ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਭਾਈ ਹਰਪਾਲ ਸਿੰਘ ਚੀਮਾ ਅਤੇ ਭਾਈ ਕੰਵਰਪਾਲ ਸਿੰਘ

ਆਮ ਖਬਰਾਂ

ਵਿਰੋਧੀ ਵਿਚਾਰਾਂ ਨੂੰ ਦਬਾਉਣ ਲਈ ਦੇਸ਼ ਧ੍ਰੋਹ ਕਨੂੰਨ ਦੀ ਸਰਕਾਰਾਂ ਕਰ ਰਹੀਆਂ ਹਨ ਦੁਰਵਰਤੋਂ

By ਸਿੱਖ ਸਿਆਸਤ ਬਿਊਰੋ

February 15, 2016

ਅੰਮ੍ਰਿਤਸਰ ਸਾਹਿਬ (14 ਫਰਵਰੀ, 2016): ਅਫਜਲ ਗੁਰੂ ਦੀ ਫਾਂਸੀ ਖਿਲਾਫ ਇੱਕ ਸਮਾਗਮ ਕਰਨ ਵਾਲੇ ਜੇਐਨਯੂ ਵਿਦਿਆਰਥੀਆਂ ਅਤੇ ਪ੍ਰੋ.ਐਸਏਆਰ ਗਿਲਾਨੀ ਉੱਤੇ ਦੇਸ਼ ਧ੍ਰੋਹ ਦੇ ਕੇਸ ਦਰਜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਦਲ ਖਾਲਸਾ ਨੇ ਕਿਹਾ ਕਿ ਅਜਿਹਾ ਕਰਕੇ ਭਾਰਤੀ ਰਾਜਪ੍ਰਣਾਲੀ ਅਤੇ ਪੁਲਿਸ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਰਾਜਸੀ ਟਕਰਾਅ ਵਾਲੇ ਮਾਮਲਿਆਂ ਵਿੱਚ ਦੇਸ਼ ਧ੍ਰੋਹ ਸੰਬੰਧੀ ਆਏ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ।

ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਮਨੁਖੀ ਅਧਿਕਾਰ ਜਥੇਬੰਦੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਭਾਰਤੀ ਗ੍ਰਿਹ ਮੰਤਰਾਲੇ ਦੇ ਗੈਰ ਸੰਵਿਧਾਨਿਕ ਅਤੇ ਗੈਰ ਵਾਜਿਬ ਹੁਕਮਾਂ ਨੂੰ ਮੰਨਦੇ ਹੋਏ ਤਿੰਨ ਸਾਲ ਪਹਿਲਾਂ ਭਾਰਤੀ ਰਾਜ ਵੱਲੋਂ ਅਫਜਲ ਗੁਰੂ ਨੂੰ ਦਿੱਤੀ ਗਈ ਨਜਾਇਜ ਫਾਂਸੀ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪ੍ਰੋ. ਗਿਲਾਨੀ ਨੂੰ ਦੇਸ਼ ਧ੍ਰੋਹ ਦੇ ਕੇਸ ਵਿੱਚ ਫਸਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ, ਕਸ਼ਮੀਰ, ਦਿੱਲੀ, ਨਾਗਾਲੈਂਡ ਅਤੇ ਹਰ ਜਗਾ ਪੀ.ਐਸ.ਏ ਤੋਂ ਲੈ ਕੇ ਯੂ.ਏ.ਪੀ ਐਕਟ (1967) ਅਤੇ ਅਫਸਪਾ ਤੋਂ ਲੈ ਕੇ ਦੇਸ਼ ਧ੍ਰੋਹ ਦੇ ਕਨੂੰਨਾਂ ਨੂੰ ਸਰਕਾਰਾਂ ਵੱਲੋਂ ਵਿਰੋਧੀ ਵੀਚਾਰਾਂ ਨੂੰ ਦਬਾਉਣ ਲਈ ਗਲਤ ਢੰਗ ਨਾਲ ਵਰਤਿਆ ਜਾਂਦਾ ਹੈ।

ਉਨ੍ਹਾਂ ਪੰਜਾਬ ਦੀ ਤਾਜਾ ਮਿਸਾਲ ਦਿੰਦਿਆਂ ਦੱਸਿਆ ਕਿ ਇਸੇ ਤਰਾਂ ਸਰਕਾਰ ਵੱਲੋਂ 10 ਨਵੰਬਰ ਨੂੰ ਪਿੰਡ ਚੱਬਾ ਵਿਖੇ ਹੋਏ ਸਿੱਖਾਂ ਦੇ ਸ਼ਾਂਤਮਈ ਇਕੱਠ ਦੇ ਪ੍ਰਬੰਧਕਾਂ ਤੇ ਦੇਸ਼ ਧ੍ਰੋਹ ਦੇ ਕੇਸ ਪਾਏ ਗਏ।

ਉਨ੍ਹਾਂ ਕਿਹਾ ਕਿ ਭਾਂਵੇ ਕਿ ਸੁਪਰੀਮ ਕੋਰਟ ਅਤੇ ਵੱਖ ਵੱਖ ਸੂਬਿਆਂ ਦੀਆਂ ਹਾਈ ਕੋਰਟਾਂ ਵੱਲੋਂ ਦੇਸ਼ ਧ੍ਰੋਹ ਦੇ ਕੇਸ ਪਾਉਣ ਸੰਬੰਧੀ ਸਾਫ ਹਦਾਇਤਾਂ ਦਿੱਤੀਆਂ ਗਈਆਂ ਹਨ, ਪਰ ਵਿਰੋਧੀ ਰਾਜਨੀਤਿਕ ਵਿਚਾਰ ਰੱਖਣ ਵਾਲਿਆਂ ਖਿਲਾਫ ਦੇਸ਼ ਧ੍ਰੋਹ ਦਾ ਕੇਸ ਪਾਉਣ ਵੇਲੇ ਪੁਲਿਸ ਅਤੇ ਜਾਂਚ ਏਜੰਸੀਆਂ ਵੱਲੋਂ ਉਨ੍ਹਾਂਹਦਾਇਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂਕਿਹਾ ਕਿ ਭਾਰਤ ਵਿੱਚ ਲਗਾਤਾਰ ਪੁਲਿਸ ਜਬਰ ਅਤੇ ਅਸਿਹਣਸ਼ੀਲਤਾ ਵੱਧਦੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਅਫਜਲ ਗੁਰੂ ਦੀ ਯਾਦ ਵਿੱਚ ਕੀਤਾ ਗਿਆ ਸਮਾਗਮ ਅਤੇ ਪ੍ਰੈਸ ਕਲੱਬ ਵਿੱਚ ਕੀਤਾ ਗਿਆ ਸੈਮੀਨਾਰ ਕਿਸੇ ਵੀ ਢੰਗ ਨਾਲ ਦੇਸ਼ ਧ੍ਰੋਹ ਨਹੀਂ ਕਿਹਾ ਜਾ ਸਕਦਾ ਤੇ ਨਾ ਹੀ ਇਨ੍ਹਾਂ ਸਮਾਗਮਾਂ ਕਾਰਨ ਕੋਈ ਹਿੰਸਕ ਘਟਨਾ ਵਾਪਰੀ ਹੈ। ਉਨ੍ਹਾਂਕਿਹਾ ਇਸ ਦੇ ਬਾਵਜੂਦ ਪੁਲਿਸ ਬੀਜੇਪੀ ਦੇ ਵਿਦਿਆਰਥੀ ਸੰਗਠਨ ਏਬੀਵੀਪੀ ਨਾਲ ਮਿਲਕੇ ਕਨੂੰਨ ਅਤੇ ਲੋਕਤੰਤਰ ਦੀ ਭਾਵਨਾ ਦੇ ਵਿਰੁੱਧ ਵਿਰੋਧੀ ਵੀਚਾਰਾਂ ਨੂ ਦਬਾਉਣ ਲਈ ਦੇਸ਼ ਧ੍ਰੋਹ ਦੇ ਕਨੂੰਨ ਦੀ ਗਲਤ ਵਰਤੋਂ ਕਰ ਰਹੀ ਹੈ।

ਉਨ੍ਹਾਂ ਭਾਰਤ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਦਖਲ ਦੇਣ ਤੇ ਵਿਦਿਆਰਥੀਆਂ ਅਤੇ ਪ੍ਰ. ਗਿਲਾਨੀ ਤੇ ਦਰਜ ਕੀਤੀ ਗਈ ਐਫ.ਆਈ.ਆਰ ਨੂੰ ਰੱਦ ਕਰਨ ਦੇ ਹੁਕਮ ਜਾਰੀ ਕਰਨ। ਉਨ੍ਹਾਂਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨਹੀਆ ਕੁਮਾਰ ਦੀ ਤੁਰੰਤ ਰਿਹਾਈ ਅਤੇ ਵਿਦਿਆਰਥੀਆਂ ਦੀ ਫੜੋ-ਫੜਾਈ ਲਈ ਕੀਤੀ ਜਾ ਰਹੀ ਛਾਪੇਮਾਰੀ ਨੂੰ ਬੰਦ ਕਰਨ ਦੀ ਮੰਗ ਕੀਤੀ।

ਪ੍ਰੋ. ਗਿਲਾਨੀ ਨੂੰ ਸਿੱਖਾਂ ਦਾ ਹਮਦਰਦ ਦੋਸਤ ਦੱਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਦਿੱਲੀ ਵਿੱਚ ਬੈਠ ਕੇ ਕਸ਼ਮੀਰੀਆਂ ਅਤੇ ਹੋਰ ਘੱਟਗਿਣਤੀਆਂ ਦੇ ਮਨੁੱਖੀ ਅਧਿਖਾਰਾਂ ਦੇ ਹੋ ਰਹੇ ਘਾਣ ਵਿਰੁੱਧ ਲਗਾਤਾਰ ਅਵਾਜ ਚੁੱਕਦੇ ਆ ਰਹੇ ਹਨ।

ਦਲ ਖਾਲਸਾ ਆਗੂ ਨੇ ਹੁਰੀਅਤ ਕਾਨਫਰੰਸ ਦੇ ਪ੍ਰਧਾਨ ਸਈਅਦ ਅਲੀ ਗਿਲਾਨੀ ਨੂੰ ਡੋਨ ਰਵੀ ਪੁਜਾਰੀ ਵੱਲੋਂ ਦਿੱਤੀ ਗਈ ਧਮਕੀ ਨੂੰ ਜੇਐਨਯੂ ਦੇ ਮਸਲੇ ਨਾਲ ਜੋੜਦਿਆਂ ਇਸ ਨੂੰ ਭਾਰਤੀ ਏਜੰਸੀਆਂ ਦੀ ਇੱਕ ਭੱਦੀ ਚਾਲ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਦੇ ਰਾਜਸੀ ਅਤੇ ਸੁਰੱਖਿਆ ਢਾਂਚੇ ਵਿੱਚ ਫੈਲ ਰਹੀ ਨਿਰਾਸ਼ਤਾ ਦਾ ਝਲਕਾਰਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਏਜੰਸੀਆਂ ਦੀ ਸ਼ਹਿ ਤੋਂ ਬਿਨ ਕੋਈ ਵੀ ਛੋਟਾ ਜਾ ਵੱਡਾ ਡੋਨ ਗਿਲਾਨੀ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਰਨ ਦੀ ਹਿੰਮਤ ਨਹੀਂ ਕਰ ਸਕਦਾ।ਉਨ੍ਹਾਂ ਕਿਹਾ ਕਿ ਜਿੰਦਗੀ ਅਤੇ ਮੋਤ ਪ੍ਰਮਾਤਮਾ ਦੇ ਹੱਥ ਹੈ ਤੇ ਲੱਖਾਂ ਲੋਕਾਂ ਦੀਆਂ ਦੁਆਵਾਂ ਗਿਲਾਨੀ ਸਾਹਿਬ ਦੀ ਰੱਖਿਆ ਕਰਨਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: