ਲੁਧਿਆਣਾ (22 ਜੁਲਾਈ, 2015): ਸਿੱਖ ਸਿਆਸੀ ਨਜ਼ਰਬੰਦ ਸਿੰਘਾਂ ਦੀ ਰਿਹਾਈ ਨੂੰ ਲੈ ਕੇ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨਾਲ ਮੁਲਾਕਾਤ ਕਰਨ ਆਏ ਦਲ ਖਾਲਸਾ ਦੇ ਮੁਖੀ ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਭਾਈ ਕੰਵਰਪਾਲ ਸਿੰਘ ਬਿੱਟੂ ਨੂੰ ਪੁਲਿਸ ਨੇ ਮੁਲਾਕਾਤ ਕਰਨ ਨਹੀ ਦਿੱਤੀ।ਪੁਲਿਸ ਵੱਲੋਂ ਬਾਪੂ ਸੂਰਤ ਸਿੰਘ ਖਾਲਸਾ ਨੂੰ ਮਿਲਣ ਵਾਲਿਆਂ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।
ਦਲ ਖਾਲਸਾ ਦੇ ਆਗੂ ਅੱਜ ਸਿਵਲ ਹਸਪਤਾਲ ਪੁੱਜੇ ਜਿੱਥੇ ਦਿਹਾਤੀ ਪੁਲਿਸ ਦੇ ਐਸ. ਐਸ. ਪੀ ਰਵਚਰਨ ਸਿੰਘ ਬਰਾੜ ਨੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ। ਸ: ਬਰਾੜ ਨੇ ਆਗੂਆਂ ਨੂੰ ਸਪੱਸ਼ਟ ਕਰ ਦਿੱਤਾ ਕਿ ਉੱਪਰੋਂ ਆਏ ਹੁਕਮਾਂ ਤਹਿਤ ਕਿਸੇ ਨੂੰ ਵੀ ਬਾਪੂ ਖਾਲਸਾ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੈ।
ਭਾਈ ਧਾਮੀ ਅਤੇ ਭਾਈ ਬਿੱਟੂ ਨੇ ਬਾਪੂ ਸੂਰਤ ਸਿੰਘ ਖਾਲਸਾ ਦੇ ਸਪੁੱਤਰ ਰਵਿੰਦਰਪਾਲ ਸਿੰਘ ਗੋਗੀ ਤੇ ਸਪੁੱਤਰੀ ਸਰਵਿੰਦਰ ਕੌਰ ਨਾਲ ਮੁਲਾਕਾਤ ਕਰਕੇ ਪ੍ਰਸ਼ਾਸਨ ਦੇ ਰਵੱਈਏ ਖਿਲਾਫ਼ ਹਮਦਰਦੀ ਪ੍ਰਗਟ ਕਰਦਿਆਂ ਭਰਪੂਰ ਸਹਿਯੋਗ ਦਾ ਭਰੋਸਾ ਦਿੱਤਾ। ਆਗੂਆਂ ਨੇ ਪੁਲਿਸ ਵੱਲੋਂ ਬਾਪੂ ਸੂਰਤ ਸਿੰਘ ਖਾਲਸਾ ਦੇ ਸਮਰਥਕਾਂ ਉੱਪਰ ਕੀਤੀ ਜਾ ਰਹੀ ਜ਼ਿਆਦਤੀ ਦਾ ਵੀ ਤਿੱਖਾ ਨੋਟਿਸ ਲੈਂਦਿਆਂ ਸੰਘਰਸ਼ ਕਮੇਟੀ ਦੇ ਮੈਂਬਰਾਂ ਦੀ ਰਿਹਾਈ ਦੀ ਮੰਗ ਕੀਤੀ।
ਸ਼੍ਰੋਮਣੀ ਅਕਾਲੀ ਦਲ ਮਾਨ ਦੀ ਵਰਕਿੰਗ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਚੀਮਾ, ਅਕਾਲੀ ਆਗੂ ਭਾਈ ਕਮਿੱਕਰ ਸਿੰਘ ਤੇ ਅਕਾਲੀ ਦਲ 1920 ਦੇ ਆਗੂ ਜਗਤਾਰ ਸਿੰਘ ਸਹਾਰਨਮਾਜਰਾ ਨੇ ਵੀ ਬਾਪੂ ਖਾਲਸਾ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।