ਸਿਆਸੀ ਖਬਰਾਂ

ਐਸ.ਵਾਈ.ਐਲ. ਨਹਿਰ ਮਾਮਲੇ ‘ਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਵਕਤ ਤਿਆਰ ਕਮੇਟੀ : ਪ੍ਰੋ. ਬਡੂੰਗਰ

By ਸਿੱਖ ਸਿਆਸਤ ਬਿਊਰੋ

November 15, 2016

ਅੰਮ੍ਰਿਤਸਰ (ਨਰਿੰਦਰਪਾਲ ਸਿੰਘ): ਦਰਬਾਰ ਸਾਹਿਬ ਕੰਪਲੈਕਸ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 96ਵੇਂ ਸਥਾਪਨਾ ਦਿਵਸ ਸਬੰਧੀ ਹੋਏ ਸਮਾਗਮ ਵਿੱਚ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਪ੍ਰੋ. ਬਡੂੰਗਰ ਨੇ ਸਮੁੱਚੇ ਖਾਲਸਾ ਪੰਥ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਸਥਾਪਨਾ ਦਿਵਸ ਮੌਕੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਕਾਇਮੀ ਵਾਸਤੇ ਸੈਂਕੜੇ ਸਿੱਖਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ, ਹਜ਼ਾਰਾਂ ਜੇਲ਼੍ਹਾਂ ਵਿੱਚ ਗਏ ਅਤੇ ਲੱਖਾਂ ਸਿੱਖ ਇਸ ਲਹਿਰ ਤੋਂ ਪ੍ਰਭਾਵਿਤ ਹੋਏ। ਇਸ ਦੇ ਬਾਵਜੂਦ ਸ਼੍ਰੋਮਣੀ ਕਮੇਟੀ 15 ਨਵੰਬਰ 1920 ਨੂੰ ਹੋਂਦ ਵਿੱਚ ਆਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਅਤੇ ਮਾਣਮਤੀ ਸੰਸਥਾ ਹੈ। ਇਸ ਸਿਰਮੌਰ ਸੰਸਥਾ ਨੇ ਦੇਸ਼ ਵਿੱਚ ਜਿੱਥੇ ਵੀ ਕਿਤੇ ਔਕੜ ਆਈ ਮੋਹਰੀ ਹੋ ਕੇ ਸਿੱਖਾਂ ਦੇ ਨਾਲ-ਨਾਲ ਹਰ ਜਾਤ ਤੇ ਹਰ ਵਰਗ ਦੇ ਲੋਕਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ ਵਿਸ਼ਵਾਸ ਦੁਆਇਆ ਜਾਂਦਾ ਹੈ ਕਿ ਉਨ੍ਹਾਂ ਦੀਆਂ ਉਮੀਦਾਂ ਤੇ ਪੂਰਾ ਉਤਰਨ ਦਾ ਯਤਨ ਕੀਤਾ ਜਾਵੇਗਾ। ਸਤਲੁਜ-ਯਮੁਨਾ ਲਿੰਕ ਨਹਿਰ ਮਾਮਲੇ ‘ਤੇ ਉਨ੍ਹਾਂ ਕਿਹਾ ਹੈ ਕਿ ਕਮੇਟੀ ਇਸ ਮਾਮਲੇ ‘ਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਵਕਤ ਤਿਆਰ ਹੈ।

ਇਸ ਮੌਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਨਾਲ ਭਾਈ ਰਾਮ ਸਿੰਘ ਅੰਤ੍ਰਿੰਗ ਕਮੇਟੀ ਮੈਂਬਰ, ਭਾਈ ਮਨਜੀਤ ਸਿੰਘ, ਅਮਰਜੀਤ ਸਿੰਘ ਬੰਡਾਲਾ, ਅਮਰੀਕ ਸਿੰਘ ਵਿਛੋਆ ਤੇ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਅਜੈਬ ਸਿੰਘ ਅਭਿਆਸੀ ਮੈਂਬਰ ਧਰਮ ਪ੍ਰਚਾਰ ਕਮੇਟੀ ਵੀ ਮੌਜੂਦ ਸਨ।

ਸਤਲੁਜ ਯਮੁਨਾ ਲਿੰਕ ਨਹਿਰ ਮਾਮਲੇ ‘ਤੇ ਸੁਪਰੀਮ ਕੋਰਟ ਦੇ ਆਏ ਫੈਸਲੇ ਦੇ ਸਬੰਧ ਵਿਚ ਗੱਲਬਾਤ ਕਰਦਿਆਂ ਪ੍ਰੋ. ਬਡੂੰਗਰ ਨੇ ਹਵਾਲਾ ਦਿੱਤਾ ਕਿ ਸਾਲ 1981 ਵਿੱਚ ਇਸ ਨਹਿਰ ਦੇ ਖਿਲਾਫ ਲਾਏ ਅਕਾਲੀ ਦਲ ਦੇ ਮੋਰਚੇ ਵਿੱਚ ਤਤਕਾਲੀਨ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਨਾਲ ਉਹ ਵੀ ਅਕਾਲੀ ਵਰਕਰ ਵਜੋਂ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਪੰਜਾਬੀਆਂ ਦੇ ਨਾਲ ਹੈ ਤੇ ਉਨ੍ਹਾਂ ਦੇ ਹਿੱਤਾਂ ਖਾਤਰ ਹਰ ਕੁਰਬਾਨੀ ਦੇਣ ਲਈ ਤਿਆਰ ਹੈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਹਰਿਆਣਾ ਵਿੱਚ ਵੱਸ ਰਹੇ ਸਿੱਖ ਤੇ ਸ਼੍ਰੋਮਣੀ ਕਮੇਟੀ ਮੈਂਬਰ ਸਿੱਖ ਨਹੀ ਹਨ? ਕੀ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰਨ ਵਾਲੇ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸਿੱਖ ਨਹੀਂ ਹਨ, ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਕਮੇਟੀ ਪ੍ਰਧਾਨ ਬਾਰ-ਬਾਰ ਪੰਜਾਬੀਆਂ ਦੇ ਹਿੱਤਾਂ ਦੀ ਗੱਲ ਦੁਹਰਾਉਂਦੇ ਰਹੇ ਤਾਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਅਕਾਲੀ ਦਲ ਦੀ ਸਿਆਸੀ ਭਾਈਵਾਲ ਪਾਰਟੀ ਭਾਜਪਾ ਨਾਲ ਰਲਕੇ ਇੱਕਠੇ ਮੋਰਚਾ ਲਾ ਰਹੇ ਹਨ ਤਾਂ ਪ੍ਰੋ. ਬਡੂੰਗਰ ਝੱਟ ਪੈਂਤੜਾ ਬਦਲ ਗਏ ਕਿ ਮੋਰਚਾ ਤਾਂ ਅਕਾਲੀ ਦਲ ਹੀ ਲਾਉਂਦਾ ਰਿਹਾ ਹੈ, ਸ਼੍ਰੋਮਣੀ ਕਮੇਟੀ ਤਾਂ ਸਹਿਯੋਗ ਹੀ ਕਰਦੀ ਰਹੀ ਹੈ ਤੇ ਕਰਦੀ ਰਹੇਗੀ। ਕੌਮ ਦੇ ਵਡੇਰੇ ਹਿੱਤਾਂ ਵਿੱਚ ਬਾਰ-ਬਾਰ ਸਭ ਨੂੰ ਨਾਲ ਲੈ ਕੇ ਚਲਣ ਦੀ ਗੱਲ ਕਰਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਬਾਬਾ ਰਣਜੀਤ ਸਿੰਘ ਢਡਰੀਆਂ ਵਾਲੇ ਦਰਮਿਆਨ ਵਖਰੇਵਿਆਂ ਦੇ ਮਾਮਲੇ ਵਿੱਚ ਕੁਝ ਕਹਿਣ ਤੋਂ ਸੰਕੋਚ ਕਰ ਗਏ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਵਲੋਂ ਸੇਵਾ ਮੁਕਤ ਕੀਤੇ ਪੰਜ ਪਿਆਰੇ ਸਿੰਘਾਂ ਅਤੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਬਾਰੇ ਵੀ ਵਿਚਾਰ ਹੋ ਸਕਦੀ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਦੇ ਪਾਣੀਆਂ ਬਾਰੇ ਕੋਈ ਵੀ ਠੋਸ ਦਸਤਾਵੇਜ਼ ਪੰਜਾਬ ਤੇ ਸੰਸਾਰ ਦੇ ਲੋਕਾਂ ਸਾਹਮਣੇ ਰੱਖਣ ਵਿੱਚ ਕਮੇਟੀ ਦੇ ਅਸਫਲ ਰਹਿਣ ਬਾਰੇ ਜਵਾਬ ਦਿੰਦਿਆਂ ਪ੍ਰੋ. ਬਡੂੰਗਰ ਅਸਿੱਧੇ ਢੰਗ ਨਾਲ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ 11 ਸਾਲਾ ਕਮੇਟੀ ਨਿਜ਼ਾਮ ਨੂੰ ਦੋਸ਼ੀ ਠਹਿਰਾਇਆ।

ਇਸ ਮੌਕੇ ਹਰਚਰਨ ਸਿੰਘ ਮੁੱਖ ਸਕੱਤਰ, ਦਿਲਜੀਤ ਸਿੰਘ ਬੇਦੀ, ਹਰਭਜਨ ਸਿੰਘ ਮਨਾਵਾਂ, ਸੁਖਦੇਵ ਸਿੰਘ ਭੂਰਾਕੋਹਨਾ, ਡਾ. ਪਰਮਜੀਤ ਸਿੰਘ ਸਰੋਆ, ਬਲਵਿੰਦਰ ਸਿੰਘ ਜੌੜਾਸਿੰਘਾ, ਰਣਜੀਤ ਸਿੰਘ, ਕੇਵਲ ਸਿੰਘ ਤੇ ਬਿਜੈ ਸਿੰਘ ਵਧੀਕ ਸਕੱਤਰ, ਸੁਲੱਖਣ ਸਿੰਘ ਮੈਨੇਜਰ, ਸਕੱਤਰ ਸਿੰਘ, ਹਰਿੰਦਰਪਾਲ ਸਿੰਘ, ਜਸਵਿੰਦਰ ਸਿੰਘ ਦੀਨਪੁਰ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਕਾਹਲਵਾਂ ਤੇ ਕੁਲਵਿੰਦਰ ਸਿੰਘ ‘ਰਮਦਾਸ’ ਮੀਤ ਸਕੱਤਰ, ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਮਲਕੀਤ ਸਿੰਘ ਸੀਨੀਅਰ ਸੁਪ੍ਰਿੰਟੈਂਡੈਂਟ, ਹਰਜਿੰਦਰ ਸਿੰਘ, ਸੁਖਰਾਜ ਸਿੰਘ, ਲਖਬੀਰ ਸਿੰਘ ਤੇ ਲਖਵਿੰਦਰ ਸਿੰਘ ਬਦੋਵਾਲ ਵਧੀਕ ਮੈਨੇਜਰ, ਸਤਨਾਮ ਸਿੰਘ ਮਾਂਗਾਸਰਾਏ ਮੀਤ ਮੈਨੇਜਰ, ਕਰਮਬੀਰ ਸਿੰਘ, ਬਲਕਾਰ ਸਿੰਘ ਜੌੜਾ, ਬਲਵਿੰਦਰ ਸਿੰਘ ਖੈਰਾਬਾਦ, ਜਸਵਿੰਦਰ ਸਿੰਘ ਦੀਪ, ਨਿਰਵੈਲ ਸਿੰਘ ਤੇ ਮਨਜੀਤ ਸਿੰਘ ਇੰਚਾਰਜ, ਕੁਲਦੀਪ ਸਿੰਘ ਤੇੜਾ ਤੋਂ ਇਲਾਵਾ ਸ੍ਰੀ ਗੁਰੂ ਸਿੰਘ ਸਭਾ ਤੋਂ ਸੁਰਿੰਦਰ ਸਿੰਘ ਜਨਰਲ ਸਕੱਤਰ, ਨਰਿੰਦਰਪਾਲ ਸਿੰਘ ਸਕੱਤਰ ਤੇ ਅਜਾਇਬ ਸਿੰਘ ਦਫ਼ਤਰੀ ਸਕੱਤਰ, ਗੁਰੂ ਨਾਨਕ ਗੁਰਪੁਰਬ ਕਮੇਟੀ ਤੋਂ ਗੁਰਬਖਸ਼ ਸਿੰਘ ਬੇਦੀ, ਸ਼ਬਦ ਕੀਰਤਨ ਨਾਮ ਸਿਮਰਨ ਕਮੇਟੀ ਤੋਂ ਗੁਰਬਖਸ਼ ਸਿੰਘ ਬੱਗਾ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ/ਕਰਮਚਾਰੀ ਅਤੇ ਹੋਰ ਸੰਗਤਾਂ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: