ਜਲੰਧਰ: ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਖਿਲਾਫ ਸਿੱਖਾਂ ਦਾ ਰੋਹ ਸੋਸ਼ਲ ਮੀਡੀਆ ਤੋਂ ਬਾਅਦ ਹੁਣ ਜਮੀਨ ‘ਤੇ ਵੀ ਉਤਰ ਆਇਆ ਹੈ ਤੇ ਅੱਜ ਜਲੰਧਰ ਵਿਚ ਸਿੱਖ ਜਥੇਬੰਦੀਆਂ ਵਲੋਂ ਇਸ ਫਿਲਮ ‘ਤੇ ਰੋਕ ਲਾਉਣ ਦੀ ਮੰਗ ਕਰਦਿਆਂ ਰੋਸ ਮਾਰਚ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਸੰਗਤਾਂ ਵਲੋਂ ਇਸ ਫਿਲਮ ਨੂੰ ਰਕਵਾਉਣ ਲਈ ਡੀ.ਸੀ ਅਤੇ ਪੁਲਿਸ ਕਮਿਸ਼ਨਰ ਨੂੰ ਮੈਮੋਰੰਡਮ ਦਿੱਤਾ ਗਿਆ।
ਰੋਸ ਮਾਰਚ ਦੇ ਪ੍ਰਬੰਧਕਾਂ ਵਿਚੋਂ ਇਕ ਭਾਈ ਮਨਜੀਤ ਸਿੰਘ ਕਰਤਾਰਪੁਰ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਮੈਮੋਰੰਡਮ ਵਿਚ ਮੰਗ ਕੀਤੀ ਗਈ ਹੈ ਕਿ ਇਸ ਫਿਲਮ ਵਿਚ ਗੁਰੂ ਸਾਹਿਬ ਅਤੇ ਗੁਰੂ ਪਰਿਵਾਰ ਨੂੰ ਫਿਲਮਾਇਆ ਗਿਆ ਹੈ ਜੋ ਸਿੱਖ ਸਿਧਾਂਤ ਦੇ ਉਲਟ ਹੈ, ਇਸ ਲਈ ਇਸ ਫਿਲਮ ਉੱਤੇ ਮੁਕੰਮਲ ਰੋਕ ਲਾਈ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਇਸ ਫਿਲਮ ਨੂੰ ਪਰਦਿਆਂ ਉੱਤੇ ਨਹੀਂ ਲੱਗਣ ਦੇਣਗੇ ਤੇ ਜੇ ਸਿੱਖਾਂ ਦੇ ਰੋਸ ਨੂੰ ਦਰਕਿਨਾਰ ਕਰਦਿਆਂ ਇਹ ਫਿਲਮ ਰਿਲੀਜ਼ ਕੀਤੀ ਗਈ ਤਾਂ ਵਿਗੜੇ ਹਾਲਾਤਾਂ ਲਈ ਫਿਲਮ ਦੇ ਨਿਰਮਾਤਾ ਅਤੇ ਸਰਕਾਰਾਂ ਜਿੰਮੇਵਾਰ ਹੋਣਗੀਆਂ।
ਇਸ ਦੌਰਾਨ ਅੱਜ ਸਿੱਖ ਨੁਮਾਂਇੰਦਿਆਂ ਵਲੋਂ ਜਲੰਧਰ ਦੇ ਸਿਨੇਮਾ ਮਾਲਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਇਸ ਫਿਲਮ ਪ੍ਰਤੀ ਇਤਰਾਜ਼ ਬਾਰੇ ਜਾਣੂ ਕਰਵਾਇਆ ਗਿਆ ਤੇ ਸਿਨਮਿਆਂ ਵਿਚ ਲੱਗੇ ਨਾਨਕ ਸ਼ਾਹ ਫਕੀਰ ਫਿਲਮ ਦੇ ਪੋਸਟਰ ਉਤਰਵਾਏ ਗਏ। ਮਨਜੀਤ ਸਿੰਘ ਨੇ ਕਿਹਾ ਕਿ ਸਿਨੇਮਾ ਮਾਲਕਾਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਉਹ ਇਸ ਫਿਲਮ ਨੂੰ ਆਪਣੇ ਸਿਨਮਿਆਂ ਵਿਚ ਨਹੀਂ ਚਲਾਉਣਗੇ।