10 ਦਸੰਬਰ ਦਾ ਦਿਨ ਸੰਸਾਰ ਭਰ ਵਿਚ ਮਨੁੱਖੀ ਹੱਕਾਂ ਦੇ ਦਿਹਾੜੇ ਦੇ ਤੌਰ ਉੱਤੇ ਮਨਾਇਆ ਜਾਂਦਾ ਹੈ। ਸਾਲ 1948 ਵਿਚ ਇਸੇ ਦਿਨ ਮਨੁੱਖੀ ਹੱਕਾਂ ਦਾ ਕੌਮਾਂਤਰੀ ਐਲਾਨਨਾਮਾ ਸੰਸਾਰ ਭਾਈਚਾਰੇ ਨੇ ਆਪਣਾਇਆ ਸੀ। ਲੰਘੀ 10 ਦਸੰਬਰ ਨੂੰ ਸਟੂਡੈਂਟਸ ਫਾਰ ਸੁਸਾਇਟੀ, ਪੰਜਾਬ ਮਨੁੱਖੀ ਅਧਿਕਾਰ ਸਗੰਠਨ ਅਤੇ ਹੋਰਨਾਂ ਮਨੁੱਖੀ ਹੱਕਾਂ ਦੀ ਰਾਖੀ ਲਈ ਯਤਨਸ਼ੀਲ ਕਾਰਕੁੰਨਾਂ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਇਕ ਖਾਸ ਸਮਾਗਮ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਸਮਾਗਮ ਮਰਹੂਮ ਕਸ਼ਮੀਰੀ ਆਗੂ ਪ੍ਰੋਫੈਸਰ ਸੱਇਅਦ ਅਬਦੂਲ ਰਹਿਮਾਨ ਗਿਲਾਨੀ ਦੀ ਯਾਦ ਵਿਚ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਮੌਕੇ ਸਟੂਡੈਂਟਸ ਫਾਰ ਸੁਸਾਇਟੀ ਦੇ ਆਗੂ ਰਮਨ ਨੇ ਕਿਹਾ ਕਿ ਪ੍ਰਚੱਲਤ ਲੋਕ ਯਾਦ ਵਿਚ ਪ੍ਰੋਫੈਸਰ ਗਿਲਾਨੀ ਨੂੰ ਭਾਰਤੀ ਪਾਰਲੀਮੈਂਟ ਉੱਤੇ ਹੋਏ ਹਮਲੇ ਦੇ ਸਾਜਿਸ਼ਕਾਰ ਵਜੋਂ ਹੀ ਚਿਤਵਿਆ ਜਾਦਾ ਹੈ ਭਾਵੇਂ ਕਿ ਭਾਰਤੀ ਸੁਪਰੀਮ ਕੋਰਟ ਵਲੋਂ ਇਸ ਮਾਮਲੇ ਵਿਚ ਉਨ੍ਹਾਂ ਨੂੰ ਬਰੀ ਕਰ ਦਿਤਾ ਗਿਆ ਸੀ। ਰਮਨ ਨੇ ਕਿਹਾ ਕਿ ਇਹ ਸਹਿਜ ਸੁਭਾਅ ਵਰਤਾਰਾ ਨਹੀਂ ਹੈ ਅਤੇ ਇਕ ਖਾਸ ਧਿਰ- ਆਰ.ਐਸ.ਐਸ ਇਹ ਯਕੀਨੀ ਬਣਾਉਣ ਲਈ ਪੂਰਾ ਤਾਣ ਲਾਉਂਦੀ ਹੈ ਕਿ ਪ੍ਰੋਫੈਸਰ ਗਿਲਾਨੀ ਦਾ ਇਹੀ ਅਕਸ਼ ਲੋਕ ਯਾਦ ਵਿਚ ਪੱਕਾ ਕਰ ਦਿਤਾ ਜਾਵੇ।
ਇਸ ਸਮਾਗਮ ਦੇ ਬੁਲਾਰਿਆਂ ਨੂੰ ਮੰਚ ਉੱਤੇ ਆਉਂਣ ਦਾ ਸੱਦਾ ਦੇਣ ਤੋਂ ਪਹਿਲਾਂ ਰਮਨ ਨੇ ਕਿਹਾ ਕਿ ਪ੍ਰੋਫੈਸਰ ਗਿਲਾਨੀ ਦਾ ਬੇਵਕਤ ਵਿਛੋੜਾ ਸਿਰਫ ਕਸ਼ਮੀਰੀ ਸੰਘਰਸ਼ ਲਈ ਹੀ ਨਹੀਂ ਬਲਕਿ ਇਸ ਖਿੱਤੇ ਵਿਚ ਚੱਲ ਰਹੇ ਹਰ ਸੰਘਰਸ਼ ਲਈ ਵੱਡਾ ਘਾਟਾ ਹੈ।
ਸਮਾਗਮ ਦੇ ਪਹਿਲੇ ਬੁਲਾਰੇ ਅਤੇ ਮਨੁੱਖੀ ਹੱਕਾਂ ਦੇ ਅਣਥੱਕ ਕਾਰਕੁੰਨ ਸ. ਜਗਮੋਹਨ ਸਿੰਘ (ਸੰਪਾਦਕ, ਵਰਲਡ ਸਿੱਖ ਨਿਊਜ਼) ਨੇ ਦੱਸਿਆ ਕਿ ਪ੍ਰੋਫੈਸਰ ਗਿਲਾਨੀ ਨਾਲ ਉਨ੍ਹਾਂ ਦੀ ਸਾਂਝ ‘ਕਮੇਟੀ ਫਾਰ ਰਿਲੀਜ਼ ਆਫ ਪੋਲਿਟੀਕਲ ਪਰਿਜ਼ਨਰਸ’ ਦੇ ਮਾਧਿਅਮ ਰਾਹੀਂ ਹੋਈ ਸੀ। ਉਨ੍ਹਾਂ ਕਿਹਾ ਕਿ ਮਨੁੱਖੀ ਹੱਕਾਂ ਲਈ ਕੰਮ ਕਰਨਾ ਉਨ੍ਹਾਂ ਲੋਕਾਂ ਨਾਲ ਕੰਮ ਕਰਨਾ ਹੁੰਦਾ ਹੈ ਜਿਨ੍ਹਾਂ ਨਾਲ ਤੁਹਾਡੀ ਵਿਚਾਰਧਾਰਕ ਸਹਿਮਤੀ ਵੀ ਨਹੀਂ ਹੁੰਦੀ। ਪ੍ਰੋਫੈਸਰ ਗਿਲਾਨੀ ਅਜਿਹੀ ਹੀ ਵਿਸ਼ਾਲ ਸ਼ਖਸੀਅਤ ਦੇ ਮਾਲਕ ਸਨ ਇਸ ਕਰਕੇ ਉਨ੍ਹਾਂ ਨੂੰ ਸਿਰਫ ਕਸ਼ਮੀਰੀ ਹੀ ਨਹੀਂ ਬਲਿਕ ਹਰ ਭਾਂਤ ਦੇ ਸੰਘਰਸ਼ੀ ਲੋਕ ਯਾਦ ਕਰਦੇ ਹਨ ਅਤੇ ਹਾਲੀ ਕੱਲ ਹੀ (9 ਦਸੰਬਰ ਨੂੰ) ਕੇਰਲ ਵਿਚ ਪ੍ਰੋਫੈਸਰ ਗਿਲਾਨੀ ਦੀ ਯਾਦ ਵਿਚ ਸਮਾਗਮ ਹੋ ਕੇ ਹੱਟਿਆ ਹੈ ।
ਕਸ਼ਮੀਰ ਦੇ ਮੌਜੂਦਾ ਹਾਲਾਤ ਬਾਰੇ ਗੱਲ ਕਰਦਿਆਂ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜਿਵੇਂ ਪ੍ਰਗਟਾਵੇ ਦੀ ਥਾਂ ਸੁੰਘੜਦੀ ਜਾ ਰਹੀ ਹੈ ਅਜਿਹੇ ਮੌਕੇ ਕਸ਼ਮੀਰੀਆਂ ਦੇ ਹੱਕ ਵਿਚ ਹੋਰ ਉੱਚੀ ਆਵਾਜ ਬੁਲੰਦ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਕਸ਼ਮੀਰੀਆਂ ਉੱਤੇ ਹੋ ਰਹੇ ਜੁਲਮਾਂ ਦੇ ਵਿਰੋਧ ਵਿਚ ਕੌਮਾਂਤਰੀ ਅਦਾਰਿਆਂ ਅਤੇ ਕੌਮਾਂਤਰੀ ਖਬਰਖਾਨੇ ਦੀ ਸ਼ਮੂਲੀਅਤ ਕਰਵਾਈ ਜਾਵੇ ਤਾਂ ਕਿ ਕਸ਼ਮੀਰ ਦਾ ਸੱਚ ਦੁਨੀਆਂ ਦੇ ਸਾਹਮਣੇ ਆ ਸਕੇ।
ਪ੍ਰੋਫੈਸਰ ਜਗਮੋਹਨ ਸਿੰਘ ਨੇ ਇਸ ਮੌਕੇ ਮਰਹੂਮ ਵਕੀਲ ਰਾਮ ਜੇਠ ਮਲਾਨੀ ਨੂੰ ਵੀ ਯਾਦ ਕੀਤਾ।
ਉਨ੍ਹਾਂ 24 ਸਤੰਬਰ ਨੂੰ ਪ੍ਰੋਫੈਸਰ ਗਿਲਾਨੀ ਨਾਲ ਹੋਈ ਆਪਣੀ ਆਖਰੀ ਮੁਲਾਕਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰੋਫੈਸਰ ਗਿਲਾਨੀ ਨੇ ਪੰਜਾਬ ਦੇ ਸਿੱਖਾਂ ਨੂੰ ਇਹ ਸੁਨੇਹਾਂ ਭੇਜਿਆ ਸੀ ਕਿ ਉਹ ਕਸ਼ਮੀਰ ਵਿਚ ਭਾਰਤੀ ਫੌਜ ਵਲੋਂ ਚਲਾਈਆਂ ਛੱਰਿਆਂ ਵਾਲੀਆਂ ਗੋਲੀਆਂ ਨਾਲ ਜਖਮੀ ਹੋਏ ਨੌਜਵਾਨਾਂ ਦਾ ਪੰਜਾਬ ਵਿਚ ਇਲਾਜ ਕਰਵਾਉਣ ਲਈ ਜਰੂਰ ਅੱਗੇ ਆਉਂਣ ਕਿਉਂਕਿ ਕਸ਼ਮੀਰ ਵਿਚ ਉਨ੍ਹਾਂ ਦਾ ਇਲਾਜ ਨਹੀਂ ਹੋ ਪਾ ਰਿਹਾ।
ਸਮਾਗਮ ਦੇ ਦੂਜੇ ਬੁਲਾਰੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਪ੍ਰੋਫੈਸਰ ਜਤਿੰਦਰ ਨੇ ਕਿਹਾ ਕਿ ਮਨੁੱਖੀ ਹੱਕਾਂ ਦੇ ਦਿਨ ਤੇ ਕਿਸੇ ਇਕ ਸ਼ਖਸੀਅਤ ਨੂੰ ਯਾਦ ਕਰਨ ਦੇ ਖਾਸ ਮਾਇਨੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਜਿਊਣ-ਯੋਗ ਸਮਾਜ ਨੂੰ ਉਸਾਰਨ ਦਾ ਸੁਪਨਾ ਤਾਂ ਬਹੁਤ ਲੋਕ ਲੈਂਦੇ ਹਨ ਪਰ ਉਸ ਸੁਪਨੇ ਲਈ ਆਪਣੀਆਂ ਜਿੰਦਗੀਆਂ ਲਾ ਦੇਣ ਵਾਲੀਆਂ ਸਖਸ਼ੀਅਤਾਂ ਚੋਣਵੀਆਂ ਹੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸਖਸ਼ੀਅਤਾਂ ਦਾ ਵਿਛੋੜਾ ਹਮੇਸ਼ਾਂ ਬੇਵਕਤ ਹੀ ਹੁੰਦਾ ਹੈ।
ਪ੍ਰੋਫੈਸਰ ਗਿਲਾਨੀ ਦੇ ਬਿਖੜੇ ਸਮੇਂ ਵਿਚ ਉਨ੍ਹਾਂ ਦਾ ਸਾਥ ਦੇਣ ਵਾਲੇ ਪ੍ਰੋਫੈਸਰ ਜਤਿੰਦਰ ਨੇ ਕਿਹਾ ਕਿ ਸਟੇਟ ਦਾ ਤਸ਼ੱਦਦ ਪ੍ਰੋਫੈਸਰ ਗਿਲਾਨੀ ਦਾ ਹੌਂਸਲਾ ਨਹੀਂ ਸੀ ਤੋੜ ਸਕਿਆ ਅਤੇ ਸਟੇਟ ਜਿੰਨਾ ਜਿਆਦਾ ਤਸ਼ੱਦਦ ਕਰਦੀ ਗਈ ਪ੍ਰੋਫੈਸਰ ਗਿਲਾਨੀ ਓਨੇ ਹੀ ਵੱਧ ਸੰਜਮੀ ਹੁੰਦੇ ਗਏ।
ਪ੍ਰੋਫੈਸਰ ਜਤਿੰਦਰ ਨੇ ਕਿਹਾ ਕਿ ਜਦੋਂ ਪ੍ਰੋਫੈਸਰ ਗਿਲਾਨੀ ਬਹੁਤ ਬਿਖੜੇ ਹਾਲਾਤਾਂ ਵਿਚੋਂ ਲੰਘ ਰਹੇ ਸਨ ਓਦੋਂ ਵੀ ਕਦੇ ਉਨ੍ਹਾਂ ਨੇ ਪ੍ਰੋਫੈਸਰ ਗਿਲਾਨੀ ਦੇ ਚਿਹਰੇ ਤੇ ਗੁੱਸਾ ਜਾਂ ਸ਼ਿਕਨ ਨਹੀਂ ਸੀ ਵੇਖੇ ਬਲਕਿ ਉਨ੍ਹਾਂ ਦੇ ਚਿਹਰੇ ਤੇ ਸਦਾ ਮੁਸ਼ਕਾਨ ਹੀ ਹੁੰਦੀ ਸੀ। ਪ੍ਰੋਫੈਸਰ ਗਿਲਾਨੀ ਉੱਤੇ ਹੋਏ ਜਾਨਲੇਵਾ ਹਮਲੇ, ਜਿਸ ਵਿਚ ਉਨ੍ਹਾਂ ਨੂੰ ਪੰਜ ਗੋਲੀਆਂ ਲੱਗੀਆਂ ਸਨ, ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰੋਫੈਸਰ ਗਿਲਾਨੀ ਨੇ ਕਦੇ ਵੀ ਆਪਣੇ ਆਪ ਨੂੰ ਇਕ ਪੀੜਤ ਵਜੋਂ ਨਹੀਂ ਸੀ ਵੇਖਿਆ ਸਗੋਂ ਉਹ ਇਕ ‘ਯੋਧੇ’ ਵਾਙ ਵਿਚਰਦੇ ਰਹੇ।
ਪ੍ਰੋਫੈਸਰ ਜਤਿੰਦਰ ਨੇ ਪ੍ਰੋਫੈਸਰ ਗਿਲਾਨੀ ਦੇ ਪਰਿਵਾਰ ਵਲੋਂ ਵਿਖਾਏ ਸੰਜਮ ਦਾ ਵੀ ਉਚੇਚੇ ਤੌਰ ਉੱਤੇ ਜ਼ਿਕਰ ਕੀਤਾ।
ਉਨ੍ਹਾਂ ਆਪਣੀ ਗੱਲਬਾਤ ਮੁਕਾਉਂਣ ਤੋਂ ਪਹਿਲਾਂ ਪ੍ਰੋਫੈਸਰ ਗਿਲਾਨੀ ਦੇ ਇਨ੍ਹਾਂ ਸ਼ਬਦਾਂ ਨੂੰ ਦੁਹਰਾਇਆ ਕਿ ਜੋ ਭਾਰਤੀ ਸਟੇਟ ਕਸ਼ਮੀਰੀਆਂ ਨਾਲ ਕਰ ਰਹੀ ਹੈ ਉਹ ਇਕ ਦਿਨ ਸਾਰੇ ਹਿੰਦੋਸੰਤਾਨ ਨੂੰ ਭੁਗਤਣਾ ਪਵੇਗਾ।
ਪ੍ਰੋਫੈਸਰ ਜਤਿੰਦਰ ਨੇ ਅਖੀਰ ਵਿਚ ਕਿਹਾ ਕਿ ਪ੍ਰੋਫੈਸਰ ਗਿਲਾਨੀ ਨੂੰ ਇਕ ਸ਼ਖਸ਼ੀਅਤ ਵਜੋਂ ਨਹੀਂ ਬਲਕਿ ਇਕ ਵਿਚਾਰ ਵਜੋਂ ਯਾਦ ਕੀਤਾ ਜਾਦਾ ਰਹੇਗਾ ਕਿ ਹਨੇਰੇ ਨੂੰ ਦੂਰ ਕਰਨ ਲਈ ਆਪਣੇ ਆਪੇ ਨੂੰ ਜੋਤ ਵਾਗ ਜਲਾਉਣਾ ਪੈਦਾ ਹੈ।
ਪ੍ਰੋਫੈਸਰ ਗਿਲਾਨੀ ਦੀ ਯਾਦ ਵਿਚ ਹੋ ਰਹੇ ਇਸ ਸਮਾਗਮ ਵਿਚ ਤੇਲੰਗਾਨਾ ਤੋਂ ਆਏ ਪ੍ਰੋਫੈਸਰ ਹਰਗੋਪਾਲ ਨੇ ਕਿਹਾ ਕਿ ਜਦੋਂ ਅੱਜ ਤੋਂ ਤਕਰੀਬਨ ਤਿੰਨ ਦਹਾਕੇ ਪਹਿਲਾਂ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਮਨੁੱਖੀ ਹੱਕਾਂ ਬਾਰੇ ਵਖਿਆਨ ਕਰਨ ਆਏ ਸਨ ਤਾਂ ਅਗਲੇ ਦਿਨ ਪੰਜਾਬ ਦੀਆਂ ਅਖਬਾਰਾਂ ਵੇਖ ਕੇ ਉਨ੍ਹਾਂ ਨੂੰ ਹੈਰਾਨੀ ਹੋਈ ਸੀ ਕਿ ਉਨ੍ਹਾਂ ਦੇ ਵਖਿਆਨ ਦੀ ਖਬਰ ਬਹੁਤ ਪ੍ਰਮੁੱਖਤਾ ਨਾਲ ਲਾਈ ਗਈ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਇਸ ਬਾਰੇ ਆਪਣੇ ਇਕ ਜਾਣਕਾਰ ਨੂੰ ਪੁੱਛਿਆ ਤਾਂ ਉਹਦਾ ਜਵਾਬ ਸੀ ਕਿ ਅਖਬਾਰਾਂ ਤੇ ਸਰਕਾਰ ਪੰਜਾਬ ਦੇ ਲੋਕਾਂ ਨੂੰ ਇਹ ਦਰਸਾਉਣਾ ਚਾਹੁੰਦੀਆਂ ਹਨ ਕਿ ਹੁਣ ਪੰਜਾਬ ਵਿਚ ਮਨੁੱਖੀ ਹੱਕ ਬਹਾਲ ਹੋ ਗਏ ਹਨ।
ਪ੍ਰੋਫੈਸਰ ਹਰਗੋਪਾਲ ਨੇ ਕਿਹਾ ਕਿ ਬੀਤੇ ਹਫਤੇ ਪ੍ਰੋਫੈਸਰ ਗਿਲਾਨੀ ਦੀ ਯਾਦ ਵਿਚ ਦਿੱਲੀ ਵਿਖੇ ਇਕ ਸਮਾਗਮ ਹੋਇਆ ਸੀ ਜਿਸ ਵਿਚ ਬੋਲਦਿਆਂ ਅਰੁਨਧਤੀ ਰਾਏ ਨੇ ਕਿਹਾ ਸੀ ਕਿ ਜਿਨ੍ਹਾਂ ਵੀ ਲੋਕਾਂ ਨੂੰ ਉਹ ਆਪਣੀ ਜਿੰਦਗੀ ਵਿਚ ਮਿਲੀ ਹੈ ਉਨ੍ਹਾਂ ਵਿਚੋਂ ਪ੍ਰੋਫੈਸਰ ਗਿਲਾਨੀ ਉਹ ਸਭ ਤੋਂ ਨਿਡਰ ਅਤੇ ਸਾਊ ਮਨੁੱਖ ਸਨ।
ਕਸ਼ਮੀਰ ਨੂੰ ਖਾਸ ਸਿਆਸੀ ਰੁਤਬਾ ਦੇਣ ਵਾਲੀਆਂ ਸੰਵਿਧਾਨਿਕ ਧਾਰਾਵਾਂ 35-ਏ ਅਤੇ 370 ਖਤਮ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਪ੍ਰੋਫੈਸਰ ਹਰਗੋਪਾਲ ਨੇ ਕਿਹਾ ਕਿ ਭਾਰਤੀ ਉਪਮਹਾਂਦੀਪ ਵਿਚ ਹਾਲੇ ਵੀ ਕਈ ਸੂਬੇ ਅਜਿਹੇ ਹਨ ਜਿੱਥੇ ਅਜਿਹੇ ਹੀ ਨਿਯਮ ਲਾਗੂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਣੇ ਸੂਬੇ ਵਿਚ ਬਾਹਰਲੇ ਲੋਕ ਜਮੀਨ ਨਹੀਂ ਖਰੀਦ ਸਕਦੇ । ਉਨ੍ਹਾਂ ਕਿਹਾ ਕਿ ਮਿਜੋਰਮ ਅਤੇ ਨਾਗਾਲੈਂਡ ਵਿਚ ਜਾਣ ਲਈ ਤਾਂ ਪਰਮਿਟ ਲੈਣਾ ਪੈਦਾ ਹੈ। ਅਜਿਹੇ ਵਿਚ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ ਖਤਮ ਕਰਕੇ ਇਸ ਨੂੰ ਭਾਰਤ ਦਾ ਅਨਿੱਖੜ ਅੰਗ ਬਣਾ ਲੈਣ ਵਰਗੀਆਂ ਗੱਲਾਂ ਬਿਲਕੁਲ ਬੇਤੁਕੀਆਂ ਹਨ। ਉਨ੍ਹਾਂ ਇਸ ਕਾਰਵਾਈ ਦੀ ਸਖਤ ਅਲੋਚਨਾ ਕੀਤੀ ਅਤੇ ਇਸ ਨੂੰ ਕਸ਼ਮੀਰੀਆਂ ਨਾਲ ਧੱਕਾ ਕਰਾਰ ਦਿੱਤਾ।
ਭਾਰਤੀ ਸਿਆਸਤਦਾਨਾਂ ਦੀਆਂ ਕਸ਼ਮੀਰੀ ਬੀਬੀਆਂ ਵਾਰੇ ਮੰਦੀਆਂ ਟਿੱਪਣੀਆਂ ਨੂੰ ਪ੍ਰੋਫੈਸਰ ਹਰਗੋਪਾਲ ਨੇ ਸੱਭਿਆਚਾਰਿਕ ਨਿਘਾਰ ਅਤੇ ਘਟੀਆਪੁਣੇ ਦੀ ਨਿਸ਼ਾਨੀ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਭਾਰਤੀ ਸਟੇਟ ਲੋਕਾਂ ਦੇ ਮੁੱਢਲੇ ਸਰੋਕਾਰਾਂ ਨੂੰ ਹੱਲ ਕਰਨ ਵਿਚ ਨਾਕਾਮ ਅਤੇ ਅਸਮਰੱਥ ਹੈ ਇਸ ਲਈ ਇਹ ਜਿੰਮੇਵਾਰ ਬਣਨ ਦੀ ਥਾਂ ਜ਼ਾਬਰ ਬਣਦੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਵਲੋਂ ਕਸ਼ਮੀਰ ਉੱਤੇ ਲਾਈਆਂ ਪਾਬੰਦੀਆਂ ਫੌਰੀ ਤੌਰ ’ਤੇ ਹਟਾਈਆਂ ਜਾਣ।
ਸਮਾਗਮ ਦੇ ਅਗਲੇ ਬੁਲਾਰੇ ਅਤੇ ਮਨੁੱਖੀ ਹੱਕਾਂ ਲਈ ਕਾਨੂੰਨੀ ਜੱਦੋਂ-ਜਹਿਦ ਕਰਨ ਵਾਲੇ ਕਾਨੂੰਨੀ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਤਸੱਦਦ ਮਨੁੱਖ ਨੂੰ ਉਦਾਸੀ (ਡਿਪਰੈਸ਼ਨ) ਵੱਲ ਲੈ ਜਾਂਦਾ ਹੈ, ਤੇ ਉਸ ਹਿਸਾਬ ਨਾਲ ਤਾਂ ਪ੍ਰੋਫੈਸਰ ਗਿਲਾਨੀ ਦਾ ਜੀਵਨ ਬਹੁਤ ਉਦਾਸੀ ਭਰਿਆ ਹੋਣਾ ਚਾਹੀਦਾ ਸੀ। ਪਰ ਹਕੀਕਤ ਇਸ ਸੀ ਕਿ ਸਟੇਟ ਦੇ ਤਸੱਦਦ ਨਾਲ ਪ੍ਰੋਫੈਸਰ ਗਿਲਾਨੀ ਦੀ ਸ਼ਖਸੀਅਤ ਹੋਰ ਨਿਖਰਦੀ ਗਈ। ਅਜਿਹਾ ਉਨ੍ਹਾਂ ਦੇ ਜੀਵਨ ਵਿਚ ਆਏ ਰੂਹਾਨੀ ਅੰਸ਼ ਦਾ ਨਤੀਜਾ ਸੀ।
ਪ੍ਰੈਫੋਸਰ ਗਿਲਾਨੀ ਨਾਲ ਹੋਈ ਆਪਣੀ ਗੱਲਬਾਤ ਨੂੰ ਸਿੱਖ ਕਾਰਕੁੰਨ ਨਰੈਣ ਸਿੰਘ ਚੋੜਾ ਦੇ ਤਜਰਬੇ ਨਾਲ ਮਿਲਾ ਕੇ ਪੇਸ਼ ਕਰਦਿਆਂ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਹ ਲੋਕ ਦੱਸਦੇ ਹਨ ਕਿ ਪੁਲਿਸ ਪੜਤਾਲ (ਇਨਟੈਰੌਗੇਸ਼ਨ) ਕਰਨ ਵਾਲਿਆਂ ਦੀ ਮਾਨਸਿਕਤਾ ਬਿਲਕੁਲ ਬਿਪਰਵਾਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਆਪਣੀ ਨਾਕਾਮੀ ਨੂੰ ਲੁਕਾਉਂਣ ਲਈ ਝੂਠੇ ਕੇਸ ਪਾਉਂਦੀਆਂ ਹਨ।
ਭਾਰਤੀ ਉਪ-ਮਹਾਦੀਪ ਦੇ ਜਰਜਰੇ ਹੋ ਚੁੱਕੇ ਨਿਆਇਕ ਢਾਂਚੇ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਹਿਰਾਸਤ ਵਿਚ ਤਾਂ ਗ੍ਰਿਫਤਾਰ ਕੀਤੇ ਲੋਕਾਂ ਨੂੰ ਪਹਿਲਾਂ ਹੀ ਕੋਈ ਹੱਕ ਨਹੀਂ ਸਨ ਮਿਲਦੇ ਅਤੇ ਹੁਣ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਜਮਾਨਤ ਦਾ ਹੱਕ ਵੀ ਲਗਭਗ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੈਦਰਾਬਾਦ ਵਿਚ ਬੀਤੇ ਦਿਨੀਂ ਬਣਾਇਆ ਗਿਆ ਪੁਲਿਸ ਮੁਕਾਬਲਾ ਦਰਸਾਉਂਦਾ ਹੈ ਕਿ ਹੁਣ ਤਾਂ ਮੁਕਦਮਾ ਲੜ ਕੇ ਆਪਣੇ ਆਪ ਨੂੰ ਬੇਗੁਨਾਹ ਸਾਬਿਤ ਕਰ ਦਾ ਹੱਕ ਵੀ ਖਤਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਬਿਖੜੇ ਹਾਲਾਤ ਵਿਚ ਵੀ, ਘੱਟੋ-ਘੱਟ ਪੰਜਾਬ ਵਿਚ, ਹਰ ਵੰਨਗੀ ਦੇ ਲੋਕਾਂ ਵਿਚ ਸੰਵਾਦ ਹੋ ਰਿਹਾ ਹੈ। ਇਸ ਲਈ ਬੇਹਤਰੀ ਦੀ ਉਮੀਦ ਬਰਕਰਾਰ ਹੈ।
ਪ੍ਰੋਫੈਸਰ ਗਿਲਾਨੀ ਨਾਲ ਮਿਲ ਕੇ ਸਾਂਝੀ ਸਰਗਰਮੀ ਕਰਨ ਵਾਲੇ ਸਿੱਖ ਆਗੂ ਅਤੇ ਦਲ ਖਾਲਸਾ ਦੇ ਬੁਲਾਰੇ ਸਰਦਾਰ ਕੰਵਰਪਾਲ ਸਿੰਘ ਨੇ ਕਿਹਾ ਕਿ ਮਨੁੱਖੀ ਹੱਕਾਂ ਦੇ ਕਾਰਕੁੰਨ ਹੋਣ ਤੋਂ ਪਹਿਲਾਂ ਹੀ ਪ੍ਰੋਫੈਸਰ ਗਿਲਾਨੀ ਕਸ਼ਮੀਰ ਦੀ ਆਜ਼ਾਦੀ ਦੇ ਨਿੱਧੜਕ ਹਾਮੀ ਸਨ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚਲੀਆਂ ਸਾਰੀਆਂ ਹੀ ਆਜ਼ਾਦੀ ਪਸੰਦ ਧਿਰਾਂ ਪ੍ਰੋਫੈਸਰ ਗਿਲਾਨੀ ਨੂੰ ਦਿੱਲੀ ਵਿਚ ਕਸ਼ਮੀਰ ਦੀ ਆਜ਼ਾਦੀ ਦਾ ਅਲੰਬਰਦਾਰ ਤਸਲੀਮ ਕਰਦੀਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕਸ਼ਮੀਰ ਰਹਿੰਦੇ ਆਜ਼ਾਦੀ ਪਸੰਦ ਆਗੂਆਂ ਨੂੰ ਪੰਜਾਬ ਨਹੀਂ ਸੀ ਆਉਂਣ ਦਿੱਤਾ ਜਾਂਦਾ ਤਾਂ ਉਹ ਦਿੱਲੀ ਰਹਿੰਦੇ ਪ੍ਰੋਫੈਸਰ ਗਿਲਾਨੀ ਨੂੰ ਕਸ਼ਮੀਰੀ ਸੰਘਰਸ਼ ਦੇ ਨੁਮਾਇੰਦੇ ਵਜੋਂ ਬੁਲਾਉਣ ਦਾ ਸੁਝਾਅ ਦਿੰਦੇ ਸਨ।
ਸਰਦਾਰ ਕੰਵਰਪਾਲ ਸਿੰਘ ਨੇ ਕਿਹਾ ਕਿ ਪਾਰਲਿਮੈਂਟ ਹਮਲੇ ਬਾਰੇ ਸਟੇਟ ਦਾ ਸੱਚ ਆਪਾਂ ਸਾਰਿਆਂ ਨੇ ਪੜਿ੍ਹਆ ਹੈ ਪਰ ਅਸਲ ਸੱਚ ਪ੍ਰੋਫੈਸਰ ਗਿਲਾਨੀ ਅਤੇ ਅਫਜਲ ਗੁਰੂ ਆਪਣੇ ਨਾਲ ਹੀ ਲੈ ਗਏ ਹਨ। ਉਨ੍ਹਾਂ ਕਿਹਾ ਕਿ ਮੈਂ ਪ੍ਰੋਫੈਸਰ ਗਿਲਾਨੀ ਨਾਲ ਆਪਣੀਆਂ ਲੰਮੀਆਂ ਮਿਲਣੀਆਂ ਦੌਰਾਨ ਉਨ੍ਹਾਂ ਤੋਂ ਪਾਰਲੀਮੈਂਟ ਹਮਲੇ ਬਾਰੇ ਕਈ ਵਾਰ ਪੁੱਛਿਆ ਸੀ। ਪਰ ਉਹ ਹਮੇਸ਼ਾਂ ਹੀ ਮੁਸਕੁਰਾ ਕੇ ਟਾਲ ਜਾਦੇ ਸਨ।
ਦਲ ਖਾਲਸਾ ਆਗੂ ਨੇ ਕਿਹਾ ਕਿ ਪ੍ਰੋਫੈਸਰ ਗਿਲਾਨੀ ਇਕ ਬਾਗੀ ਵਾਙ ਜੀਏ ਅਤੇ ਇਕ ਬਾਗੀ ਵਾਙ ਹੀ ਦੁਨੀਆ ਤੋਂ ਤੁਰ ਗਏ ਕਿਉਂਕਿ ਜਿਸ ਦਿਨ ਉਹ ਸੰਸਾਰ ਤੋਂ ਰੁਖ਼ਸਤ ਹੋਏ ਹਨ ਕਿਉਂਕਿ ਜਿਸ ਦਿਨ ਉਨ੍ਹਾਂ ਦੇ ਸਵਾਸ ਪੂਰੇ ਹੋਏ ਸਨ ਉਸ ਦਿਨ ਵੀ ਅਫ਼ਜਲ ਗੁਰੂ ਦੀ ਫਾਂਸੀ ਦੀ ਦਿੱਲੀ ਵਿਚ ਬਰਸੀ ਮਨਾਉਣ ਕਾਰਨ ਪਿਆ ਦੇਸ਼-ਧ੍ਰੋਹ ਦਾ ਮੁਕੱਦਮਾ ਬਰਕਰਾਰ ਸੀ। ਆਪਣੀ ਗੱਲ ਮੁਕਾਉਂਦਿਆਂ ਸਰਦਾਰ ਕੰਵਰਪਾਲ ਸਿੰਘ ਨੇ ਕਿਹਾ ਕਿ ਸਰਕਾਰਾਂ ਸੰਘਰਸਸ਼ੀਲ ਲੋਕਾਂ ਦੀ ਸਾਂਝ ਦੀਆਂ ਕੜੀਆਂ ਕੰਮਜੋਰ ਕਰਨਾ ਚਾਹੁੰਦੀਆਂ ਹਨ ਪਰ ਇਸ ਸਾਂਝ ਨੂੰ ਕਾਇਮ ਰੱਖਣਾ ਅਤੇ ਹੋਰ ਮਜਬੂਤ ਕਰਨਾ ਹੀ ਸਾਡੇ ਵੱਲੋਂ ਪ੍ਰੋਫੈਸਰ ਗਿਲਾਨੀ ਨੂੰ ਸੱਚੀ ਸ਼ਰਧਾਜਲੀ ਹੋਵੇਗੀ।
ਇਸ ਸਮਾਗਮ ਵਿਚ ਦਿੱਲੀ ਤੋਂ ਉਚੇਚੇ ਤੌਰ ਉੱਤੇ ਸੱਦੇ ਗਏ ਪ੍ਰੋਫੈਸਰ ਗਿਲਾਨੀ ਦੇ ਸਪੁੱਤਰ ਆਤਿਫ ਨੇ ਸਭ ਤੋਂ ਪਹਿਲਾਂ ਪ੍ਰਬੰਧਕਾਂ ਅਤੇ ਹਾਜਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ‘ਅੱਬੂ ਪੰਜਾਬ ਬਹੁਤ ਵਾਰ ਆਉਂਦੇ ਸਨ ਅਤੇ ਕਹਿੰਦੇ ਹੁੰਦੇ ਸਨ ਕਿ ਪੰਜਾਬੀ ਭਰਾ ਕਸ਼ਮੀਰ ਦੇ ਸੰਘਰਸ਼ ਦੇ ਹਾਮੀ ਹਨ। ਅੱਜ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਹੈ ਕਿ ਉਹ ਪੰਜਾਬ ਕਿਉਂ ਆਉਂਦੇ ਹੁੰਦੇ ਸਨ’।
ਆਤਿਫ ਨੇ ਕਿਹਾ ਕਿ ਜਿਹੜੀ ਚੀਜ ਕਿਸੇ ਕੋਲੋਂ ਜਿਆਦਾ ਖੋਹੀ ਜਾਵੇ ਉਸ ਚੀਜ ਬਾਰੇ ਉਹਦੀ ਖਿੱਚ ਓਨੀ ਹੀ ਵਧਦੀ ਜਾਂਦੀ ਹੈ ਅਤੇ ਮਨੁੱਖੀ ਹੱਕਾਂ ਦਾ ਮਸਲਾ ਬਿਲਕੁਲ ਅਜਿਹਾ ਹੀ ਹੈ। ਆਤਿਫ ਨੇ ਕਿਹਾ ਕਿ ‘ਮੈਂ ਤੇ ਮੇਰੀ ਭੈਣ ਨੇ ਮਨੁੱਖੀ ਹੱਕਾਂ ਬਾਰੇ ਇਹ ਸਬਕ ਆਪਣੇ ਅੱਬੂ ਤੋਂ ਸਿੱਖਿਆ ਹੈ। ਉਨ੍ਹਾਂ ਸਾਨੂੰ ਦੋਵਾਂ ਨੂੰ ਕਾਨੂੰਨ ਪੜਾਇਆ ਤਾਂ ਕਿ ਅਸੀਂ ਲੋਕਾਂ ਦੀ ਮਦਦ ਕਰ ਸਕੀਏ। ਅਸੀਂ ਆਪਣੇ ਹਿੱਸਾ ਪਾਉਂਣ ਲਈ ਪੂਰੀ ਵਾਹ ਲਾਵਾਂਗੇ’।
ਉਹਨੇ ਅੱਗੇ ਕਿਹਾ ਕਿ ਉਹਦੇ ਪਿਤਾ ਨੇ ਉਨ੍ਹਾਂ ਨਾਲ ਕਦੇ ਵੀ ਇਹ ਜਿਕਰ ਨਹੀਂ ਸੀ ਕੀਤਾ ਕਿ ਸਟੇਟ ਨੇ ਉਨ੍ਹਾਂ ਨਾਲ ਕਿਵੇਂ ਤਸੱਦਦ ਕੀਤਾ ਹੈ। ਉਸ ਨੇ ਕਿਹਾ ਕਿ ਸਾਡੇ ਪਿਤਾ ਨਾਲ ਇੰਨਾ ਕੁਝ ਵਾਪਰਿਆ ਸੀ ਪਰ ਉਨ੍ਹਾਂ ਨੇ ਸਾਨੂੰ ਕਦੇ ਵੀ ਨਫਰਤ ਨਹੀਂ ਸਿਖਾਈ।
ਆਤਿਫ ਨੇ ਕਿਹਾ ਕਿ ਉਸਦੇ ਪਿਤਾ ਨੂੰ ਕਸ਼ਮੀਰ ਦੇ ਸਵੈ-ਨਿਰਣੇ ਦੇ ਹੱਕ ਉੱਤੇ ਪੂਰਾ ਵਿਸਵਾਸ਼ ਸੀ ਉਹ ਕਹਿੰਦੇ ਹੁੰਦੇ ਸਨ ਕੀ ਕੋਈ ਵੀ ਜੰਗ ਜਿੱਤਣ ਲਈ ਹਿੰਮਤ ਸਭ ਤੋਂ ਜਰੂਰੀ ਹੁੰਦੀ ਹੈ।
ਸਮਾਗਮ ਦੇ ਅਖੀਰ ਵਿਚ ਮੰਚ ਸਚਾਲਕ ਰਮਨ ਨੇ ਸਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਚਾਰਧਾਰਾਵਾਂ ਦੀ ਵਿਲਗਣਾਂ ਤੋਂ ਪਾਰ ਦੀ ਸਾਂਝ ਦਾ ਸਿਲਸਿਲਾ ਜਾਰੀ ਰਹੇਗਾ।