ਫਿਲਮ ਦਾ ਵਿਰੋਧ ਕਰਦੇ ਹੋਏ ਸਿੱਖ ਨੌਜਵਾਨ

ਖਾਸ ਖਬਰਾਂ

ਨਾਨਕ ਸ਼ਾਹ ਫਕੀਰ ਫਿਲਮ ਬਰਦਾਸ਼ਤ ਨਹੀਂ ਕਰਾਂਗੇ: ਸਿੱਖ ਨੌਜਵਾਨ

By ਸਿੱਖ ਸਿਆਸਤ ਬਿਊਰੋ

April 01, 2018

ਅੰਮ੍ਰਿਤਸਰ: ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਅਗਵਾਈ ‘ਚ ਪੰਥ ਦਰਦੀ ਸਿੱਖ ਨੌਜਵਾਨਾਂ ਦੀ ਹੋਈ ਇਕੱਤਰਤਾ ਦੌਰਾਨ ਨਾਨਕ ਸ਼ਾਹ ਫਕੀਰ ਫਿਲਮ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਗਈ ਅਤੇ ਫਿਲਮ ਉੱਤੇ ਪੱਕੀ ਰੋਕ ਲਗਾਉਣ ਸਬੰਧੀ ਆਵਾਜ ਬੁਲੰਦ ਕੀਤੀ ਗਈ ਹੈ। ਨੌਜਵਾਨਾਂ ਨੇ ਕਿਹਾ ਕਿ ਸਿੱਖ ਧਰਮ ਦੇ ਸਿਧਾਂਤਾਂ ਨਾਲ ਖਿਲਵਾੜ ਕਰਦੀ ਨਾਨਕ ਸ਼ਾਹ ਫਕੀਰ ਫਿਲਮ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਸਮੁੱਚੀ ਸਿੱਖ ਕੌਮ ਫਿਲਮ ਦਾ ਡੱਟ ਕੇ ਵਿਰੋਧ ਕਰੇਗੀ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਫਿਲਮ ਨੂੰ ਹਰੀ ਝੰਡੀ ਦੇ ਕੇ ਖ਼ਾਲਸਾ ਪੰਥ ਦੇ ਹਿਰਦੇ ਵਲੂੰਧਰੇ ਹਨ। ਭਾਵੇਂ ਕਿ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਦੇ ਜਬਰਦਸਤ ਵਿਰੋਧ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਯੂ-ਟਰਨ ਮਾਰਿਆ ਹੈ ਪਰ ਕਮੇਟੀ ਅਤੇ ਜਥੇਦਾਰਾਂ ਦੇ ਗਲਤ ਫੈਸਲਿਆਂ ਕਾਰਨ ਹੁਕਮਨਾਮਿਆਂ ਦਾ ਅਤੇ ਸਾਡੀਆਂ ਮਹਾਨ ਸੰਸਥਾਵਾਂ ਦਾ ਸਨਮਾਨ ਘੱਟ ਰਿਹਾ ਹੈ ਜਿਸ ਤੋਂ ਅਸੀਂ ਕਾਫੀ ਚਿੰਤਤ ਹਾਂ।

ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਸਿਨੇਮਾਂ ਘਰਾਂ ਚ ਫਿਲਮ ਰਿਲੀਜ ਹੋਣ ਕਾਰਨ ਪੰਜਾਬ ਦੇ ਸ਼ਾਂਤ ਮਾਹੌਲ ‘ਚ ਗੜਬੜ ਹੋ ਸਕਦੀ ਹੈ। ਇਸ ਲਈ ਫਿਲਮ ਦੇ ਨਿਰਮਾਤਾ ਹਰਿੰਦਰ ਸਿੱਕਾ ਸਮੇਤ ਪੂਰੀ ਟੀਮ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਹੋਵੇ। ਨੌਜਵਾਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ, ਸੈਂਸਰ ਬੋਰਡ, ਕੇਂਦਰ ਅਤੇ ਸੂਬਾ ਸਰਕਾਰ ਫਿਲਮ ਨੂੰ ਤੁਰੰਤ ਬੰਦ ਕਰਨ ਦਾ ਐਲਾਨ ਕਰਨ। ਇਸ ਮੌਕੇ ਕਰਤਾਰ ਸਿੰਘ ਖ਼ਾਲਿਸਤਾਨੀ, ਰਾਜਿੰਦਰ ਸਿੰਘ ਨਿਹੰਗ, ਕਰਨ ਸਿੰਘ ਨਿਹੰਗ, ਕਰਤਾਰ ਸਿੰਘ ਨਿਹੰਗ, ਲਖਬੀਰ ਸਿੰਘ ਨਿਹੰਗ, ਗੁਰਸਾਹਿਬ ਸਿੰਘ ਕਵੀਸ਼ਰ, ਰਾਜਬੀਰ ਸਿੰਘ ਨਿਹੰਗ, ਗੁਰਲੀਨ ਸਿੰਘ, ਮਨਿੰਦਰ ਸਿੰਘ, ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ ਆਦਿ ਤੀਹ ਦੇ ਕਰੀਬ ਨੌਜਵਾਨ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: