ਝੂਠੇ ਮੁਕਾਬਲੇ ਵਿੱਚ ਕਤਲ ਕੀਤੇ ਗਏ ਬਲਜੀਤ ਸਿੰਘ ਪੱਪੂ ਅਤੇ ਜਸਵੰਤ ਸਿੰਘ ਅਰਜੁਨਪੁਰ ਦਾ ਪਰਿਵਾਰ ਜਾਣਕਾਰੀ ਦਿੰਦਾ ਹੋਇਆ।

ਸਿੱਖ ਖਬਰਾਂ

ਪੀਲੀਭੀਤ ਮੁਕਾਬਲੇ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦਾ ਦਾਅਵਾ ਕਰਨ ਵਾਲੇ ਕਾਹਲੋਂ ਨੇ ਗਵਾਹਾਂ ਨੂੰ ਪ੍ਰੇਸ਼ਾਨ ਕੀਤਾ: ਪੀੜਤ

By ਸਿੱਖ ਸਿਆਸਤ ਬਿਊਰੋ

April 11, 2016

ਕਾਹਨੂੰਵਾਨ: ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦੁਆਉਣ ਲਈ ਚਾਰਾਜ਼ੋਈ ਦਾ ਦਾਅਵਾ ਕਰਨ ਵਾਲੇ ਹਰਜਿੰਦਰ ਸਿੰਘ ਕਾਹਲੋਂ ‘ਤੇ ਪੀੜਤ ਪਰਿਵਾਰਾਂ ਨੇ ਗਵਾਹਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਦਿਆਂ ਸਿੱਖਾਂ ਅਪੀਲ ਕੀਤੀ ਕਿ ਕਾਹਲੋਂ ਦੀ ਝੂਠੀ ਕਹਾਣੀ ‘ਤੁ ਯਕੀਨ ਨਾ ਕੀਤਾ ਜਾਵੇ।

ਪੀੜਤ ਪਰਿਵਾਰਾਂ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਹਰਜਿੰਦਰ ਕਾਹਲੋਂ ਦੇ ਇਸ ਮਾਮਲੇ ਬਾਰੇ ਕੀਤੇ ਗਏ ਦਾਅਵਿਆਂ ਨੂੰ ਤੱਥਾਂ ਤੋਂ ਰਹਿਤ ਅਤੇ ਸਿੱਖ ਜਗਤ ਦੀ ਵਾਹ-ਵਾਹ ਖੱਟਣ ਵਾਲੇ ਕਰਾਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸੀਬੀਆਈ ਕੋਰਟ ਲਖਨਊ ਵੱਲੋਂ 1991 ਵਿੱਚ ਤਿੰਨ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰੇ ਗਏ 11 ਸਿੱਖ ਨੌਜਵਾਨ ਯਾਤਰੂਆਂ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ 47 ਪੁਲੀਸ ਕਰਮਚਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਗਰੋਂ ਉੱਤਰ ਪ੍ਰਦੇਸ਼ ਦੇ ਇੱਕ ਸਿੱਖ ਹਰਜਿੰਦਰ ਸਿੰਘ ਕਾਹਲੋਂ ਨੇ ਪੰਜਾਬ ਆ ਕੇ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਹੈ ਕਿ ਫ਼ੈਸਲੇ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੀ ਅਤੇ ਮਾਲੀ ਨੁਕਸਾਨ ਦਾ ਖ਼ਤਰਾ ਹੈ ਕਿਉਂਕਿ ਉਸ ਵੱਲੋਂ ਯੂ.ਪੀ. ਦੇ ਤਤਕਾਲੀ ਪੁਲੀਸ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਗੰਭੀਰ ਯਤਨ ਕੀਤੇ ਗਏ ਸਨ।

ਹਰਜਿੰਦਰ ਕਾਹਲੋਂ ਦੇ ਮੀਡੀਆ ਵਿੱਚ ਆਏ ਬਿਆਨਾਂ ਨੂੰ ਸੁਣਨ ਪੜ੍ਹਨ ਤੋਂ ਬਾਅਦ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਮਾਰੇ ਗਏ ਸਿੱਖ ਨੌਜਵਾਨ ਬਲਜੀਤ ਸਿੰਘ ਪੱਪੂ, ਅਰਜਨ ਪੁਰ ਦੀ ਪਤਨੀ ਬਲਵਿੰਦਰਜੀਤ ਕੌਰ ਅਤੇ ਉੱਤਰ ਪ੍ਰਦੇਸ਼ ਦੇ ਨੌਜਵਾਨ ਤਲਵਿੰਦਰ ਸਿੰਘ ਦੇ ਪਿਤਾ ਮਲਕੀਤ ਸਿੰਘ ਨੇ ਅੱਜ ਇਸ ਪੱਤਰਕਾਰ ਨੂੰ ਦੱਸਿਆ ਕਿ ਹਰਜਿੰਦਰ ਕਾਹਲੋਂ ਦੇ ਇਸ ਮਾਮਲੇ ਬਾਰੇ ਕੀਤੇ ਗਏ ਦਾਅਵੇ ਗਲਤ ਹਨ। ਬਲਜੀਤ ਸਿੰਘ ਦੀ ਪਤਨੀ ਅਤੇ ਪਰਿਵਾਰ ਨੇ ਕਿਹਾ ਕਿ ਇਸ ਮਾਮਲੇ ਦੀ ਪੈਰਵੀ ਸਾਬਕਾ ਜੱਜ ਆਰ.ਐੱਸ. ਸੋਢੀ ਅਤੇ ਸਿੱਖ ਪ੍ਰਤੀਨਿਧ ਬੋਰਡ ਉੱਤਰ ਪ੍ਰਦੇਸ਼ ਦੇ ਡਾ. ਗੁਰਮੀਤ ਸਿੰਘ ਤੋਂ ਇਲਾਵਾ ਸ਼ਹੀਦ ਸਤਵਿੰਦਰ ਸਿੰਘ ਮਿੰਟੂ ਸਤਕੋਹਾ ਦੇ ਪਿਤਾ ਅਜੀਤ ਸਿੰਘ ਅਤੇ ਸ਼ਹੀਦ ਮੁਖਵਿੰਦਰ ਸਿੰਘ ਦੇ ਪਿਤਾ ਸੰਤੋਖ ਸਿੰਘ ਨੇ ਕੀਤੀ ਹੈ।

ਮਾਰੇ ਗਏ ਨੌਜਵਾਨ ਤਲਵਿੰਦਰ ਸਿੰਘ ਦੇ ਪਿਤਾ ਮਲਕੀਤ ਸਿੰਘ ਨੇ ਕੈਨੇਡਾ ਤੋਂ ਇਸ ਪੱਤਰਕਾਰ ਨਾਲ ਫੋਨ ‘ਤੇ ਰਾਬਤਾ ਕਰਕੇ ਦੱਸਿਆ ਕਿ 1991 ਵਿੱਚ ਇਸ ਮੁਕਾਬਲੇ ਤੋਂ ਬਾਅਦ ਪੁਲੀਸ ਵੱਲੋਂ ਉੁਸ ਦੇ ਪਰਿਵਾਰ ਨੂੰ ਜ਼ਲੀਲ ਕੀਤਾ ਗਿਆ। ਉਸ ਨੂੰ ਉੱਤਰ ਪ੍ਰਦੇਸ਼ ਦੀ ਪੁਲੀਸ ਨੇ ਬੇਘਰ ਕਰ ਦਿੱਤਾ। 1995 ਵਿੱਚ ਉਹ ਪਰਿਵਾਰ ਸਮੇਤ ਪੰਜਾਬ ਆ ਗਿਆ। ਉਹ ਡਰਦਾ ਯੂ.ਪੀ. ਵੀ ਨਹੀਂ ਸੀ ਜਾ ਸਕਦਾ, ਜਿਸ ਕਾਰਨ ਉੁਸ ਦੀ ਖੇਤੀ ਅਤੇ ਹੋਰ ਕਾਰੋਬਾਰ ਤਹਿਸ-ਨਹਿਸ ਹੋ ਗਿਆ।

ਮਲਕੀਤ ਸਿੰਘ ਨੇ ਖ਼ੁਲਾਸਾ ਕੀਤਾ ਕਿ ਹਰਜਿੰਦਰ ਕਾਹਲੋਂ ਦੇ ਭਰਾ ਨਿੰਦਰ ਦੀ ਇਸ ਮਾਮਲੇ ਵਿੱਚ ਸੀਬੀਆਈ ਕੋਰਟ ’ਚ ਗਵਾਹੀ ਸੀ ਪ੍ਰੰਤੂ ਹਰਜਿੰਦਰ ਨੇ ਯੂ.ਪੀ. ਦੀ ਪੁਲੀਸ ਨਾਲ ਮਿਲੀਭੁਗਤ ਕਰਕੇ ਆਪਣੇ ਭਰਾ ਦੀ ਗਵਾਹੀ ਵੀ ਨਹੀਂ ਹੋਣ ਦਿੱਤੀ ਅਤੇ ਯੂੁ.ਪੀ. ਦੀ ਪੁਲੀਸ ਨਾਲ ਮਿਲ ਕੇ ਇੱਕ ਹੋਰ ਅਹਿਮ ਗਵਾਹ ਮਹਿੰਦਰ ਸਿੰਘ ਅਤੇ ਰਾਮ ਕੁਮਾਰ ਤੋਂ ਇਲਾਵਾ ਮੇਜਰ ਚੱਬਾ ਨੂੰ ਵੀ ਪ੍ਰੇਸ਼ਾਨ ਕੀਤਾ। ਇਨ੍ਹਾਂ ਪਰਿਵਾਰਾਂ ਨੇ ਸਿੱਖ ਸੰਗਤ ਅਤੇ ਪੰਥਕ ਦਲਾਂ ਨੂੰ ਅਪੀਲ ਕੀਤੀ ਕਿ ਹਰਜਿੰਦਰ ਕਾਹਲੋਂ ਦੇ ਕਿਸੇ ਵੀ ਬਿਆਨ ਅਤੇ ਕਹਾਣੀ ‘ਤੇ ਵਿਸ਼ਵਾਸ ਨਾ ਕੀਤਾ ਜਾਵੇ। ਕੇਵਲ ਪੀੜਤ ਪਰਿਵਾਰਾਂ ਅਤੇ ਦਿੱਲੀ ਸਿੱਖ ਪ੍ਰਤੀਨਿਧ ਬੋਰਡ ਤੋਂ ਇਲਾਵਾ ਸਾਬਕਾ ਜੱਜ ਆਰ.ਐੱਸ. ਸੋਢੀ ਦੇ ਯਤਨਾਂ ਅਤੇ ਕੋਰਟ ਦੇ ਫ਼ੈਸਲਿਆਂ ਅਨੁਸਾਰ ਹੀ ਅਗਲੀ ਕਾਰਵਾਈ ਲਈ ਯਤਨ ਕੀਤੇ ਜਾਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: