July 4, 2012 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ (04 ਜੁਲਾਈ, 2012): ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਨੇ ਆਪਣੀ ਇਕ ਹਾਲੀਆ ਲਿਖਤ ਵਿਚ ਬਾਦਲ ਸਰਕਾਰ ਨੂੰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭਾਰਤ ਸਰਕਾਰ ਵੱਲੋਂ ਸੁਣਾਈ ਗਈ ਫਾਂਸੀ ਦੀ ਸਜ਼ਾ ਵਿਰੁਧ ਪੰਜਾਬ ਵਿਧਾਨ ਸਭਾ ਵਿਚ ਮਤਾ ਪੇਸ਼ ਕਰਨ ਤੋਂ ਭਗੌੜੇ ਕਰਾਰ ਦਿੱਤਾ ਹੈ। ਆਪਣੀ ਇਕ ਲਿਖਤ ਵਿਚ ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਅਖੀਰਲੇ ਦਿਨ, ਮੁੱਖ ਮੰਤਰੀ ਪੰਜਾਬ ਨੇ, ਇੱਕ ਖਾਸ ਮਤਾ ਵਿਧਾਨ ਸਭਾ ਵਿੱਚ ਪੇਸ਼ ਕੀਤਾ, ਜਿਸ ਵਿੱਚ ਕੇਂਦਰ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਪਾਕਿਸਤਾਨ ਵਿੱਚ ਫਾਂਸੀ ਦੀ ਸਜ਼ਾ ਪ੍ਰਾਪਤ ਸਰਬਜੀਤ ਸਿੰਘ ਦੀ ਰਿਹਾਈ ਦਾ ਮੁੱਦਾ ਮੁੜ ਪਾਕਿਸਤਾਨ ਸਰਕਾਰ ਕੋਲ ਉਠਾਵੇ। ਯਾਦ ਰਹੇ ਸਰਬਜੀਤ ਸਿੰਘ ਨੂੰ ਪਾਕਿਸਤਾਨ ਵਿੱਚ ਕੀਤੇ ਗਏ ਕਈ ਬੰਬ ਧਮਾਕਿਆਂ ਲਈ ਦੋਸ਼ੀ ਗਰਦਾਨਿਆ ਗਿਆ ਸੀ, ਜਿਨ੍ਹਾਂ ਵਿੱਚ ਕਈ ਔਰਤਾਂ ਤੇ ਬੱਚੇ ਵੀ ਮਾਰੇ ਗਏ ਸਨ। ਇਸ ਮਤੇ ਵਿੱਚ ਇਹ ਵੀ ਮੰਗ ਕੀਤੀ ਗਈ ਸੀ ਕਿ ਪਾਕਿਸਤਾਨੀ ਜੇਲ੍ਹਾਂ ਵਿੱਚ ਬੰਦ ਹੋਰ ਵੀ ਕਈ ਭਾਰਤੀਆਂ ਨੂੰ ਰਿਹਾਅ ਕਰਵਾਉਣ ਲਈ, ਕੇਂਦਰ ਸਰਕਾਰ ਪਾਕਿਸਤਾਨ ਨਾਲ ਰਾਬਤਾ ਬਣਾਏ।
ਬੜੀ ਖੁਸ਼ੀ ਦੀ ਗੱਲ ਹੈ ਕਿ ਬਾਦਲ ਸਾਹਿਬ ਅਤੇ ਪੰਜਾਬ ਵਿਧਾਨ ਸਭਾ ਨੂੰ ਪਾਕਿਸਤਾਨੀ ਜੇਲ੍ਹਾਂ ਵਿੱਚ ਬੰਦ ਭਾਰਤੀ ਕੈਦੀਆਂ (ਸਮੇਤ ਸਰਬਜੀਤ ਸਿੰਘ ਦੇ) ਦੀ ਯਾਦ ਸਤਾ ਰਹੀ ਹੈ। ਪਰ ਭਾਰਤੀ ‘ਕਾਨੂੰਨ ਸਾਜ਼’ ਵਿਧਾਨ ਸਭਾ ਵਿੱਚ ਬੈਠੇ ਇਨ੍ਹਾਂ ‘ਦੰਭੀਆਂ’ ਨੂੰ ਆਪਣੇ ਸੂਬੇ ਦੀਆਂ ਜੇਲ੍ਹਾਂ ਵਿੱਚ ਕਈ ਕਈ ਵਰ੍ਹਿਆਂ ਤੋਂ ਬੰਦ ਸਿੱਖ ਕੈਦੀ ਨਜ਼ਰ ਨਹੀਂ ਆਉਂਦੇ? ਭਾਰਤੀ ਖੁਫੀਆ ਏਜੰਸੀਆਂ ਦੀ ‘ਤਨਖਾਹ’ ’ਤੇ ਕੰਮ ਕਰਨ ਵਾਲਿਆਂ ਵਲੋਂ ਪਾਕਿਸਤਾਨ ਵਿੱਚ ਜਾ ਕੇ ਕੀਤੇ ਬੰਬ ਧਮਾਕਿਆਂ ਵਿੱਚ ਮਰਨ ਵਾਲੇ ਦਰਜਨਾਂ ਔਰਤਾਂ-ਬੱਚਿਆਂ ਦੇ ਕਾਤਲਾਂ ਲਈ ਤਾਂ ਵਿਧਾਨ ਸਭਾ ਮੈਂਬਰ ਪੱਬਾਂ ਭਾਰ ਹਨ ਪਰ ਆਪਣੇ ਦੇਸ਼ ਵਿੱਚ ਜ਼ੁਲਮ ਦੇ ਖਿਲਾਫ, ਸੰਘਰਸ਼ਸ਼ੀਲ ਪ੍ਰੋ. ਭੁੱਲਰ ਤੇ ਭਾਈ ਰਾਜੋਆਣਾ ਨੂੰ ਦਿੱਤੀ ਫਾਂਸੀ ਦੀ ਸਜ਼ਾ ਖਤਮ ਕਰਨ ਲਈ, ਇਸ ਵਿਧਾਨ ਸਭਾ ਨੇ ਮਤਾ ਕਿਉਂ ਨਹੀਂ ਪਾਸ ਕੀਤਾ? ਤਾਮਿਲਨਾਡੂ ਦੀ ਅਸੈਂਬਲੀ ਤਾਂ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਬਰੀ ਕਰਨ ਲਈ ਮਤਾ ਪਾਸ ਕਰ ਸਕਦੀ ਹੈ, ਪੰਜਾਬ ਵਿਧਾਨ ਸਭਾ ਲਈ, ਪੰਜਾਬ ਦੇ ‘ਸਪੁੱਤਰ’ ਪ੍ਰੋ. ਭੁੱਲਰ ਤੇ ਭਾਈ ਰਾਜੋਆਣਾ ਕਿਉਂ ਇਸ ਦੇ ਹੱਕਦਾਰ ਨਹੀਂ? ਯਾਦ ਰਹੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ, ਸ. ਪ੍ਰਕਾਸ਼ ਸਿੰਘ ਬਾਦਲ ਨੇ ਇਹ ਪਬਲਿਕ ਸਟੈਂਡ ਲਿਆ ਸੀ ਕਿ ਉਹ ਪ੍ਰੋ. ਭੁੱਲਰ ਦੀ ਰਿਹਾਈ ਲਈ, ਪੰਜਾਬ ਵਿਧਾਨ ਸਭਾ ਵਿੱਚ ਮਤਾ ਲਿਆਉਣਗੇ। ਇਸ ‘ਵਾਅਦੇ’ ਦਾ ਕੀ ਬਣਿਆ?
ਇੱਕ ਗੈਰ-ਦੇਸ਼ ਦੀ ਸਰਕਾਰ ਤੋਂ, ਕੈਦੀਆਂ ਦੀ ਰਿਹਾਈ ਲਈ, ਇਨ੍ਹਾਂ ਟੌਂਟ-ਬਟੌਂਟਾਂ ਨੇ ਅਸਮਾਨ ਸਿਰ ’ਤੇ ਚੁੱਕਿਆ ਹੋਇਆ ਹੈ ਪਰ ਆਪਣੀਆਂ ਜੇਲ੍ਹਾਂ ਦੇ ਦਰਵਾਜ਼ੇ ਖੋਲਣੇ ਕਿੰਨੇ ਕੁ ਔਖੇ ਹਨ? ਕੀ ਭਾਰਤੀ ਫਾਂਸੀ ਦੇ ਰੱਸੇ ਅਤੇ ਪਾਕਿਸਤਾਨੀ ਫਾਂਸੀ ਦੇ ਰੱਸੇ ਵਿੱਚ ਕੋਈ ਫਰਕ ਹੈ? ਪਾਕਿਸਤਾਨੀ ਜੇਲ੍ਹਾਂ ਵਿੱਚ 31 ਸਾਲ ਗੁਜ਼ਾਰ ਕੇ ਆਇਆ ਸੁਰਜੀਤ ਸਿੰਘ ਤਾਂ ਪਾਕਿਸਤਾਨੀਆਂ ਦੇ ਵਿਹਾਰ ਦੀ ਪੁੱਜ ਕੇ ਤਾਰੀਫ ਕਰ ਰਿਹਾ ਹੈ ਪਰ ਕੀ ਕਦੀ ਬਾਦਲ ਪਿਓ-ਪੁੱਤਰ ਨੇ (ਜਿਨ੍ਹਾਂ ਦੇ ਕੋਲ ਕਾਨੂੰਨ ਵਿਵਸਥਾ ਦਾ ਮਹਿਕਮਾ ਹੈ) ਪੰਜਾਬ ਦੀਆਂ ਜੇਲ੍ਹਾਂ ਦਾ ਹਾਲ ਦੇਖਿਆ ਹੈ ਕਿ ਉਥੇ ਆਪਣੇ ਦੇਸ਼ ਦੇ ‘ਸ਼ਹਿਰੀਆਂ’ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਂਦਾ ਹੈ ਅਤੇ ਕਿਹੋ ਜਿਹੀ ਖੁਰਾਕ ਦਿੱਤੀ ਜਾਂਦੀ ਹੈ? ਪੰਜਾਬ ਦੀਆਂ ਜੇਲ੍ਹਾਂ ਵਿੱਚ ਸੋਹਣਜੀਤ ਸਿੰਘ ਨੂੰ ਤਸੀਹੇ ਦੇ ਕੇ ਮਾਰ ਕੇ ਇਸ ਨੂੰ ‘ਆਤਮਘਾਤ’ ਐਲਾਨਿਆ ਜਾ ਸਕਦਾ ਹੈ ਅਤੇ ਕੁਲਵੰਤ ਸਿੰਘ ਨੂੰ ਸੁੱਤਿਆਂ ਪਿਆਂ ਨੂੰ ਜਿਊਂਦੇ ਸਾੜਿਆ ਜਾ ਸਕਦਾ ਹੈ… ਇਹ ਕਿਹੋ ਜਿਹਾ ਨਿਆਂਕਾਰੀ ਸਿਸਟਮ ਹੈ? ਕੀ ਭਾਰਤੀ ਹਾਕਮ ਤੇ ਉਨ੍ਹਾਂ ਦੇ ਬਾਦਲ ਵਰਗੇ ਦੁਮਛੱਲੇ, ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਣਗੇ?
Related Topics: Bhai Balwant Singh Rajoana, Prof. Devinder Pal Singh Bhullar, Sarabjit Singh Pakistan