ਚੰਡੀਗੜ੍ਹ: ਸਮਾਜਿਕ ਤਾਣੇ-ਬਾਣੇ ਵਿਚਲੇ ਗੱਠਜੋੜਾਂ ਦੀ ਵਿਧੀ ਨੂੰ ਭਾਰਤੀ ਜਨਤਾ ਪਾਰਟੀ ਚੋਣਾਂ ਜਿੱਤਣ ਇੱਕ ਦੇ ਸੰਦ ਵਜੋਂ ਵਰਤਦੀ ਆ ਰਹੀ ਹੈ, ਖਾਸਕਰ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜਾਂ ਵਿੱਚ। ਉੱਤਰ ਪ੍ਰਦੇਸ਼ ਦੀਆਂ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀਆਂ ਵੋਟਾਂ ਨੂੰ ਜੋੜਨ ਅਤੇ ਇਕੱਠਾ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ਪਛੜੀ ਸ਼੍ਰੇਣੀਆਂ ਦੇ ਨੇਤਾਵਾਂ ਤੱਕ ਪਹੁੰਚ ਬਣਾਉਣ ਦੀ ਨੀਤੀ ਘੜੀ ਹੈ।
ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ ਪੀ ਨੱਡਾ ਅਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਬੈਠਕ ਨੂੰ ਜਿੱਥੇ ਕੈਬਨਿਟ ਵਿੱਚ ਹੋਣ ਵਾਲੇ ਸੰਭਾਵੀ ਬਦਲਾਅ ਦੇ ਨਜ਼ਰੀਏ ਤੋਂ ਵੇਖਿਆ ਜਾ ਰਿਹਾ ਹੈ ਉਥੇ ਅਮਿਤ ਸ਼ਾਹ ਦੀ ਅਪਨਾ ਦਲ ਦੇ ਪ੍ਰਧਾਨ ਅਨੂਪ੍ਰੀਆ ਪਟੇਲ ਤੇ ਨਿਸ਼ਾਦ ਪਾਰਟੀ ਦੇ ਪ੍ਰਮੁੱਖ ਸੰਜੇ ਨਿਸ਼ਾਦ ਨਾਲ ਹੋਈ ਬੈਠਕ ਨੇ ਖੇਡ ਮੁੜ ਭਾਰਤੀ ਜਨਤਾ ਪਾਰਟੀ ਦੇ ਪਾਸੇ ਛੱਡ ਦਿੱਤੀ ਹੈ ਜੋ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਆਪਣੇ ਹਮਲਾਵਰ ਵਿਰੋਧੀਆਂ ਨੂੰ ਕਾਬੂ ਕਰਨ ਦੀਆਂ ਵਿਉਂਤਬੰਦੀਆਂ ਕਰ ਰਹੀ ਹੈ।
ਇੱਥੇ ਵਰਨਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ ਪੀ ਨੱਡਾ ਨਿਸ਼ਾਦ ਪਾਰਟੀ ਦੇ ਪ੍ਰਧਾਨ ਸੰਜੇ ਨਿਸ਼ਾਦ ਅਤੇ ਸਾਂਸਦ ਪ੍ਰਵੀਨ ਨਿਸ਼ਾਦ ਨੂੰ ਲੰਘੀ 23 ਜੂਨ ਨੂੰ ਮਿਲੇ ਹਨ।
ਇਹ ਗੱਲ ਵੀ ਇਥੇ ਇਹ ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਉਨ੍ਹਾਂ ਪੰਜ ਰਾਜਾਂ ਵਿੱਚੋਂ ਹੈ ਜਿਨ੍ਹਾਂ ਦੀਆਂ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋ ਰਹੀਆਂ ਹਨ।
ਇਹ ਗੱਲ ਦੱਸਣੀ ਇੱਥੇ ਢੁੱਕਵੀਂ ਹੈ ਕਿ ਆਪਣਾ ਦਲ ਜੋ ਕਿ ਪੱਛੜੀਆਂ ਸ਼੍ਰੇਣੀਆਂ (ਕੁਰਮੀ) ਦੀ ਨੁਮਾਇੰਦਾ ਸਿਆਸੀ ਜਮਾਤ ਹੈ ਸਾਲ 2014 ਤੋਂ ਹੀ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਚੱਲ ਰਹੀ ਹੈ।
ਨਿਸ਼ਾਦ ਪਾਰਟੀ ਜੋ ਕਿ ਅਤਿ ਪੱਛੜੀਆਂ ਸ਼੍ਰੇਣੀਆਂ ਤੇ ਮਛੇਰਿਆਂ ਦੀਆਂ ਕੁਝ ਉਪ ਜਾਤਾਂ ਉੱਤੇ ਪੂਰਬੀ ਉੱਤਰ ਪ੍ਰਦੇਸ਼ ਵਿਚ ਖਾਸਾ ਪ੍ਰਭਾਵ ਰੱਖਦੀ ਹੈ ਸੰਨ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਭਗਵੇਂ ਰੱਥ ਉੱਤੇ ਸਵਾਰ ਹੋ ਚੁੱਕੀ ਹੈ ਤੇ ਇਸੇ ਤਹਿਤ ਸੰਜੇ ਨਿਸ਼ਾਦ ਦੇ ਸਪੁੱਤਰ ਪ੍ਰਵੀਨ ਨੇ ਸੰਤ ਕਬੀਰ ਨਗਰ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਉੱਤੇ ਚੋਣ ਲੜ ਕੇ ਕਾਮਯਾਬੀ ਵੀ ਹਾਸਲ ਕੀਤੀ ਹੈ।
ਭਾਰਤੀ ਜਨਤਾ ਪਾਰਟੀ ਦੀ ਸਹਿਯੋਗੀ ਜਥੇਬੰਦੀ ਤੋਂ ਬਾਗੀ ਹੋਈ ਸੁਹੇਲਦੇਵ ਭਾਰਤੀਯ ਸਮਾਜ ਪਾਰਟੀ ਦੇ ਪ੍ਰਮੁੱਖ ਓਮ ਪ੍ਰਕਾਸ਼ ਰਾਜਭਰ ਵੱਲੋਂ ਰਾਜਭਰ ਫਿਰਕੇ ਨੂੰ ਭਾਰਤੀ ਜਨਤਾ ਪਾਰਟੀ ਨਾਲੋਂ ਵੱਧ ਆਪਣੇ ਵੱਲ ਇਕੱਠਿਆਂ ਕਰਨ ਦੀ ਜ਼ੋਰ ਅਜ਼ਮਾਇਸ਼ ਦੇ ਚਲਦਿਆਂ ਅਮਿਤ ਸ਼ਾਹ ਵੱਲੋਂ ਪਛੜੀ ਸ਼੍ਰੇਣੀਆਂ ਦੇ ਹੋਰ ਨੇਤਾਵਾਂ ਤੱਕ ਪਹੁੰਚ ਬਣਾਈ ਗਈ ਹੈ। ਖਿੱਤੇ ਵਿਚ ਰਾਜਭਰ ਜਮਾਤ ਦੀ ਗਿਣਤੀ ਪਛੜੀਆਂ ਸ਼੍ਰੇਣੀਆਂ ਦੀ ਅਬਾਦੀ ਦੀ ਕਰੀਬ ਸੱਤ ਫ਼ੀਸਦ ਬਣਦੀ ਹੈ। ਭਾਰਤੀ ਜਨਤਾ ਪਾਰਟੀ ਨੇ ਸੁਹੇਲਦੇਵ ਭਾਰਤੀਯ ਸਮਾਜ ਪਾਰਟੀ ਪ੍ਰਮੁੱਖ ਦੀ ਇਸ ਬਗ਼ਾਵਤ ਨੂੰ ਕਾਬੂ ਕਰਨ ਲਈ ਰਾਜਭਰ ਫਿਰਕੇ ਦੇ ਕੁਝ ਹੋਰ ਨੇਤਾਵਾਂ ਜਿਨ੍ਹਾਂ ਵਿੱਚ ਕੇ ਉੱਤਰ ਪ੍ਰਦੇਸ਼ ਦੇ ਮੰਤਰੀ ਅਨਿਲ ਰਾਜਭਰ ਤੇ ਰਾਜ ਸਭਾ ਦੇ ਸਾਂਸਦ ਸਕਲਦੀਪ ਰਾਜਭਰ ਦੀ ਪਿੱਠ ਵੀ ਥਾਪੜ ਦਿੱਤੀ ਹੈ।
ਇਹ ਖਬਰ ਅੰਗਰੇਜ਼ੀ ਵਿਚ ਪੜ੍ਹੋ – Planning of BJP for 2022 UP Assembly Elections: Outreach to OBC Leaders