ਲੁਧਿਆਣਾ: ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਜਿੰਮੀ ਸਿੰਘ ਨੂੰ ਅੱਜ (19 ਨਵੰਬਰ, 2017) ਲੁਧਿਆਣਾ ਦੇ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ। ਜਗਤਾਰ ਸਿੰਘ ਜੱਗੀ ਨੂੰ ਐਫ.ਆਈ.ਆਰ. ਨੰ: 218/17 (ਥਣਾ ਸਲੇਮ ਟਾਬਰੀ) ‘ਚ ਜਦਕਿ ਜਿੰਮੀ ਸਿੰਘ ਨੂੰ ਐਫ.ਆਈ.ਆਰ. ਨੰ: 6/17 (ਥਾਣਾ ਡਿਵੀਜ਼ਨ ਨੰ: 8) ਤਹਿਤ ਪੇਸ਼ ਕੀਤਾ ਗਿਆ।
ਐਫ.ਆਈ.ਆਰ. ਨੰ: 218/17 (ਥਾਣਾ ਸਲੇਮ ਟਾਬਰੀ) ਪਾਦਰੀ ਸੁਲਤਾਨ ਮਸੀਹ ਦੇ ਕਤਲ ਦੀ ਹੈ ਅਤੇ ਐਫ.ਆਈ.ਆਰ. ਨੰ: 6/17 (ਥਾਣਾ ਡਿਵੀਜ਼ਨ ਨੰ: 8) ਸ਼ਿਵ ਸੈਨਾ ਆਗੂ ਅਮਿਤ ਸ਼ਰਮਾ ਦੇ ਕਤਲ ਦੀ ਹੈ।
ਦੋਵਾਂ ਨੂੰ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ। ਪੁਲਿਸ ਨੇ ਅਦਾਲਤ ਨੂੰ ਕਿਹਾ ਕਿ ਦੋਵੇਂ ਚੋਣਵੇਂ ਕਤਲਾਂ ਦੇ ‘ਮੁੱਖ ਸੂਤਰਧਾਰ’ ਹਨ ਅਤੇ ਪੁਲਿਸ ਨੇ 8 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜੋ ਕਿ ਉਪਰੋਕਤ ਦੋਵਾਂ ਵਲੋਂ ਬਚਾਅ ਪੱਖ ਦੇ ਵਕੀਲ ਵਜੋਂ ਪੇਸ਼ ਹੋਏ ਨੇ ਅਦਾਲਤ ਨੂੰ ਕਿਹਾ ਕਿ ਜੱਗੀ ਅਤੇ ਜਿੰਮੀ ਪਹਿਲਾਂ ਹੀ 2 ਦਿਨ ਅਤੇ 1 ਦਿਨ ਲਈ ਲੁਧਿਆਣਾ ਪੁਲਿਸ ਦੀ ਰਿਮਾਂਡ ‘ਚ ਰਹਿ ਚੁੱਕੇ ਹਨ। ਇਸ ਲਈ ਇਨ੍ਹਾਂ ਦੋਵਾਂ ਦੇ ਇੰਨੇ ਲੰਬੇ ਪੁਲਿਸ ਰਿਮਾਂਡ ਦੀ ਕੋਈ ਲੋੜ ਨਹੀਂ ਹੈ ਜਦਕਿ ਜਦੋਂ ਇਹ ਕਤਲ ਦੀਆਂ ਘਟਨਾਵਾਂ ਵਾਪਰੀਆਂ ਤਾਂ ਇਹ ਦੋਵੇਂ ਇਥੇ ਨਹੀਂ ਸਨ। ਮੈਜਿਸਟ੍ਰੇਟ ਨੇ ਪੁਲਿਸ ਅਤੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਗਤਾਰ ਸਿੰਘ ਜੱਗੀ ਅਤੇ ਜਿੰਮੀ ਸਿੰਘ ਦਾ 5 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ।
ਬਚਾਅ ਪੱਖ ਦੇ ਵਕੀਲ ਨੇ ਮੈਜਿਸਟ੍ਰੇਟ ਕੋਲ ਅਰਜ਼ੀ ਦਾਇਰ ਕੀਤੀ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਕਾਨੂੰਨੀ ਮਦਦ ਲਈ ਰੋਜ਼ ਮਿਲਣ ਦੀ ਆਗਿਆ ਦਿੱਤੀ ਜਾਵੇ। ਜਿਸਦਾ ਕਿ ਪੁਲਿਸ ਨੇ ਜ਼ਬਰਦਸਤ ਵਿਰੋਧ ਕੀਤਾ ਕਿ ਇਹ ਉਪਰੋਕਤ ਦੋਵਾਂ ਨੂੰ ਰੋਜ਼ ਵਕੀਲ ਨਾਲ ਮਿਲਵਾਉਣਾ ਸੰਭਵ ਨਹੀਂ ਕਿਉਂਕਿ ਗ੍ਰਿਫਤਾਰ ਬੰਦਿਆਂ ਤੋਂ ਪੁੱਛਗਿੱਛ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਇਕ ਥਾਂ ਤੋਂ ਦੂਜੇ ਥਾਂ ‘ਤੇ ਲਿਜਾਣਾ ਪੈਂਦਾ ਹੈ।
ਫਿਰ ਪੁਲਿਸ ਨੇ ਇਹ ਸੁਝਾਅ ਦਿੱਤਾ ਕਿ ਵਕੀਲ 24 ਘੰਟੇ ‘ਚ ਇਕ ਵਾਰ ਆਪਣੇ ਮੁਵੱਕਿਲਾਂ ਨੂੰ ਮਿਲ ਸਕਦਾ ਹੈ। ਪਰ ਵਕੀਲ ਮੰਝਪੁਰ ਨੇ ਇਹ ਕਹਿ ਕੇ ਪੁਲਿਸ ਦੇ ਇਸ ਸੁਝਾਅ ਦਾ ਵਿਰੋਧ ਕੀਤਾ ਕਿ ਪੁਲਿਸ ਕਾਨੂੰਨੀ ਮਦਦ ਲਈ ਮੁਲਾਕਾਤ ਤੋਂ ਬਚਣ ਲਈ ਇਹ ਮੁੱਦਾ ਚੁੱਕ ਰਹੀ ਹੈ ਅਤੇ ਅਦਾਲਤ ਨੂੰ ਚਾਹੀਦਾ ਕਿ ਸਮਾਂ ਅਤੇ ਮੁਲਾਕਾਤ ਬਾਰੇ ਸਪੱਸ਼ਟ ਹੁਕਮ ਪੁਲਿਸ ਨੂੰ ਦੇਵੇ।
ਦਲੀਲਾਂ ਸੁਣਨ ਤੋਂ ਬਾਅਦ ਮੈਜਿਸਟ੍ਰੇਟ ਨੇ ਪੁਲਿਸ ਨੂੰ ਕਿਹਾ ਕਿ ਉਹ ਗ੍ਰਿਫਤਾਰ ਬੰਦਿਆਂ ਨੂੰ ਇਕ ਵਾਰ ਰੋਜ਼ ਵਕੀਲ ਨੂੰ ਮਿਲਣ ਦੇਣ, ਉਹ ਵੀ ਦਿਨ ਵੇਲੇ। ਮੈਜਿਸਟ੍ਰੇਟ ਨੇ ਆਈ.ਓ. (ਜਾਂਚ ਅਧਿਕਾਰੀ) ਅਤੇ ਵਕੀਲ ਨੂੰ ਆਪਣੇ ਫੋਨ ਨੰ: ਇਕ ਦੂਜੇ ਨਾਲ ਸਾਂਝੇ ਕਰਨ ਦਾ ਹੁਕਮ ਦਿੱਤਾ ਤਾਂ ਜੋ ਮੁਲਾਕਾਤ ਦਾ ਸਮਾਂ ਤੈਅ ਕਰ ਸਕਣ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ਦੇ ਦੱਸਿਆ, “ਮੈਨੂੰ ਜਾਂਚ ਅਧਿਕਾਰੀ ਦਾ ਸੰਪਰਕ ਨੰਬਰ ਦੇਣ ਤੋਂ ਬਾਅਦ ਅਦਾਲਤ ਨੇ ਦੱਸਿਆ ਕਿ ਉਹ ਇਸ ਗੱਲ ਨੂੰ ਲਿਖਤੀ ਰੂਪ ‘ਚ ਵੀ ਦਰਜ ਕਰੇਗੀ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Police Remand of Jagtar Singh Jaggi and Jimmy Singh extended for 5 more Days …