ਸਿੱਖ ਖਬਰਾਂ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ਉੱਤੇ ਦਾਸਤਾਨ-ਏ-ਸਰਹਿੰਦ ਫਿਲਮ ਦਾ ਵਿਰੋਧ

November 18, 2022 | By

ਪਟਿਆਲਾ :- ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ਉੱਤੇ ਸਿੱਖ ਵਿਦਿਆਰਥੀਆਂ ਵੱਲੋਂ ਦਾਸਤਾਨ-ਏ-ਸਰਹਿੰਦ ਫਿਲਮ ਦਾ ਵਿਰੋਧ ਕਰਦਿਆਂ ਫਿਲਮ ਬੈਨ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਖੋਜਾਰਥੀ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਗੁਰਮਤਿ ਰਵਾਇਤ ਅਨੁਸਾਰ ਗੁਰੂ ਸਾਹਿਬਾਨ ਦੀਆਂ ਮੂਰਤਾਂ ਬਣਾਉਣੀਆਂ ਜਾਂ ਉਨ੍ਹਾਂ ਦੀਆਂ ਨਕਲਾਂ ਲਾਹੁਣ ਤੇ ਸਵਾਂਗ ਰਚਣ ਦੀ ਸਖਤ ਮਨਾਹੀ ਹੈ। ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੇ ਬਿੰਬ ਨੂੰ ਉਵੇਂ ਹੀ ਕਿਸੇ ਬਿਪਰਵਾਦੀ ਤਰੀਕੇ ਪੇਸ਼ ਨਹੀਂ ਕੀਤਾ ਜਾ ਸਕਦਾ ਜਿਵੇਂ ਗੁਰੂ ਬਿੰਬ ਨਹੀਂ ਪੇਸ਼ ਹੋ ਸਕਦਾ।
ਗੁਰੂ ਸਾਹਿਬ ਦੀਆਂ ਮਨ ਘੜਤ ਤਸਵੀਰਾਂ ਨੂੰ ਦਿੱਤੀ ਗੈਰ ਸਿਧਾਂਤਕ ਪ੍ਰਵਾਨਗੀ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਤੇ ਸ਼ਹੀਦਾਂ ਦੀਆਂ ਨਕਲਾਂ ਲਾਉਣ ਤੇ ਸਵਾਂਗ ਰਚਣ ਦੇ ਕੁਰਾਹੇ ਦਾ ਆਧਾਰ ਬਣ ਰਹੀ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਸਾਲ 2005 ਵਿਚ ‘ਵਿਸਮਾਦ’ ਵੱਲੋਂ ਜਾਰੀ ਕੀਤੀ ਗਈ ਕਾਰਟੂਨ ਫਿਲਮ “ਸਾਹਿਬਜ਼ਾਦੇ” ਤਕਨੀਕ ਦੇ ਬਹਾਨੇ ਇਸ ਕੁਰਾਹੇ ਵੱਲ ਪੁੱਟਿਆ ਗਿਆ ਮੁਢਲਾ ਕਦਮ ਗੈਰ ਸਿਧਾਂਤਕ ਸੀ। ਉਸ ਸਮੇਂ ਕਈ ਸੁਹਿਰਦ ਸਿੱਖ ਹਿੱਸਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਸਾਹਿਬ ਨੂੰ ਇਹ ਲਿਖਤੀ ਬੇਨਤੀ ਕੀਤੀ ਗਈ ਸੀ ਕਿ ਇਸ ਕੁਰਾਹੇ ਨੂੰ ਇੱਥੇ ਹੀ ਠੱਲ੍ਹ ਪਾਉਣ ਲਈ ਇਸ ਫਿਲਮ ਉਪਰ ਰੋਕ ਲਗਾਈ ਜਾਵੇ ਨਹੀਂ ਤਾਂ ਭਵਿੱਖ ਵਿੱਚ ਇਸ ਦੇ ਮਾਰੂ ਨਤੀਜੇ ਭੁਗਤਣੇ ਪੈ ਸਕਦੇ ਹਨ।

ਉਨ੍ਹਾਂ ਕਿਹਾ ਕਿ ਹੁਣ “ਦਾਸਤਾਨ-ਏ-ਸਰਹਿੰਦ” ਨਾਮੀ ਫਿਲਮ ਇਸ ਸਿਧਾਂਤਕ ਕੁਰਾਹੇ ਦਾ ਅਗਲਾ ਪੜਾਅ ਲੈ ਕੇ ਆਈ ਹੈ। ਫਿਲਮ ਦੇ ਪ੍ਰਸ਼ੰਸਕਾਂ ਵੱਲੋਂ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਸਾਂਝੀ ਕੀਤੀ ਗਈ ਜਾਣਕਾਰੀ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਫਿਲਮ ਵਿੱਚ ਮਾਸੂਮ ਬਾਲ ਅਦਾਕਾਰਾਂ ਕੋਲੋਂ ਸਾਹਿਬਜ਼ਾਦਿਆਂ ਦੀਆਂ ਨਕਲਾਂ ਲਾਹੁਣ ਦਾ ਬੱਜਰ ਗੁਨਾਹ ਕੀਤਾ ਗਿਆ ਹੈ। ਬਿਜਲ ਸੱਥ ਦੀ ਚਰਚਾ ਵਿਚ ਉਸ ਬਾਲ ਅਦਾਕਾਰ ਦਾ ਨਾਮ ਵੀ ਸਾਹਮਣੇ ਆ ਚੁੱਕਾ ਹੈ ਜਿਸ ਵੱਲੋਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੀ ਨਕਲ ਲਾਹੀ ਗਈ ਦੱਸੀ ਜਾ ਰਹੀ ਹੈ।

ਅਸੀਂ ਗੁਰ-ਸ਼ਬਦ ਅਤੇ ਸਿੱਖ ਇਤਿਹਾਸ ਦੇ ਪ੍ਰਚਾਰ ਪ੍ਰਸਾਰ ਦੇ ਹਾਮੀ ਹਾਂ ਪਰ ਅਸੀਂ ਇਹ ਗੱਲ ਬਿਲਕੁਲ ਸਪੱਸ਼ਟਤਾ ਨਾਲ ਕਹਿਣੀ ਚਾਹੁੰਦੇ ਹਾਂ ਕਿ ਪ੍ਰਚਾਰ-ਪ੍ਰਸਾਰ ਦੇ ਬਹਾਨੇ ਖਾਲਸਾਈ ਰਵਾਇਤਾਂ ਦੀ ਉਲੰਘਣਾ ਕਰਨੀ ਅਤੇ ਸਿੱਖਾਂ ਨੂੰ ਬੁੱਤ-ਪ੍ਰਸਤੀ ਦੇ ਕੁਰਾਹੇ ਉੱਪਰ ਤੋਰਨਾ ਸਰਾਸਰ ਗਲਤ ਹੈ ਅਤੇ ਅਜਿਹਾ ਹਰਗਿਜ਼ ਨਹੀਂ ਹੋਣ ਦੇਣਾ।

ਅਸੀਂ ਦੁਨੀਆ ਭਰ ਵਿੱਚ ਵਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਦਾਸਤਾਨ-ਏ-ਸਰਹਿੰਦ ਨਾਮੀ ਫਿਲਮ ਦਾ ਵਿਰੋਧ ਕੀਤਾ ਜਾਵੇ ਅਤੇ ਇਸ ਉੱਪਰ ਮੁਕੰਮਲ ਰੂਪ ਵਿੱਚ ਰੋਕ ਲਗਵਾਈ ਜਾਵੇ।

ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀ ਯਾਦਵਿੰਦਰ ਸਿੰਘ ਰਵਿੰਦਰਪਾਲ ਸਿੰਘ ਰਣਜੋਧ ਸਿੰਘ ਰਣਜੀਤ ਸਿੰਘ ਰਵਿੰਦਰ ਸਿੰਘ ਅਮ੍ਰਿੰਤਪਾਲ ਸਿੰਘ ਮਨਪ੍ਰੀਤ ਸਿੰਘ ਸੁੱਖਮਿੰਦਰ ਸਿੰਘ ਆਦਿ ਤੋ ਬਿਨ੍ਹਾ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਿਆਰਥੀ ਹਾਜਰ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,