ਪੱਤਰ

ਪ੍ਰੋ: ਭੁੱਲਰ ਦੀ ਫਾਂਸ਼ੀ ਦੀ ਸਜ਼ਾ ਖਤਮ ਕਰਵਾਉਣ ਲਈ ਸੰਘਰਸ :ਕੀ ਬਾਦਲ ਇਸ ਵਾਰੇ ਇਮਾਨਦਾਰ ਜਾਂ ਸਿਆਸੀ ਲਾਹਾ ਲੈਣ ਦੀ ਇਕ ਹੋਰ ਚਾਲ?

June 13, 2011 | By

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸ਼ੀ ਦੀ ਸਜ਼ਾ ਵਿਰੁੱਧ ਅਪੀਲ ਨੂੰ ਰਾਸਟਰਪਤੀ ਵਲੋਂ ਖਾਰਜ ਕਰਨ ਨੇ ਜਿਥੇ ਪੰਥਕ ਹਲਕਿਆਂ ਵਿਚ ਹੈਰਾਨੀ ਤੇ ਬੇਚੈਨੀ ਪੈਦਾ ਕੀਤੀ ਉਥੇ ਸਮੁੱਚੀ ਸਿੱਖ ਕੌਮ ਇਸ ਫੈਸਲੇ ਵਾਰੇ ਗੁਸੇ ਤੇ ਰੋਹ ਵਿਚ ਹੈ ਅਤੇ ਪ੍ਰੋ: ਭੁੱਲਰ ਦੀ ਬੰਦ-ਖਲਾਸੀ ਕਰਵਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੈ । ਇੰਨ੍ਹਾਂ ਭਾਵਨਾਵਾਂ ਨੂੰ ਇਕ ਯੋਜਨਾਬੰਦ ਤਰੀਕੇ ਨਾਲ ਅਮਲੀ ਰੂਪ ਦੇਣ ਤੇ ਇਸ ਵਾਰੇ ਸੰਘਰਸ ਦੀ ਰੂਪ ਰੇਖਾ ਤਿਆਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ ) ਨੇ ਲੁਧਿਆਣਾ ਵਿਖੇ 30 ਮਈ ਨੂੰ ਇਕ ਪੰਥਕ ਇਕੱਠ ਕਰਨ ਦਾ ਫੈਸਲਾ ਕੀਤਾ ਜਿਸ ਵਿਚ ਸਮੂਹ ਪੰਥਕ ਜਥੇਬੰਦੀਆਂ ਤੇ ਸਿੱਖ ਸਿਆਸੀ ਪਾਰਟੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ । ਸੱਤਾ ਤੇ ਕਾਬਜ਼ ਬਾਦਲ ਦਲ ਨੂੰ ਇਸ ਇਕੱਠ ਵਾਰੇ ਮਿਲ ਰਹੇ ਜਬਰਦਸਤ ਹੁੰਗਾਰੇ ਦੀਆਂ ਸੂਹੀਆ ਰਿਪੋਰਟਾਂ ਮਿਲਣ ਤੋਂ ਬਾਅਦ ਉਸਨੇ ਇਸ ਪੰਥਕ ਮੁੱਦੇ ਨੂੰ ਹਥਿਆਉਣ ਲਈ ਅਕਾਲ ਤਖਤ ਦੇ ਜਥੇਦਾਰ ਰਾਂਹੀ ਸ਼੍ਰੋਮਣੀ ਕਮੇਟੀ ਨੂੰ ਅੱਗੇ ਕਰ ਦਿੱਤਾ। ਇਸਦੇ ਫਲ ਸਰੂਪ ਸ਼੍ਰੋਮਣੀ ਕਮੇਟੀ ਨੇ ਵੀ 31 ਮਈ ਨੂੰ ਅੰਮਿਤਸਰ ਵਿਖੇ ਇਸ ਮੁੱਦੇ ਨੂੰ ਲੈਕੇ ਇਕ ਅਜਿਹਾ ਹੀ ਇਕੱਠ ਕਰਨ ਦਾ ਐਲਾਨ ਕਰ ਦਿੱਤਾ। ਇਸ ਦਾ ਫੌਰੀ ਪ੍ਰਭਾਵ ਇਹ ਪਿਆ ਕਿ ਲੁਧਿਆਣੇ ਦੇ ਇਕੱਠ ਵਿਚ ਪੰਥਕ ਜਥੇਬੰਦੀਆਂ ਨੇ ਅਕਾਲ ਤਖਤ ਦੀ ਸਰਵ-ਉੱਚਤਾ ਕਬੂਲਦੇ ਹੋਏ ਅਤੇ ਇਸ ਨਾਜਕ ਮੁੱਦੇ ਦੀ ਮਹੱਤਤਾ ਨੂੰ ਦੇਖਦੇ ਹੋਏ ਪੰਥਕ ਸ਼ਕਤੀ ਨੂੰ ਇਕ ਪਲੇਟਫਾਰਮ ਤੇ ਲਾਮਬੰਦ ਕਰਨ ਹਿੱਤ ਬਹੁਤ ਹੀ ਸੂਝ ਭਰਿਆ ਫੈਸਲਾ ਲੈਂਦੇ ਹੋਏ ਆਪਣੀ ਵੱਖਰੀ ‘ਐਕਸ਼ਨ ਪਲੈਨ’ ਉਲੀਕਣ ਜਾਂ ਐਲਾਨਣ ਦੀ ਥਾਂ ਅੰਮ੍ਰਿਤਸਰ ਮੀਟਿੰਗ ਵਿਚ ਹਿਸਾ ਲੈਣ ਅਤੇ ਉਥੇ ਲਏ ਫੈਸਲਿਆਂ ਵਿਚ ਸਹਿਯੋਗ ਦਾ ਫੈਸਲਾ ਕੀਤਾ।ਸ਼੍ਰੋਮਣੀ ਕਮੇਟੀ ਵਲੋਂ ਸ. ਭੁੱਲਰ ਦੇ ਬਚਾਅ ਲਈ ਕਨੂੰਨੀ ਚਾਰਾਜੋਈ ਕਰਨ ਲਈ ਇਕ ਕਮੇਟੀ ਦੇ ਗਠਨ, 11 ਜੂਨ ਨੂੰ ਅਕਾਲ ਤਖਤ ਵਿਖੇ ਸ. ਭੁੱਲਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਤੇ 20 ਜੂਨ ਨੂੰ ਪੰਜਾਬ ਦੇ ਗਵਰਨਰ ਨੂੰ ਸਮੂਹ ਜਥੇਬੰਦੀਆਂ ਵਲੋਂ ਮੰਗ ਪੱਤਰ ਦੇਣ ਦੇ ਪ੍ਰਸਤਾਵ ਨੂੰ ਸਭ ਨੇ ਮੰਜੂਰੀ ਦੇਕੇ ਪੰਥਕ ਏਕਤਾ ਤੇ ਸਿਆਸੀ ਸੂਝ-ਬੂਝ ਦਾ ਪ੍ਰਗਟਾਵਾ ਕੀਤਾ।ਉਸਤੋਂ ਬਾਅਦ ਵੀ ਅਵਤਾਰ ਸਿੰਘ ਮੱਕੜ ਦੇ ਬਿਆਨ ਆ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਸ. ਭੁੱਲਰ ਦੀ ਰਿਹਾਈ ਦੇ ਸੰਘਰਸ ਨੂੰ ਦੁਨੀਆ ਪੱਧਰ ਤਕ ਲੈ ਜਾਵੇਗੀ ।

ਇਹ ਸਭ ਸਲਾਘਾਯੋਗ ਕਦਮ ਤੇ ਫੈਸਲੇ ਹਨ ਤੇ ਇੰਨ੍ਹਾਂ ਦਾ ਸਵਾਗਤ ਹੋਣਾ ਹੀ ਚਾਹੀਦਾ ਹੈ ।

ਪਰ,ਪਰ ਫਿਰ ਵੀ ਇਕ ਪ੍ਰਸ਼ਨ ਵਾਰ ਵਾਰ ਸਿੱਖਾਂ ਨੂੰ ਬਚੈਨ ਕਰ ਰਿਹਾ ਹੈ ਅਤੇ ਉਹ ਇਹ ਹੈ ਕਿ ਕੀ ਬਾਦਲ ਜਾਂ ਉਸਦੇ ਪ੍ਰਭਾਵ ਹੇਠਲੀ ਸ਼੍ਰੋਮਣੀ ਕਮੇਟੀ ਦੇ ਇੰਨ੍ਹਾਂ ਯਤਨਾਂ ਪਿਛੇ ਸ. ਭੁੱਲਰ ਦੀ ਰਿਹਾਈ ਲਈ ਪੂਰੀ ਇਮਾਨਦਾਰੀ ਤੇ ਪ੍ਰਤੀਵੱਧਤਾ ਹੈ ? ਵੈਸੇ ਤਾਂ ਅਜਿਹੇ ਨਾਜਕ ਮੌਕੇ ਤੇ ਅਜਿਹੇ ਪ੍ਰਸ਼ਨ ਉਠਣੇ ਹੀ ਨਹੀਂ ਚਾਹੀਦੇ ਪਰ ਇੰਨ੍ਹਾਂ ਦੇ ਉਠਣ ਪਿਛੇ ਠੋਸ ਕਾਰਣ ਹਨ। ਕਿਉਂਕਿ ਬਾਦਲ ਦੇ ਅਤੀਤ ਦਾ ਇਹ ਇਤਿਹਾਸ ਰਿਹਾ ਹੈ ਕਿ ਉਸਨੇ ਬਹੁਤ ਹੀ ਨਾਜਕ ਮੋੜਾਂ ਤੇ ਕੌਮ ਨਾਲ ਧੋਖਾ ਕੀਤਾ ਹੈ ।ਜੇ ਜਿਆਦਾ ਪਿਛੇ ਨਾਂਹ ਜਾਈਏ ਤਾਂ ਸਰਦਾਰ ਬਾਦਲ ਦੀ ਇਸ ਕੇਸ ਸਬੰਧੀ ਨੀਅਤ ਵੀ ਸਾਫ ਨਹੀਂ ਰਹੀ। 2003 ਵਿਚ ਜਦੋਂ ਸੁਪਰੀਮ ਕੋਰਟ ਨੇ ਸ. ਭੁੱਲਰ ਦੀ ਫਾਂਸ਼ੀ ਦੀ ਸਜ਼ਾ ਨੂੰ ਕਾਇਮ ਰੱਖਣ ਦਾ ਫੈਸਲਾ ਦਿੱਤਾ ਤਾਂ ਉਸ ਸਮੇਂ ਵੀ ਮੋਹਾਲੀ ਦੇ ਇਕ ਗੁਰਦੁਆਰਾ ਸਾਹਿਬ ਵਿਚ ਸਮੂਹ ਪੰਥਕ ਜਥੇਬੰਦੀਆਂ ਤੇ ਸਿੱਖ ਸਿਆਸੀ ਪਾਰਟੀਆਂ ਦਾ ਇਕ ਇਕੱਠ ਹੋਇਆ ਸੀ ਜਿਸ ਵਿਚ ਬਾਦਲ ਦੇ ਨੁਮਾਇੰਦੇ ਵਜੋਂ ਕੈਪਟਨ ਕੰਵਲਜੀਤ ਸਿੰਘ ਸ਼ਾਮਲ ਹੋਏ ਸਨ। ਫੈਸਲਾ ਇਸਦੇ ਵਿਰੋਧ ਵਿਚ ਦਿੱਲੀ ਵਿਖੇ ਧਰਨਾ ਦੇਣ ਦਾ ਵੀ ਹੋਇਆ ਸੀ ਅਤੇ ਬਾਦਲ ਦੇ ਪ੍ਰਭਾਵ ਹੇਠਲੀ ਸ਼੍ਰੋਮਣੀ ਕਮੇਟੀ ਨੇ ਵਾਅਦਾ ਕੀਤਾ ਸੀ ਉਹ ਇਸ ਧਰਨੇ ਵਿਚ ਵੱਧ ਚੜ੍ਹਕੇ ਹਿਸਾ ਲਵੇਗੀ ਅਤੇ ਸ਼੍ਰੋਮਣੀ ਕਮੇਟੀ ਵੱਧ ਤੋਂ ਵੱਧ ਵਰਕਰਾਂ ਨੂੰਂ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕਰੇਗੀ। ਪਰ ਐਨ ਆਖਰੀ ਸਮੇਂ ਤੇ ਬਾਦਲ ਦਲੀਆਂ ਨੇ ਆਪਣੇ ਪੈਰ ਪਿਛੇ ਖਿਚ ਲਏ ਅਤੇ ਅੱਨ-ਮੰਨੇ ਜਿਹੇ ਤਰੀਕੇ ਨਾਲ ਇਸ ਵਿਚ ਹਿਸਾ ਲਿਆ ਅਤੇ ਬੱਸਾ ਵੀ ਥੋੜੀਆਂ ਜਿਹੀਆਂ ਦਾ ਪ੍ਰਬੰਧ ਹੀ ਕੀਤਾ।ਦੂਜਾ ਵੱਡਾ ਕਾਰਣ ਜੋ ਬਾਦਲ ਦੀ ਨੀਅਤ ਤੇ ਸ਼ੱਕ ਖੜ੍ਹੇ ਕਰਦਾ ਹੈ ਉਹ ਇਹ ਹੈ ਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਸ. ਭੁੱਲਰ ਦੇ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਕਤਲਾਂ ਵਿਚ ਸੁਮੇਧ ਸੈਣੀ ਦਾ ਹੱਥ ਹੈ ਪਰ ਇਹ ਜਾਣਦੇ ਹੋਏ ਵੀ ਉਸ ਨੂੰ ਉੱਚ ਅਹੁਦਾ ਹੀ ਨਹੀਂ ਦਿੱਤਾ ਸਗੋਂ ਉੱਚ ਅਦਾਲਤਾਂ ਵਿਚ ਸਰਕਾਰੀ ਤੌਰ ਤੇ ਸੈਣੀ ਦੀ ਹਮਾਇਤ ਤੇ ਸ. ਭੁੱਲਰ ਦਾ ਵਿਰੋਧ ਕੀਤਾ।ਸ਼. ਭੁੱਲਰ ਦੇ ਮਾਤਾ ਜੀ ਮਾਤਾ ਉਪਕਾਰ ਕੌਰ ਨੇ ਜੋ ਹਾਲ ਹੀ ਵਿਚ ਬਾਦਲ ਨੂੰ ਇਸ ਸਬੰਧੀ ਚਿੱਠੀ ਲਿਖੀ ਹੈ ਉਸ ਨਾਲ ਇਹ ਡਰ ਹੋਰ ਵੀ ਵੱਧ ਜਾਂਦਾ ਹੈ ਕਿ ਬਾਦਲ ਸ. ਭੁੱਲਰ ਦੀ ਰਿਹਾਈ ਲਈ ਨਹੀਂ ਸਗੋਂ ਆਪਣੀ ਸਿਆਸੀ ਸਾਖ ਬਣਾਈ ਰੱਖਣ ਲਈ ਕੰਮ ਕਰ ਰਿਹਾ ਹੈ ।

ਜੇ ਬਾਦਲ ਸਚੁਮੱਚ ਇਸ ਕੇਸ ਵਾਰੇ ਇਮਾਨਦਾਰ ਹੈ ਤਾਂ ਉਸਨੂੰ ਚਾਹੀਦਾ ਹੈ ਕਿ ਉਹ ਵਿਧਾਨ ਸਭਾ ਵਿਚ ਸ. ਭੁੱਲਰ ਦੀ ਰਿਹਾਈ ਦਾ ਮਤਾ ਪੇਸ਼ ਤੇ ਪਾਸ ਕਰਵਾਵੇ। ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਈ ਵਾਰੀ ਸ. ਭੁੱਲਰ ਦੀ ਰਿਹਾਈ ਦੀ ਗੱਲ ਕਰ ਚੁਕੇ ਹਨ । ਇਸ ਲਈ ਇਸ ਮਤੇ ਦੇ ਪਾਸ ਹੋਣ ਵਿਚ ਕੋਈ ਰੁਕਾਵਟ ਨਹੀਂ ਆਵੇਗੀ। ਬਾਦਲ ਨੂਂੰ ਇਹ ਵੀ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਵੀ ਅਜਿਹਾ ਮਤਾ ਪਾਸ ਕਰਕੇ ਕਮੇਟੀ ਦੇ ਸਾਰੇ ਮੈਂਬਰ ਰਾਸਟਰਪਤੀ ਨੂੰ ਇਸਨੂੰ ਮੈਮੋਂਰੰਡਮ ਦੇ ਰੂਪ ਵਿਚ ਖੁਦ ਜਾਕੇ ਪੇਸ਼ ਕਰਨ।ਇਹ ਇਕੱਲੀ ਕਨੂੰਨੀ ਲੜਾਈ ਨਹੀਂ ਹੈ । ਕਨੂੰਨ ਨੇ ਸ. ਭੁੱਲਰ ਨਾਲ ਬੇਇਨਸਾਫੀ ਕੀਤੀ ਹੈ । ਇਸ ਲਈ ਲੋੜ ਹੈ ਕਿ ਇਸਨੂੰ ਲੋਕਤੰਤਰਿਕ ਤਰੀਕੇ ਨਾਲ ਲੋਕਾਂ ਦੀ ਕਚਹਿਰੀ ਵਿਚ ਵੀ ਲਿਜਾਇਆ ਜਾਵੇ । ਇਸ ਲਈ ਜਰੂਰੀ ਹੈ ਕਿ ਬਾਦਲ ਇਕ ਦਿਨ ਲਈ ਪੰਜਾਬ ਬੰਦ ਦਾ ਸੱਦਾ ਦੇਵੇ।ਪੰਥਕ ਧਿਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਕਾਲ ਤਖਤ ਦੀ ਅਗਵਾਈ ਵਿਚ ਸ੍ਰੋਮਣੀ ਕਮੇਟੀ ਨੂੰ ਪੂਰਾ ਸਹਿਯੋਗ ਦੇਣ ਅਤੇ ਨਾਲ ਹੀ ਇਸ ਪੱਖੋਂ ਵੀ ਸੁਚੇਤ ਰਹਿਣ ਕਿ ਕਿਤੇ ਬਾਦਲਕੇ ਇਸ ਨੂੰ ਸਿਆਸੀ ਲਾਭ ਦਾ ਮੁੱਦਾ ਬਣਾਕੇ ਅੰਤ ਵਿਚ ਸ. ਭੁੱਲਰ ਦੀ ਰਿਹਾਈ ਵਾਰੇਂ ਅੱਖਾਂ ਹੀ ਮੀਟ ਲੈਣ।ਭਾਈ ਕਾਉਂਕੇ ਕੇਸ ਵਿਚ ਬਾਦਲ ਦੀ ਬੇਈਮਾਨੀ ਵੀ ਕਾਫੀ ਕੁਝ ਕਹਿ ਰਹੀ ਹੈ ।ਲੋੜ ਹੈ ਕਿ ਸੁਚੇਤ ਹੋਕੇ ਸ.ਭੁੱਲਰ ਦੀ ਰਿਹਾਈ ਲਈ ਠੋਸ ਤੇ ਇਮਾਨਦਾਰ ਯਤਨ ਕਰਨ ਦੀ ।

– ਮੇਜਰ ਸਿੰਘ ਖਾਲਸਾ (ਲੁਧਿਆਣਾ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: