ਖਾਸ ਖਬਰਾਂ

ਸ਼੍ਰੋਮਣੀ ਕਮੇਟੀ ‘ਚ 1973 ਤੋਂ ਹੋਈਆਂ ਨਿਯੁਕਤੀਆਂ, ਤਰੱਕੀਆਂ ਬਾਰੇ ਵੀ ਹੋਵੇ ਪੜਤਾਲ : ਪ੍ਰੋ. ਬਡੂੰਗਰ

By ਸਿੱਖ ਸਿਆਸਤ ਬਿਊਰੋ

April 06, 2018

ਪਟਿਆਲਾ: ਸ਼੍ਰੋਮਣੀ ਕਮੇਟੀ ਵੱਲੋਂ 523 ਮੁਲਾਜ਼ਮਾਂ ਨੂੰ ਫਾਰਗ ਕੀਤੇ ਜਾਣ ‘ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਪਣੇ ਕਾਰਜਕਾਲ ਦੌਰਾਨ ਹੋਈਆਂ ਨਿਯੁਕਤੀਆਂ ਨੂੰ ਸਹੀ ਕਰਾਰ ਦਿੱਤਾ ਹੈ। ਉਹ ਅੱਜ ਆਪਣੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।

ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੇਰੇ ਕਾਰਜਕਾਲ ਦੌਰਾਨ ਹੋਈ ਭਰਤੀ ਪ੍ਰਕਿਰਿਆ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਗਈ ਭਰਤੀ ਦੱਸਿਆ ਜਾ ਰਿਹਾ ਹੈ, ਜਦਕਿ ਸਾਰੀਆਂ ਨਿਯੁਕਤੀਆਂ 1925 ਦੇ ਐਕਟ ਅਧੀਨ ਹੀ ਕੀਤੀਆਂ ਗਈਆਂ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦਿੱਤੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਭਾਈ ਲੌਂਗੋਵਾਲ ਆਪਣੇ ਬਿਆਨ ‘ਚ ਕਹਿ ਰਹੇ ਹਨ ਕਿ ਮੁੜ ਭਰਤੀ ਨਿਯਮਾਂ ਅਨੁਸਾਰ ਕੀਤੀ ਜਾਵੇਗੀ ਅਤੇ ਨਿਯਮਾਂਵਾਲੀ ਤਿਆਰ ਕੀਤੀ ਜਾ ਰਹੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਭਰਤੀ ਸਬੰਧੀ ਨਿਯਮਾਂਵਾਲੀ ਬਣਾ ਰਹੀ ਹੈ ਤਾਂ ਮੇਰੇ ਕਾਰਜਕਾਲ ਦੌਰਾਨ ਹੋਈ ਭਰਤੀ ਸਮੇਂ ਨਿਯਮ ਕਿਵੇਂ ਛਿੱਕੇ ਟੰਗੇ ਗਏ?

ਪ੍ਰੋ. ਬਡੂੰਗਰ ਨੇ ਕਿਹਾ ਕਿ ਜੇ ਭਰਤੀ ਪ੍ਰਕਿਰਿਆ ਬਾਰੇ ਸ਼੍ਰੋਮਣੀ ਕਮੇਟੀ ਨੇ ਜਾਂਚ ਹੀ ਕਰਵਾਉਣੀ ਸੀ ਤਾਂ 1973 ਤੋਂ ਬਾਅਦ ਜਥੇਦਾਰ ਟੌਹੜਾ ਤੋਂ ਲੈ ਕੇ ਵੱਖ-ਵੱਖ ਸਮਿਆਂ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿਣ ਵਾਲਿਆਂ ਦੇ ਕਾਰਜਕਾਲ ਦੌਰਾਨ ਨਿਯੁਕਤੀਆਂ, ਤਰੱਕੀਆਂ, ਇਮਾਰਤਸਾਜ਼ੀ ਅਤੇ ਜ਼ਮੀਨਾਂ ਦੀ ਖਰੀਦੋ ਫਰੋਖਤ ਬਾਰੇ ਪੜਤਾਲ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਮੇਰੇ ਕਾਰਜਕਾਲ ਦੌਰਾਨ ਹੋਈ ਭਰਤੀ ਪ੍ਰਕਿਰਿਆ ਨੂੰ ਮਰਿਆਦਾ ਦੀ ਉਲੰਘਣਾ ਦੱਸਿਆ ਜਾ ਰਿਹਾ ਹੈ, ਜਦਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਕਈ ਵਾਰ ਧਾਰਮਿਕ ਸਟੇਜਾਂ ਤੋਂ ਗੁਰਬਾਣੀ ਦੀਆਂ ਤੁਕਾਂ ਦਾਂ ਨਿਰਾਦਰ ਕਰ ਚੁੱਕੇ ਹਨ, ਕੀ ਇਹ ਸਭ ਮਰਿਯਾਦਾ ਦੇ ਉਲਟ ਨਹੀਂ ਹੈ? ਜਿਸ ਨਾਲ ਪੰਥ ਤੇ ਸਿੱਖ ਕੌਮ ਦਾ ਨੁਕਸਾਨ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਲੋੜਵੰਦ ਸਿੱਖ ਬੱਚੇ ਬੱਚੀਆਂ ਨੂੰ ਭਰਤੀ ਕੀਤੇ ਜਾਣ ਨਾਲ ਸ਼੍ਰੋਮਣੀ ਕਮੇਟੀ ਦਾ ਕੋਈ ਨੁਕਸਾਨ ਨਹੀਂ ਹੋਣ ਵਾਲਾ, ਜਦਕਿ ਗਰੀਬ, ਲੋੜਵੰਦ ਤੇ ਜ਼ਰੂਰਤਮੰਦਾਂ ਨੂੰ ਰੁਜ਼ਗਾਰ ਦੇਣਾ ਵੱਡੀ ਗੱਲੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਫਾਰਗ ਕੀਤੇ ਜਾਣ ਦੀ ਬਜਾਏ ਮਸਲੇ ਦਾ ਹੱਲ ਸਕਰੀਨਿੰਗ ਕਰਕੇ ਹੋ ਸਕਦਾ ਸੀ ਨਾ ਕਿ ਫਾਰਗ ਕੀਤੇ ਜਾਣ ਨਾਲ ਹੱਲ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪੰਥਕ ਸਿਰਮੌਰ ਸੰਸਥਾ ਹੈ, ਜੋ ਹਮੇਸ਼ਾ ਲੋੜਵੰਦਾਂ ਅਤੇ ਜ਼ਰੂਰਤਾਂ ਲਈ ਅੱਗੇ ਆਣ ਕੇ ਖੜਦੀ ਰਹੀ ਹੈ।

ਇਕ ਸਵਾਲ ਦਾ ਜਵਾਬ ਦਿੰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਦੀ ਪੜਤਾਲ ਕਰਵਾਉਣ ਤੋਂ ਪਹਿਲਾਂ ਮੈਨੂੰ ਭਰੋਸੇ ‘ਚ ਲੈਣਾ ਚਾਹੀਦਾ ਸੀ, ਜੋ ਕਿ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵੱਲੋਂ ਅਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲਾਏ ਜਾ ਰਹੇ ਦੋਸ਼ਾਂ ਬਾਰੇ ਮੇਰਾ ਸਪੱਸ਼ਟੀਕਰਨ ਲਿਆ ਜਾਣਾ ਚਾਹੀਦਾ ਸੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਦੇ ਮਾਮਲੇ ‘ਤੇ ਮੇਰੇ ਅਕਸ ਨੂੰ ਖਰਾਬ ਤੇ ਬਦਨਾਮ ਕਰਨਾ ਮੰਦਭਾਗਾ ਹੈ, ਜਦਕਿ ਮਾਮਲੇ ਦੀ ਸੱਚਾਈ ਨੂੰ ਸਮੁੱਚੇ ਪੰਥ ਸਾਹਮਣੇ ਲਿਆਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਦੋ ਸਾਬਕਾ ਜਾਂ ਮੌਜੂਦਾ ਸਿੱਖ ਜੱਜ ਸਾਹਿਬਾਨ ਦੀ ਕਮੇਟੀ ਪਾਸੋਂ ਜਾਂਚ ਕਰਵਾਉਣੀ ਚਾਹੀਦੀ ਹੈ।

ਉਨ੍ਹਾਂ ਸਵਾਲ ਖੜਾ ਕਰਦਿਆਂ ਕਿਹਾ ਕਿ ਅੱਜ ਡਾਇਰੈਕਟਰ ਐਜੂਕੇਸ਼ਨ ਵੱਲੋਂ ਥੋਕ ‘ਚ ਭਰਤੀਆਂ ਕੱਢਕੇ ਮੁਲਾਜ਼ਮਾਂ ਨੂੰ ਭੰਬਲਭੂਸੇ ‘ਚ ਪਾਇਆ ਜਾ ਰਿਹਾ ਹੈ, ਜਦਕਿ ਅਦਾਰੇ ‘ਚ ਅਸਾਮੀਆਂ ਹੀ ਨਹੀਂ ਸਨ ਤਾਂ ਪਹਿਲਾਂ ਹੋਈ ਭਰਤੀ ਸਮੇਂ ਬੇਨਿਯਮੀਆਂ ਕਿਵੇਂ ਹੋ ਗਈਆਂ? ਜਦਕਿ ਕੀਤੀ ਗਈ ਭਰਤੀ ਨਿਯਮਾਂ ਅਤੇ ਯੋਗਤਾ ਦੇ ਆਧਾਰ ‘ਤੇ ਹੋਈ ਸੀ।

ਪ੍ਰੋ. ਬਡੂੰਗਰ ਨੇ ਮੁੜ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਪੜਤਾਲੀਆ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਐਕਟ 1925 ਅਤੇ ਸਮੇਂ ਸਮੇਂ ਜਨਰਲ ਇਜਲਾਸ ਵੱਲੋਂ ਪਾਸ ਮਤਿਆਂ ਦੀ ਜਾਣਕਾਰੀ ਹੀ ਨਹੀਂ ਹੈ, ਜਦਕਿ 1957 ਤੋਂ ਬਾਅਦ ਜਨਰਲ ਹਾਊਸ ‘ਚ ਭਰਤੀ ਪ੍ਰਕਿਰਿਆ ਬਾਰੇ ਮੁੜ ਤਰਮੀਮ ਕੀਤੀ ਗਈ, ਜਿਸ ਤਹਿਤ ਮੈਰਿਟ ਦੇ ਆਧਾਰ ‘ਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਗੁਰਦੁਆਰਿਆਂ, ਵਿਦਿਅਕ ਅਦਾਰਿਆਂ ਅਤੇ ਟਰੱਸਟ ‘ਚ ਮੈਰਿਟ ਦੇ ਆਧਾਰ ‘ਤੇ ਰੱਖੇ ਜਾਣ ਦੀ ਪ੍ਰਵਾਨਗੀ ਮਿਲੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: