ਨਹੀਂ ਮੁਲਖ ਜਿਨ੍ਹਾਂ ਦਾ ਆਪਣਾ…
ਨਹੀਂ ਮੁਲਖ ਜਿਨ੍ਹਾਂ ਦਾ ਆਪਣਾ ਕੱਖ ਨਹੀਂ ਉਨ੍ਹਾਂ ਦੇ ਪੱਲੇ
ਕੀ ਅੰਬਰ ਉਨ੍ਹਾਂ ਦੇ ਹੋਣਗੇ
ਛੱਡ ਗਏ ਜ਼ਿਮੀਂ ਜੋ ਆਪਣੀ
ਦਾਦਿਓਂ ਗਏ ਪੋਤਿਓਂ ਜਾਣਗੇ ਪੈਣੀ ਹੈ ਮਾਰ ਦੁਵੱਲੇ
ਨਹੀਂ ਮੁਲਖ ਜਿਨ੍ਹਾਂ ਦਾ ਆਪਣਾ…
ਕੱਲ੍ਹ ਤੋਂ ਅਗਲੇ ਕੱਲ੍ਹ ਨੂੰ
ਜਦੋਂ ਭੁੱਲ ਜਾਣਗੇ ਗੱਲ ਨੂੰ
ਕੀ ਦੱਸਣਗੇ ਉਹ ਕੌਣ ਨੇ ਜਿਨ੍ਹਾਂ ਬਾਰ ਪਰਾਏ ਮੱਲੇ।
ਨਹੀਂ ਮੁਲਖ ਜਿਨ੍ਹਾਂ ਦਾ ਆਪਣਾ…
ਇੱਜ਼ਤ ਦੇ ਜੀਣੇ ਖਾਤਰ
ਲੋਕੀ ਸਭ ਕੁਝ ਵਾਰ ਦਿੰਦੇ
ਪਰਦੇਸੀ ਹੋਣ ਦਾ ਮਿਹਣ ਕੌਣ ਖ਼ੁਸੀ ਨਾਲ ਝੱਲੇ।
ਨਹੀਂ ਮੁਲਖ ਜਿਨ੍ਹਾਂ ਦਾ ਆਪਣਾ …
ਇਕ ਬਾਰ ਵਾਵਾਂ ਵਿਚ ਘੁਲ ਗਿਆ
ਜ਼ਹਿਰ ਬਿਗਾਨੇ ਹੋਣ ਦਾ
ਪੀੜ ਰੂਹਾਂ ਨੂੰ ਸੋਹਣਿਆਂ ਮੁੜ ਮੁੜ ਕੇ ਨਿਤ ਸੱਲੇ।
ਨਹੀਂ ਮੁਲਖ ਜਿਨ੍ਹਾਂ ਦਾ ਆਪਣਾ…
ਜੋ ਯੁੱਧ ਵਿਚਾਲੇ ਰਹਿ ਗਿਆ
ਖੁੱਸੀ ਹੋਈ ਸ਼ਾਨ ਦਾ
ਜ਼ਮੀਰ ਜਿਨ੍ਹਾਂ ਦੀ ਜਾਗਦੀ ਜ਼ਖਮ ਰਹਿਣਗੇ ਅੱਲੇ।
ਨਹੀਂ ਮੁਲਖ ਜਿਨ੍ਹਾਂ ਦਾ ਆਪਣਾ…
ਮੌਤ ਨੂੰ ਜਿੱਤਣ ਬਾਝੋਂ
ਰੱਬ ਨੀ ਨਹੀਂ ਪਤੀਜਦਾ
ਹਰਿਆਂ ਤੇ ਡਰਿਆਂ ਨੂੰ ਵੈਰੀ ਮਾਰਨ ਕਰ ਕਰ ਕੱਲੇ।
ਨਹੀਂ ਮੁਲਖ ਜਿਨ੍ਹਾਂ ਦਾ ਆਪਣਾ…
ਡਾ.ਸੇਵਕ ਸਿੰਘ
“ਨਹੀਂ ਮੁਲਖ ਜਿਨ੍ਹਾਂ ਦਾ ਆਪਣਾ” ਸਿਰਲੇਖ ਵਾਲੀ ਇਹ ਕਵਿਤਾ ਮਾਸਿਕ ਰਸਾਲੇ ਸਿੱਖ ਸ਼ਹਾਦਤ ਦੇ ਫਰਵਰੀ 2006 ਅੰਕ 43 ਵਿੱਚ ਛਪੀ ਸੀ। ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਇਹ ਲਿਖਤ ਇੱਥੇ ਮੁੜ ਛਾਪ ਰਹੇ ਹਾਂ। ਅਸੀਂ ਲੇਖਕ ਅਤੇ ਮੂਲ ਛਾਪਕ ਦਾ ਧੰਨਵਾਦ ਕਰਦੇ ਹਾਂ– ਸੰਪਾਦਕ।