July 28, 2015 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (27 ਜੁਲਾਈ, 2015): ਅੱਜ ਲਗਭਗ ਪਿਛਲੇ ਸਾਢੇ ਛੇ ਮਹੀਨਿਆਂ ਤੋਂ ਉੱਪਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਚੱਲ ਰਹੇ ਬਾਪੂ ਸੂਰਤ ਸਿੰਘ ਨੂੰ ਮਿਲਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਮਿਲਣ ਪਹੁੰਚੇ।
ਉਨ੍ਹਾਂ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਤੇ ਸਿੱਖ ਸਟੂਡੈਂਟਸ ਫੈੱਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖ਼ਾਲਸਾ ਹਾਜ਼ਰ ਸਨ ।
ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਬਾਪੂ ਸੂਰਤ ਸਿੰਘ ਨੂੰ ਹੜਤਾਲ ਖਤਮ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਗੁਰਦਾਸਪੁਰ ਹਮਲੇ ਕਰਕੇ ਬਦਲੇ ਹਾਲਤਾ ਦੇ ਮੱਦੇ ਨਜ਼ਰ ਸਿੱਖ ਰਾਜਸੀ ਕੈਦੀ ਰਿਹਾਈ ਕਰਵਾਉਣੀ ਮੁਸ਼ਕਲ ਬਣ ਗਈ ਹੈ।
ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਭਾਰਤੀ ਸੁਪਰੀਮ ਕੋਰਟ ਨੇ ਉਮਰ ਕੈਦੀਆਂ ਦੀ ਰਿਹਾਈ ਲਈ ਬੰਦਸ਼ਾਂ ਲਾ ਦਿੱਤੀਆਂ ਹਨ।ਇਸ ਲਈ ਅਸੀਂ ਬਾਪੂ ਸੂਰਤ ਸਿੰਘ ਨੂੰ ਭੁੱਖ ਹੜਤਾਲ ਖਤਮ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਗੱਲ ‘ਤੇ ਅਤੇ ਹੋਏ ਹਨ। ਇਸ ਕਰਕੇ ਅਸੀਂ ਸਿਰਫ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਹੀ ਕਰ ਸਕਦੇ ਹਾਂ।
ਜਦ ਤੋਂ ਬਾਪੂ ਸੂਰਤ ਸਿੰਘ ਭੁੱਖ ਹੜਤਾਲ ‘ਤੇ ਬੈਠੇ ਹਨ, ਇਹ ਪਹਿਲੀ ਵਾਰ ਹੈ ਕਿ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਉਨ੍ਹਾਂ ਨੂੰ ਮਿਲਣ ਆਏ ਹੋਣ।
ਅੰਗਰੇਜ਼ੀ ਅਖਬਾਰ “ਇੰਡੀਅਨ ਐਕਸਪ੍ਰੈਸ” ਨੇ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਦਾ ਉਹ ਬਿਆਨ ਛਾਪਿਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ” ਪੰਜਾਬ ਪੁਲਿਸ ਦਾ ਸਿੱਖ ਰਾਜਸੀ ਕੈਦੀਆਂ ਦੀ ਰਿਾਹਈ ਪਓਤੀ ਨ੍ਹਾਂ ਪੱਖੀ ਰਵੱਈਆਂ ਸੀ। ਹੁਣ ਗੁਰਦਾਸਪੁਰ ਹਮਲੇ ਕਕਰੇ ਇਹ ਹੋਰ ਵੀ ਔਖਾ ਹੋ ਗਿਆ ਹੈ।
ਉਨ੍ਹਾਂ ਨੇ ਇਸ ਗੱਲ ‘ਤ ਜੋਰ ਦਿੱਤਾ ਕਿ ਗੁਰਦਾਸਪੁਰ ਹਮਲੇ ਅਤੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਦੀ ਮੰਗ ਦਾ ਆਪਸ ਵਿੱਚ ਕੋਈ ਸਬੰਧ ਨਹੀਂ, ਪਰ ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਇਸ ਨਾਲ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਦਾ ਪੁਲਿਸ ਨੂੰ ਇੱਕ ਸੌਖਾ ਬਹਾਨਾ ਮਿਲ ਗਿਆ ਹੈ।
ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਉਪਰੋਕਤ ਸਿੱਖ ਆਗੂਆਂ ਦੇ ਜਾਣ ਤੋਂ ਬਾਅਦ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਪੁੱਤਰ ਰਵਿੰਦਰਜੀਤ ਸਿੰਘ ਗੋਗੀ ਨੇ ਕਿਹਾ ਕਿ ਜਥੇਦਾਰਾਂ ਨੇ ਇੰਨੇ ਸਮੇਂ ਬਾਅਦ ਆ ਕੇ ਮਹਿਜ਼ ਖ਼ਾਨਾਪੂਰਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਨੂੰ ਉਨ੍ਹਾਂ ਨੂੰ ਮਿਲਣ ਗਏ ਸਨ ਤਾਂ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੀ ਸੁਣੀ ਅਤੇ ਨਾ ਹੀ ਮੁਲਾਕਾਤ ਦਾ ਸਮਾਂ ਦਿੱਤਾ ਅਤੇ ਹੁਣ ਉਹ ਪਿਛਲੇ ਦਰਵਾਜ਼ੇ ਤੋਂ ਬਿਨਾਂ ਕਿਸੇ ਨੂੰ ਦੱਸੇ ੳੁਨ੍ਹਾਂ ਦੇ ਪਿਤਾ ਨੂੰ ਮਿਲਣ ਪੁੱਜ ਗਏ।
ਰਵਿੰਦਰਜੀਤ ਸਿੰਘ ਨੇ ਕਿਹਾ ਕਿ ਮੁਲਾਕਾਤ ਦੌਰਾਨ ਜਥੇਦਾਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਬੰਦੀਆਂ ਦੀ ਰਿਹਾਈ ਲਈ ਸਰਕਾਰ ਆਪਣਾ ਕੰਮ ਕਰ ਰਹੀ ਹੈ। ਤਿੰਨੇ ਜਥੇਦਾਰਾਂ ਨੇ ੳੁਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਪਿਤਾ ਨੂੰ ਭੁੱਖ ਹੜਤਾਲ ਖਤਮ ਕਰਨ ਲਈ ਮਨਾਉਣ, ਜਿਸ ਤੇ ਉਨ੍ਹਾਂ ਕਿਹਾ ਕਿ ਉਹ ਆਪਣੇ ਪਿਤਾ ਜੀ ਨੂੰ ਕੁਝ ਨਹੀਂ ਕਹਿ ਸਕਦੇ।ਸ੍ਰ. ਗੋਗੀ ਨੇ ਜਥੇਦਾਰਾਂ ਨੂੰ ਕਿਹਾ ਕਿ ਉਹ ਸਰਕਾਰ ਤੱਕ ਉਨ੍ਹਾਂ ਦਾ ਸੁਨੇਹਾ ਪੁੱਜਦਾ ਕਰ ਦੇਣ ਕਿ ਉਨ੍ਹਾਂ ਦੇ ਪਰਿਵਾਰ ਨੂੰ ਹੋਰ ਪ੍ਰੇਸ਼ਾਨ ਨਾ ਕੀਤਾ ਜਾਵੇ।
Related Topics: Avtar Singh Makkar, Bapu Surat Singh Khalsa, Giani Gurbachan Singh, Shiromani Gurdwara Parbandhak Committee (SGPC), Sikh Political Prisoners