ਆਮ ਖਬਰਾਂ

ਪੀਲੀਭੀਤ ਪੁਲਿਸ ਮੁਕਾਬਲਾ: ਫੈਸਲੇ ਸਮੇਂ ਦੋਸ਼ੀਆਂ ਨੇ ਦਿੱਤੀਆਂ ਸੀਬੀਆਈ ਅਧਿਕਾਰੀਆਂ ਨੂੰ ਧਮਕੀਆਂ

By ਸਿੱਖ ਸਿਆਸਤ ਬਿਊਰੋ

April 14, 2016

ਲਖਨਊ: ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਪੁਲਿਸ ਵਾਲਿਆਂ ਨੇ ਫੈਸਲੇ ਉਪਰੰਤ ਅਦਾਲਤ ਵਿੱਚ ਹੁੱਲੜਬਾਜ਼ੀ ਕੀਤੀ ਅਤੇ ਸੀਬੀਆਈ ਅਧਿਕਾਰੀਆਂ ਅਤੇ ਅਦਾਲਤ ਦੇ ਸਟਾਫ ਨੂੰ ਧਮਕੀਆਂ ਦਿੱਤੀਆਂ।ਅਦਾਲਤ ਦੇ ਸਟਾਫ ਅਤੇ ਪੀੜਤ ਪਰਿਵਾਰਾਂ ਨੇ ਜੱਜ ਦੇ ਕਮਰੇ ਵਿੱਚ ਵੜਕੇ ਜਾਨ ਬਚਾਈ।

ਸੀਬੀਆਈ ਦੇ ਵਿਸ਼ੇਸ਼ ਜੱਜ ਲਾਲੂ ਸਿੰਘ ਨੇ ਪੀਲੀਭੀਤ ਫ਼ਰਜ਼ੀ ਮੁਕਾਬਲੇ ਦੇ ਕੇਸ ਵਿੱਚ 4 ਅਪਰੈਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਪੁਲੀਸ ਵਾਲਿਆਂ ਵੱਲੋਂ ਕੀਤੀ ਹੁੱਲੜਬਾਜ਼ੀ ਨੂੰ ‘ਅਦਾਲਤ ਦੀ ਤੌਹੀਨ’ ਦੱਸਿਆ। ਅਦਾਲਤੀ ਹੁਕਮਾਂ ਨਾਲ ਨੱਥੀ ਤਿੰਨ ਪੰਨਿਆਂ ਦੇ ਨੋਟ ਵਿੱਚ ਕਿਹਾ ਗਿਆ ਕਿ ਹੁਕਮ ਆਉਣ ਮਗਰੋਂ ਅਦਾਲਤ ਵਿੱਚ ਹੋਈ ਅਫ਼ਰਾ-ਤਫ਼ਰੀ ਤੋਂ ਬਾਅਦ ਸਟਾਫ਼ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਦਾ ਨਜ਼ਰ ਆਇਆ।

ਸੂਤਰਾਂ ਅਨੁਸਾਰ ਇਸ ਤਰ੍ਹਾਂ ਦੀ ਤਿੱਖੀ ਝਾੜ-ਝੰਬ ਕਾਰਨ ਦੋਸ਼ੀਆਂ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਵਿੱਚ ਦਿੱਕਤ ਆ ਸਕਦੀ ਹੈ। ਹੁਕਮ ਵਿੱਚ ਅਦਾਲਤ ਵਿੱਚ ਤਾਇਨਾਤ ਉਨ੍ਹਾਂ ਪੁਲੀਸ ਅਧਿਕਾਰੀਆਂ ਦੀ ਨੁਕਤਾਚੀਨੀ ਕੀਤੀ ਗਈ, ਜਿਨ੍ਹਾਂ ਭੀੜ ਨੂੰ ਕੰਟਰੋਲ ਕਰਨ ਦੀ ਥਾਂ ਦੋਸ਼ੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਕਸਾਇਆ। ਅਦਾਲਤ ਨੇ ਕਿਹਾ ਕਿ ਪੁਲੀਸ ਵਾਲਿਆਂ ਨੇ ਅਦਾਲਤ ਵਿੱਚ ਹੀ ਦੋਸ਼ੀਆਂ ਨੂੰ ਸਿਗਰਟਾਂ, ਪਾਨ ਤੇ ਪਾਨ ਮਸਾਲਾ ਮੁਹੱਈਆ ਕਰਵਾਇਆ।

ਜ਼ਿਕਰਯੋਗ ਹੈ ਕਿ ਸਜ਼ਾ ਸੁਣਾਏ ਜਾਣ ਮਗਰੋਂ ਵਿਸ਼ੇਸ਼ ਜੱਜ ਦੇ ਆਪਣੇ ਚੈਂਬਰ ਵਿੱਚ ਚਲੇ ਜਾਣ ਤੋਂ ਬਾਅਦ ਅਦਾਲਤ ਵਿੱਚ ਹੁੱਲੜਬਾਜ਼ੀ ਹੋਈ। ਜਦੋਂ ਅਦਾਲਤੀ ਕਲਰਕ ਰਾਧੇ ਸ਼ਿਆਮ ਪਾਂਡੇ ਨੇ ਦੋਸ਼ੀਆਂ ਨੂੰ ਅਦਾਲਤੀ ਹੁਕਮਾਂ ’ਤੇ ਦਸਤਖ਼ਤ ਕਰਨ ਲਈ ਕਿਹਾ ਤਾਂ ਉਨ੍ਹਾਂ ਫੈਸਲੇ ਦੀ ਕਾਪੀ ਪਾੜਨ ਦੀ ਕੋਸ਼ਿਸ਼ ਕੀਤੀ।

 ਉਨ੍ਹਾਂ ਸੀਬੀਆਈ ਦੇ ਵਕੀਲ ਦੀ ਕੁਰਸੀ ਖੋਹ ਲਈ ਅਤੇ ਸੀਬੀਆਈ ਅਧਿਕਾਰੀਆਂ ਨੂੰ ਗੋਲੀ ਮਾਰਨ ਦੀ ਚੇਤਾਵਨੀ ਦਿੱਤੀ। ਦੋਸ਼ੀਆਂ ਦੇ ਰਿਸ਼ਤੇਦਾਰਾਂ ਨੇ ਅਦਾਲਤੀ ਰੀਡਰ ਅਨਿਲ ਕੁਮਾਰ ਸ੍ਰੀਵਾਸਤਵ ਦਾ ਪਿੱਛਾ ਕੀਤਾ, ਜਿਨ੍ਹਾਂ ਵਿਸ਼ੇਸ਼ ਜੱਜ ਦੇ ਚੈਂਬਰ ਵਿੱਚ ਵੜ ਕੇ ਜਾਨ ਬਚਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: