July 12, 2010 | By ਸਿੱਖ ਸਿਆਸਤ ਬਿਊਰੋ
ਸਾਦਿਕ (10 ਜੁਲਾਈ , 2010 – ਗੁਰਭੇਜ ਸਿੰਘ ਚੌਹਾਨ) ਪਿਛਲੇ ਦਿਨੀ ਜਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਤੋਂ ਕੁੱਝ ਨੌਜਵਾਨ ਰਾਜਬਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਚਾਈਂ-ਚਾਈਂ ਇਨੋਵਾ ਗੱਡੀ ਨੰਬਰ ਸੀ ਐਚ 03 ਯੂ 304 ਲੈ ਕੇ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਏ। ਜਦੋਂ ਉਹ ਸਫਰ ਤਹਿ ਕਰਨ ਤੋਂ ਬਾਅਦ ਰਿਸ਼ੀਕੇਸ਼ ਪੁੱਜੇ ਤਾਂ ਉਨ੍ਹਾ ਨੂੰ ਇਕ ਨੰਬਰ ਬੈਰੀਅਰ ਤੇ ਚੈੱਕ ਕੀਤਾ ਗਿਆ ਅਤੇ ਥੋੜ੍ਹੀ ਨਜ਼ਰ ਨਿਆਜ਼ ਲੈ ਕੇ ਅੱਗੇ ਜਾਣ ਦਿੱਤਾ ਗਿਆ ਪਰ ਅੱਗੇ ਜਾ ਕੇ ਉਨ੍ਹਾ ਨੂੰ 2 ਨੰਬਰ ਬੈਰੀਅਰ ਤੇ ਫਿਰ ਰੋਕ ਲਿਆ ਗਿਆ। ਇੱਥੇ ਗੱਡੀ ਦੇ ਫਿਰ ਕਾਗਜ਼ ਚੈੱਕ ਕੀਤੇ ਗਏ ਅਤੇ ਬਹਾਨਾ ਬਣਾਇਆ ਗਿਆ ਕਿ ਇਸ ਗੱਡੀ ਦਾ ਇਸ ਸੂਬੇ ਦਾ ਟੈਕਸ ਨਹੀਂ ਭਰਿਆ ਇਸ ਲਈ ਇਹ ਗੱਡੀ ਬਾਊਂਡ ਕੀਤੀ ਜਾਂਦੀ ਹੈ ਅਤੇ ਗੱਡੀ ਨੂੰ ਥਾਣੇ ਲੈ ਜਾਣ ਲਈ ਕਿਹਾ ਗਿਆ।
ਜਦੋਂ ਯਾਤਰੀਆਂ ਨੇ ਗੱਡੀ ਵਿਚੋਂ ਆਪਣਾ ਸਾਮਾਨ ਉਤਾਰਨਾ ਚਾਹਿਆ ਤਾਂ ਸਾਮਾਨ ਵੀ ਨਹੀਂ ਉਤਾਰਨ ਦਿੱਤਾ ਗਿਆ ਅਤੇ ਗੱਡੀ ਰਿਸ਼ੀਕੇਸ਼ ਥਾਣੇ ਬੰਦ ਕਰਕੇ ਚਾਬੀ ਪੁਲਿਸ ਵਾਲਿਆਂ ਨੇ ਲੈ ਲਈ ਅਤੇ 19 ਹਜ਼ਾਰ ਰੁਪਏ ਜੁਰਮਾਨਾ ਭਰਨ ਲਈ ਕਿਹਾ ਗਿਆ। ਪਰ ਉਸ ਦਿਨ ਐਤਵਾਰ ਹੋਣ ਕਰਕੇ ਡੀ ਟੀ ਓ ਦਫਤਰ ਬੰਦ ਸੀ ਜਿਸ ਕਰਕੇ ਉਹ ਜੁਰਮਾਨਾ ਨਹੀਂ ਭਰ ਸਕਦੇ ਸੀ ਪਰ ਫਿਰ ਇਕ ਦਲਾਲ ਨੇ 2000 ਰੁਪਏ ਰਿਸ਼ਵਤ ਲੈ ਕੇ ਡੀ ਟੀ ਓ ਦਫਤਰ ਦੇ ਬਾਬੂਆਂ ਨੂੰ ਪ੍ਰਾਈਵੇਟ ਚ ਮਿਲਾਕੇ ਜੁਰਮਾਨਾ ਭਰਿਆ ਅਤੇ ਜਦੋਂ ਉਸਦੀ ਰਸੀਦ ਲਿਆਕੇ ਥਾਣੇ ਦਿੱਤੀ ਤਾਂ ਥਾਣੇ ਵਾਲੇ ਫਿਰ ਆਕੜ ਗਏ ਕਿ ਅੱਜ ਐਤਵਾਰ ਜੁਰਮਾਨਾ ਭਰਿਆ ਹੀ ਨਹੀਂ ਜਾ ਸਕਦਾ ,ਇਹ ਗੈਰ ਕਾਨੂੰਨੀ ਹੈ,ਇਸ ਲਈ ਗੱਡੀ ਨਹੀਂ ਛੱਡੀ ਜਾਵੇਗੀ। ਜਿਸਤੇ ਉਨ੍ਹਾ ਨੇ ਪੰਜ ਹਜ਼ਾਰ ਰੁਪਏ ਰਿਸ਼ਵਤ ਲੈ ਕੇ ਗੱਡੀ ਦੀ ਚਾਬੀ ਦਿੱਤੀ ਪਰ ਉਨ੍ਹਾ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਨ੍ਹਾ ਨੇ ਆਪਣਾ ਸਾਮਾਨ ਚੈੱਕ ਕੀਤਾ ਤਾਂ ਉਸ ਵਿਚੋਂ ਇਕ ਹੈਂਡੀ ਕੈਮਰਾ ਕੀਮਤ 15 ਹਜ਼ਾਰ ਰੁਪਏ ਅਤੇ ਇਕ ਵਿਦੇਸ਼ੀ ਟਾਰਚ ਜੋ ਸ਼ਰਧਾਲੂ ਹੇਮਕੁੰਟ ਗੁਰਦੁਆਰਾ ਸਾਹਿਬ ਚੜ੍ਹਾਉਣ ਲਈ ਨਾਲ ਲੈ ਕੇ ਗਏ ਸਨ,ਕਿਉਂ ਕਿ ਉੱਥੇ ਲਾਈਟ ਦੀ ਬਹੁਤ ਸਮੱਸਿਆ ਹੈ ਅਤੇ ਹੋਰ ਕੀਮਤੀ ਕੱਪੜੇ ਅਤੇ ਸਾਮਾਨ ਇਕੋਂ ਤੱਕ ਕਿ ਟਾਫੀਆਂ ਦੇ ਪੈਕੇਟ ਵੀ ਗੱਡੀ ਵਿਚੋਂ ਗਾਇਬ ਸੀ। ਜਦੋਂ ਇਸ ਬਾਰੇ ਥਾਣੇ ਵਾਲਿਆਂ ਨੂੰ ਪੁੱਛਿਆ ਗਿਆ ਤਾਂ ਉਨ੍ਹਾ ਨੇ ਉਲਟਾ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ,ਜਿਸਤੇ ਸ਼ਰਧਾਲੂਆਂ ਨੇ ਚੁੱਪ ਵਿਚ ਹੀ ਭਲਾ ਸਮਝਦਿਆਂ ਅਤੇ 9 ਘੰਟੇ ਦੀ ਖੱਜਲ ਖੁਆਰੀ ਤੋਂ ਬਾਅਦ ਆਪਣੀ ਗੱਡੀ ਆਜ਼ਾਦ ਕਰਵਾਈ। ਉਨ੍ਹਾ ਦੱਸਿਆ ਕਿ ਗੱਡੀ ਛੁਡਵਾਉਣ ਲਈ ਅਸੀਂ ਪਹਿਲਾਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਵੀ ਨਾਲ ਲੈ ਜਾਕੇ ਸਿਫਾਰਸ਼ ਪਾਈ ਪਰ ਪੁਲਿਸ ਵਾਲੇ ਇਸਤੇ ਹੋਰ ਵੀ ਔਖੇ ਹੋ ਗਏ । ਉਨ੍ਹਾ ਨੇ ਆਪਣੇ ਇਸ ਤਰਾਂ ਥਾਣੇ ਵਿਚ ਖੜ੍ਹੀ ਗੱਡੀ ਵਿਚੋਂ ਗਾਇਬ ਹੋਏ ਕੀਮਤੀ ਸਾਮਾਨ ਦੀ ਲਿਖਤੀ ਸ਼ਿਕਾਇਤ ਐਸ ਐਸ ਪੀ ਰਿਸ਼ੀਕੇਸ਼ ਨੂੰ ਵੀ ਦਿੱਤੀ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾ ਇਹ ਵੀ ਦੱਸਿਆ ਕਿ ਇਕੱਲੀ ਸਾਡੀ ਹੀ ਨਹੀਂ ਔਰਤਾਂ ਅਤੇ ਬੱਚਿਆਂ ਵਾਲੀਆਂ ਨਿੱਜੀ ਗੱਡੀਆਂ ਨੂੰ ਵੀ ਉਨ੍ਹਾ ਨੇ ਨਹੀਂ ਬਖਸ਼ਿਆ ਅਤੇ ਨਿੱਕੇ ਨਿੱਕੇ ਬੱਚੇ ਔਰਤਾਂ ਬੈਰੀਅਰ ਤੇ ਉਤਾਰਕੇ ਉਨ੍ਹਾ ਦੀਆਂ ਗੱਡੀਆਂ ਵੀ ਥਾਣੇ ਬੰਦ ਕੀਤੀਆਂ ਗਈਆਂ ਅਤੇ ਉਨ੍ਹਾ ਨੂੰ ਵੀ ਸਾਡੇ ਵਾਂਗ ਲੁੱਟਿਆ ਗਿਆ। ਉਨ੍ਹਾ ਭਰੇ ਮਨ ਨਾਲ ਦੱਸਿਆ ਕਿ ਅਸੀਂ ਬੜੀ ਸ਼ਰਧਾ ਨਾਲ ਆਪਣੇ ਗੁਰੂ ਦੇ ਅਸਥਾਨ ਦੇ ਦਰਸ਼ਨਾ ਲਈ ਗਏ ਸੀ ਪਰ ਇਸ ਵਰਤਾਉ ਨਾਲ ਸਾਡਾ ਮਨ ਬਹੁਤ ਦੁਖੀ ਹੋਇਆ ਹੈ। ਸ਼ਰਧਾਲੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਬਾਹਰਲੇ ਸੂਬਿਆ ਵਿਚ ਆਪਣੇ ਧਾਰਮਿਕ ਅਸਥਾਨਾ ਤੇ ਜਾਣ ਵਾਲੇ ਸਿੱਖਾਂ ਦੀ ਲੁੱਟ ਅਤੇ ਖੱਜਲ ਖੁਆਰੀ ਬੰਦ ਕਰਵਾਏ ਅਤੇ ਸੰਬੰਧਤ ਪੁਲਿਸ ਮੁਲਾਜ਼ਮਾਂ ਵਿਰੁੱਧ ਢੁੱਕਵੀਂ ਕਾਰਵਾਈ ਕਰੇ।