ਸੁਣਿਓ ਐ ਦੁਨੀਆਂ ਵਾਲਿਓ,
ਅਸੀਂ ਲੱਗੇ ਦਰਦ ਸੁਣਾਨ ਵੇ।
ਸਾਵੀ ਧਰਤ ਪੰਜਾਬ ਦੀ,
ਚੜ੍ਹ ਆਏ ਅੱਜ ਸ਼ੈਤਾਨ ਵੇ।
ਕੀਤੀ ਇੰਤਹਾ ਗੰਗੂਆਂ,
ਲੱਗਾ ਵੇਖਣ ਕੁੱਲ ਜਹਾਨ ਵੇ।
ਚਿਹਰੇ ਬਦਲੇ ਬਾਬਰਾਂ,
ਅੱਜ ਹਲ਼ਕਿਆ ਹਿੰਦੁਸਤਾਨ ਵੇ।
ਇਹ ਚੱਲੇ ਚਾਂਦਨੀ ਚੌਂਕ ਤੋਂ,
ਆਏ ਮੋੜਨ ਅੱਜ ਅਹਿਸਾਨ ਵੇ।
ਉਥੇ ਭੁੱਲੀ ਪਰਉਪਕਾਰ ਨੂੰ,
ਇਕ ਬੈਠੀ ਤਖ਼ਤ ਰਕਾਨ ਵੇ
ਤੇਗ ਬਹਾਦਰ ਗੁਰੂ ਦਾ,
ਵੇਖ ਕਰਦੇ ਅੱਜ ਸਨਮਾਨ ਵੇ।
ਜਿਸ ਘਰ ਹੈ ਸਾਂਝੀਵਾਲਤਾ,
ਲੱਗੇ ਤੋਪਾਂ ਨਾਲ ਉਡਾਨ ਵੇ।
ਸਾਡੇ ਹਰਿਮੰਦਰ ਦੀ ਹਿੱਕ ਤੇ,
ਅੱਜ ਗੋਲ਼ੇ ਦਾਗੇ ਜਾਣ ਵੇ।
ਅੱਜ ਵੇਖੋ ਤਖਤ ਅਕਾਲ ਨਾ,
ਲੱਗਾ ਲਾਲ ਕਿਲਾ ਟਕਰਾਣ ਵੇ.. ..।
– ਸੁਖਦੀਪ ਸਿੰਘ (ਬਰਨਾਲਾ)