ਪ੍ਰਦੂਸ਼ਿਤ ਪਾਣੀ ਕਾਰਨ ਇੰਦਰਾ ਗਾਂਧੀ ਨਹਿਰ ਦੇ ਕਾਲੇ ਹੋਏ ਪਾਣੀ ਵਿਚ ਮਰੀਆਂ ਹੋਈਆਂ ਮੱਛੀਆਂ

ਖਾਸ ਖਬਰਾਂ

ਬਿਆਸ ਦਰਿਆ ਵਿਚ ਮਿਲੇ ਕੈਮੀਕਲ ਪਦਾਰਥਾਂ ਮਗਰੋਂ ਪੰਜਾਬ ਵਿਚ ਵੱਡੇ ‘ਜਲ ਸੰਕਟ’ ਦਾ ਖਤਰਾ

By ਸਿੱਖ ਸਿਆਸਤ ਬਿਊਰੋ

May 20, 2018

ਚੰਡੀਗੜ੍ਹ: ਬਿਆਸ ਦਰਿਆ ਵਿਚ ਮਿਲੇ ਕੈਮੀਕਲ ਪਦਾਰਥਾਂ ਦਾ ਅਸਰ ਹੁਣ ਨਹਿਰੀ ਪਾਣੀ ਵਿਚ ਵੀ ਜਾ ਮਿਲਿਆ ਹੈ ਜਿਸ ਨੂੰ ਵੱਡੀ ਗਿਣਤੀ ਵਿਚ ਲੋਕ ਪੀਣ ਅਤੇ ਖੇਤੀ ਲਈ ਵਰਤਦੇ ਹਨ। ਮਾਲਵੇ ਦੇ ਹਜ਼ਾਰਾਂ ਜਲ ਘਰਾਂ ਲਈ ਨਹਿਰੀ ਪਾਣੀ ਲੈਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਮਗਰੋਂ ਲੋਕਾਂ ’ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਹਰੀਕੇ ਪੱਤਣ ਤੋਂ ਰਾਜਸਥਾਨ ਅਤੇ ਸਰਹਿੰਦ ਨਹਿਰਾਂ ’ਚ ਦੋ ਦਿਨਾਂ ਤੋਂ ਜ਼ਹਿਰੀਲਾ ਪਾਣੀ ਆਉਣ ਲੱਗ ਪਿਆ ਹੈ। ਅੱਜ ਸਰਹਿੰਦ ਨਹਿਰ ’ਚ ਮਰੀਆਂ ਹੋਈਆਂ ਮੱਛੀਆਂ ਦੇਖੀਆਂ ਗਈਆਂ। ਕਾਲੇ ਪਾਣੀ ਦਾ ਪਤਾ ਲੱਗਦੇ ਹੀ ਅੱਜ ਮਾਲਵੇ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਜਲ ਘਰਾਂ ਵਾਸਤੇ ਨਹਿਰੀ ਪਾਣੀ ਲੈਣਾ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ।

ਜਲ ਸਪਲਾਈ ਵਿਭਾਗ ਦੇ ਹੇਠਲੇ ਅਫ਼ਸਰਾਂ ਨੇ ਕਾਲਾ ਪਾਣੀ ਜਲ ਘਰਾਂ ’ਚ ਸਟੋਰ ਨਾ ਕਰਨ ਦਾ ਅਲਰਟ ਜਾਰੀ ਕਰ ਦਿੱਤਾ ਹੈ। ਰਾਜਸਥਾਨ ਸਰਕਾਰ ਨੇ ਵੀ ਸੂਬੇ ਦੇ ਨੌਂ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਹੈ। ਰਾਜਸਥਾਨ ਸਰਕਾਰ ਵੱਲੋਂ ਪਹਿਲਾਂ ਹੀ ਕੌਮੀ ਗਰੀਨ ਟ੍ਰਿਬਿਊਨਲ ਕੋਲ ਪੰਜਾਬ ਦੇ ਕਾਲੇ ਪਾਣੀ ਦੀ ਸ਼ਿਕਾਇਤ ਕੀਤੀ ਗਈ ਸੀ ਜਿਸ ਮਗਰੋਂ ਟ੍ਰਿਬਿਊਨਲ ਨੇ ਕਮੇਟੀ ਬਣਾਈ ਸੀ। ਜਲ ਸਰੋਤ ਵਿਭਾਗ ਹਨੂਮਾਨਗੜ੍ਹ ਦੇ ਮੁੱਖ ਇੰਜਨੀਅਰ ਕੇ ਐਲ ਜਾਖੜ ਨੇ ਦੱਸਿਆ ਕਿ ਰਾਜਸਥਾਨ ਨਹਿਰ ਵਿੱਚ ਦੋ ਦਿਨਾਂ ਤੋਂ ਜ਼ਹਿਰੀਲਾ ਪਾਣੀ ਵਧ ਗਿਆ ਹੈ ਜਿਸ ਮਗਰੋਂ ਇਹਤਿਆਤ ਵਜੋਂ ਕਦਮ ਚੁੱਕੇ ਗਏ ਹਨ।

ਸਬੰਧਿਤ ਖ਼ਬਰ: ਰਸਾਇਣ ਦੇ ਵਹਾਅ ਕਾਰਣ ਦਰਿਆ ਬਿਆਸ ਦਾ ਪਾਣੀ ਹੋਇਆ ਜ਼ਹਿਰੀਲਾ; ਲੱਖਾਂ ਦੀ ਤਦਾਦ ਵਿੱਚ ਮਰੀਆਂ ਮੱਛੀਆਂ

ਸਰਹਿੰਦ ਨਹਿਰ ਤੋਂ ਲੰਬੀ, ਗਿੱਦੜਬਾਹਾ, ਮਲੋਟ, ਮੁਕਤਸਰ, ਫ਼ਰੀਦਕੋਟ ਅਤੇ ਹੋਰ ਨੇੜਲੇ ਖੇਤਰਾਂ ਦੇ ਹਜ਼ਾਰਾਂ ਪਿੰਡਾਂ ਦੇ ਜਲ ਘਰਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਹੁੰਦੀ ਹੈ। ਪਿੰਡ ਥੇੜੀ ਦੇ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਤੋਂ ਸਰਹਿੰਦ ਕੈਨਾਲ ਵਿੱਚ ਮਰੀਆਂ ਹੋਈਆਂ ਮੱਛੀਆਂ ਦੇਖੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰਹਿੰਦ ਨਹਿਰ ’ਚੋਂ ਉਹ ਪਾਣੀ ਲਿਫ਼ਟ ਕਰਕੇ ਖੇਤਾਂ ਨੂੰ ਵੀ ਲਾ ਰਹੇ ਹਨ। ਇਸੇ ਪਿੰਡ ਦੇ ਲਵੀ ਭਾਈਕਾ ਨੇ ਕਿਹਾ ਕਿ ਮਜਬੂਰੀ ਕਰਕੇ ਕਿਸਾਨਾਂ ਨੂੰ ਪਾਣੀ ਖੇਤਾਂ ਲਈ ਵਰਤਣਾ ਪੈਂਦਾ ਹੈ।

ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਸਡੀਓ ਆਰ ਐਮ ਮੱਕੜ ਨੇ ਦੱਸਿਆ ਕਿ ਮਲੋਟ ਤੇ ਗਿੱਦੜਬਾਹਾ ਸ਼ਹਿਰ ਲਈ ਅੱਜ ਤੋਂ ਉਨ੍ਹਾਂ ਨਹਿਰੀ ਪਾਣੀ ਲੈਣਾ ਬੰਦ ਕਰ ਦਿੱਤਾ ਹੈ ਕਿਉਂਕਿ ਕਾਲਾ ਪਾਣੀ ਨਵਾਂ ਸੰਕਟ ਖੜ੍ਹਾ ਕਰ ਸਕਦਾ ਹੈ। ਹਲਕਾ ਲੰਬੀ ਅਤੇ ਮਲੋਟ ਦੇ ਸੈਂਕੜੇ ਪਿੰਡਾਂ ਦੇ ਜਲ ਘਰਾਂ ਦੇ ਮੁਲਾਜ਼ਮਾਂ ਕੋਲ ਵੀ ਸੁਨੇਹੇ ਭੇਜ ਦਿੱਤੇ ਗਏ ਹਨ। ਜਲ ਸਪਲਾਈ ਵਿਭਾਗ ਦੇ ਐਸਡੀਓ ਤਰਸੇਮ ਯਾਦਵ ਨੇ ਦੱਸਿਆ ਕਿ 40 ਦੇ ਕਰੀਬ ਜਲ ਘਰਾਂ ਦੇ ਮੁਲਾਜ਼ਮਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਨਾ ਲੈਣ ਦੇ ਸੁਨੇਹੇ ਦੇ ਦਿੱਤੇ ਹਨ। ਸੂਤਰਾਂ ਮੁਤਾਬਕ ਕਈ ਪਿੰਡਾਂ ਦੇ ਜਲ ਘਰਾਂ ਕੋਲ ਤਾਂ ਪਾਣੀ ਦੇ ਟੈਂਕ ਖਾਲੀ ਪਏ ਹਨ ਜਿਸ ਕਰਕੇ ਪਾਣੀ ਦਾ ਨਵਾਂ ਸੰਕਟ ਬਣ ਸਕਦਾ ਹੈ।

ਸਬੰਧਿਤ ਖ਼ਬਰ: ਮਹਿਜ ਹਾਦਸਾ ਨਹੀਂ ਹੈ, ਚੱਢਾ ਮਿਲ ਦਾ ਜ਼ਹਿਰੀਲਾ ਪਾਣੀ ਬਿਆਸ ‘ਚ ਡਿੱਗਣਾ

ਹਲਕਾ ਲੰਬੀ ਵਿੱਚ ਤਾਇਨਾਤ ਐਸਡੀਓ ਸੁਰਮੁੱਖ ਸਿੰਘ ਨੇ ਦੱਸਿਆ ਕਿ ਉੱਚ ਅਫ਼ਸਰਾਂ ਵੱਲੋਂ ਸੁਨੇਹੇ ਪ੍ਰਾਪਤ ਹੋਏ ਸਨ ਕਿ ਨਹਿਰੀ ਪਾਣੀ ਦੀ ਸਪਲਾਈ ਨਾ ਲਈ ਜਾਵੇ ਜਿਸ ਕਰਕੇ ਸਪਲਾਈ ਲੈਣੀ ਬੰਦ ਕਰ ਦਿੱਤੀ ਗਈ ਹੈ। ਖੇਤੀ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਜ਼ਹਿਰੀਲਾ ਪਾਣੀ ਖੇਤਾਂ ਲਈ ਵਰਤਿਆ ਜਾਂਦਾ ਹੈ ਤਾਂ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਜਿਹੇ ਪਾਣੀ ਤੋਂ ਗੁਰੇਜ਼ ਕਰਨ ਲਈ ਆਖਿਆ ਹੈ।

ਪੀਣ ਯੋਗ ਪਾਣੀ ਹੀ ਸਪਲਾਈ ਹੋਵੇਗਾ: ਤਲਵਾੜ ਜਲ ਸਪਲਾਈ ਵਿਭਾਗ ਦੀ ਪ੍ਰਬੰਧਕੀ ਸਕੱਤਰ ਜਸਪ੍ਰੀਤ ਤਲਵਾੜ ਨੇ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਕਾਲੇ ਪਾਣੀ ਵਾਲੀ ਸਪਲਾਈ ਨਾ ਲਈ ਜਾਵੇ। ਜੇਕਰ ਜਲ ਘਰਾਂ ਦੇ ਟੈਂਕਾਂ ਤੱਕ ਥੋੜਾ-ਬਹੁਤਾ ਪਾਣੀ ਪੁੱਜਿਆ ਹੈ ਤਾਂ ਟੈਂਕਾਂ ਨੂੰ ਫੌਰੀ ਸਾਫ਼ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੀਣ ਯੋਗ ਪਾਣੀ ਦੀ ਸਪਲਾਈ ਹੀ ਯਕੀਨੀ ਬਣਾਈ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: