਦੇ ਕਾਰਜਾਂ ਦੇ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ।

ਇਸ ਸਮੇਂ ਹਾਜ਼ਰੀਨ ਜਥਿਆਂ ਅਤੇ ਸ਼ਖਸ਼ੀਅਤਾ ਵਿਚ ਬਬਰ ਕਰਮ ਸਿੰਘ ਰੱਕੜ ਟਰਸੱਟ ਰੱਕੜਾਂ ਬੇਟ ਵੱਲੋਂ ਮਾਸਟਰ ਬਖਸ਼ੀਸ਼ ਸਿੰਘ, ਬਬਰ ਕਰਮ ਸਿੰਘ ਮੈਮੋਰੀਅਲ ਟਰਸੱਟ ਦੌਲਤਪੁਰ ਵੱਲੋਂ ਸ. ਤਰਨਜੀਤ ਸਿੰਘ ਥਾਂਦੀ, ਪੰਥ ਸੇਵਕ ਜਥਾ ਦੋਆਬਾ ਵੱਲੋਂ ਜਥੇਦਾਰ ਜਰਨੈਲ ਸਿੰਘ ਅਤੇ ਜਥੇਦਾਰ ਦਲਜੀਤ ਸਿੰਘ ਮੌਲਾ, ਢਾਡੀ ਸਭਾ ਨਵਾਂਸ਼ਹਿਰ ਦੋਆਬਾ ਵੱਲੋਂ ਸ ਸਤਨਾਮ ਸਿੰਘ ਭਾਰਪੁਰ, ਬਬਰ ਉਦੇ ਸਿੰਘ ਰਾਮਗੜ ਝੁੰਗੀਆਂ ਵੱਲੋਂ ਸ ਅਜਮੇਰ ਸਿੰਘ, ਬਬਰ ਬਿਸ਼ਨ ਸਿੰਘ ਮਾਂਗਟਾਂ ਵੱਲੋਂ ਸ. ਬੁੱਧ ਸਿੰਘ, ਖਾਲਸਾ ਦੀਵਾਨ ਸੋਸਾਇਟੀ ਵੈਨਕੋਵਰ ਵੱਲੋਂ ਸ. ਜੋਗਾ ਸਿੰਘ, ਕਿਸ਼ਨ ਸਿੰਘ ਗੜਗੱਜ ਯਾਦਗਾਰੀ ਟਰਸੱਟ ਵੱਲੋਂ ਸ. ਸੁਖਵਿੰਦਰ ਸਿੰਘ, ਬਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਵੱਲੋਂ ਜਸਵੀਰ ਸਿੰਘ, ਵਿਰਾਸਤ ਅਤੇ ਵਾਤਾਵਰਣ ਸੰਭਾਲ ਸਭਾ ਵੱਲੋਂ ਤਿਲਕਰਾਜ ਸਿੰਘ ਬੰਗਾ, ਜਥੇਦਾਰ ਤਾਰਾ ਸਿੰਘ ਗੈਬਾ ਯਾਦਗਾਰੀ ਸਭਾ ਰਾਹੋਂ ਵੱਲੋਂ ਛਿੰਦਰਪਾਲ ਸਿੰਘ, ਬਬਰ ਕਰਤਾਰ ਸਿੰਘ ਕਿਰਤੀ ਚੱਕ ਕਲਾਂ ਟਰਸੱਟ ਵੱਲੋਂ ਸ. ਗੁਰਦੇਵ ਸਿੰਘ, ਬਬਰ ਗਿਆਨੀ ਹਰਬੰਸ ਸਿੰਘ ਯਾਦਗਾਰੀ ਟਰਸੱਟ ਵੱਲੋਂ ਸ. ਸੁਖਵਿੰਦਰ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਵੱਲੋਂ ਸ. ਹਰਬੰਸ ਸਿੰਘ, ਬੱਬਰ ਕਰਮ ਸਿੰਘ ਯਾਦਗਾਰੀ ਟਰਸੱਟ ਝਿੰਗੜਾਂ ਵੱਲੋਂ ਬਲਵੀਰ ਸਿੰਘ, ਬਬਰ ਸ਼ਹੀਦਾ ਗੁਰਦੁਆਰਾ ਬਬੇਲੀ ਵੱਲੋਂ ਸ: ਮੇਜਰ ਸਿੰਘ ਪ੍ਰਧਾਨ, ਗੁਰਦੁਆਰਾ ਚੋਤਾ ਸਾਹਿਬ ਬਬੇਲੀ ਵੱਲੋਂ ਸ: ਬਲਦੇਵ ਸਿੰਘ ਅਤੇ ਇਲਾਕੇ ਦੀ ਸੰਗਤ ਵਿਚੋਂ ਸ. ਸੁਖਵਿੰਦਰ ਸਿੰਘ ਸ਼੍ਰੀ ਅਨੰਦਪੁਰ ਸਾਹਿਬ, ਤੇਜਵੀਰ ਸਿੰਘ ਸ਼੍ਰੀ ਅਨੰਦਪੁਰ ਸਾਹਿਬ, ਹਰਮਨਪ੍ਰੀਤ ਸਿੰਘ ਸ਼੍ਰੀ ਅਨੰਦਪੁਰ ਸਾਹਿਬ, ਰਣਜੀਤ ਸਿੰਘ , ਅਵਤਾਰ ਸਿੰਘ ਜਗਤਪੁਰ, ਪ੍ਰਭਜੋਤ ਸਿੰਘ ਰੱਕੜ , ਜਤਿੰਦਰ ਸਿੰਘ , ਗੁਰਮੀਤ ਸਿੰਘ ਝੰਡੇਰਕਲਾ ਅਤੇ ਅਮਰਿੰਦਰ ਸਿੰਘ ਸ਼ਾਮਿਲ ਹੋਏ।

 

ਇਹ ਵੀ ਵੇਖੋ —

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: