August 19, 2011 | By ਸਿੱਖ ਸਿਆਸਤ ਬਿਊਰੋ
ਮੱਖੂ,ਜ਼ੀਰਾ (18 ਅਗਸਤ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਲਕਾ ਜ਼ੀਰਾ ਤੋਂ ਚੋਣ ਲੜ ਰਹੇ ਆਲ ਇੰਡੀਆਂ ਸਿੱਖ ਸਟੂਡੈਂਟਸ ਦੇ ਪ੍ਰਧਾਨ ਸ੍ਰ: ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਮੱਖੂ ਸ਼ਹਿਰ ਤੋਂ ਇਲਾਵਾ ਪਿੰਡ ਵਰਿਆਂ, ਖਡੂਰ, ਸੱਦਰਵਾਲਾ, ਘੁੱਦੂ ਵਾਲਾ ਸਮੇਤ ਕਈ ਪਿੰਡਾਂ ਵਿੱਚ ਆਪਣੇ ਸਮਰਥਕਾ ਨੂੰ ਨਾਲ ਲੈ ਕੇ ਵੋਟਰਾਂ ਤੱਕ ਪਹੁੰਚ ਕੀਤੀ। ਮੱਖੂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ: ਪੀਰ ਮੁਹੰਮਦ ਨੇ ਕਿਹਾ ਕਿ 16 ਅਗਸਤ ਤੋਂ ਬਾਅਦ ਹਲਕਾ ਜ਼ੀਰਾ ਦੇ ਹਰੇਕ ਪਿੰਡ, ਕਸਬੇ, ਬਸਤੀ ਅੰਦਰ ਉਹ ਸ਼੍ਰੋਮਣੀ ਕਮੇਟੀ ਦੇ ਵੋਟਰਾਂ ਨਾਲ ਸਿੱਧਾ ਸੰਪਰਕ ਬਣਾ ਕੇ ਇਸ ਸੀਟ ਤੋਂ ਜਿੱਤਣ ਵਿੱਚ ਸਫ਼ਲ ਹੋਣਗੇ। ਉਹਨਾਂ ਕਿਹਾ ਕਿ ਮੇਰੇ ਮੁਕਾਬਲੇ ਤੇ ਅਕਾਲੀ ਦਲ ਬਾਦਲ ਵੱਲੋਂ ਆਪਣਾ ਉਮੀਦਵਾਰ ਖ਼ਿਲਾਰੇ ਜਾਣ ਦਾ ਕੋਈ ਦੁੱਖ ਨਹੀਂ, ਕਿਉਂਕਿ ਬਾਦਲ ਅਤੇ ਕਾਂਗਰਸ ਵਿੱਚ ਕੋਈ ਫ਼ਰਕ ਨਹੀ ਕਿਉਂਕਿ ਦੋਹਾਂ ਧਿਰਾਂ ਵਿੱਚੋਂ ਇੱਕ ਤਾਂ ਸਿੱਖੀ ਨੂੰ ਖ਼ਤਮ ਕਰਨ ਤੇ ਲੱਗੀ ਹੋਈ ਹੈ ਤੇ ਦੂਸਰੀ ਲਗਾਤਾਰ ਸਿੱਖਾਂ ਨੂੰ ਮਾਰਦੀ ਆ ਰਹੀ ਹੈ। ਉਨ੍ਹਾਂ ਸਾਂਝੇ ਚੋਣ ਮੋਰਚੇ ਦੀ ਵੀ ਅਲੋਚਨਾ ਕੀਤੀ ਅਤੇ ਇਤਰਾਜ਼ ਉਠਾਇਆ ਕਿ ਇਸ ਮੋਰਚੇ ਵੱਲੋਂ ਉਨ੍ਹਾਂ ਖਿਲਾਫ ਉਮੀਦਵਾਰ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਮੌਕੇ ਉਹਨਾਂ ਦੇ ਨਾਲ ਫੈ¤ਡਰੇਸ਼ਨ ਦੇ ਆਗੂ ਜਿੰਨਾਂ ਵਿੱਚ ਸ੍ਰ: ਗੁਰਮੁਖ ਸਿੰਘ ਸੰਧੂ, ਹਰਭਿੰਦਰ ਸਿੰਘ ਭਿੰਦਾ, ਸ੍ਰ: ਦਵਿੰਦਰ ਸਿੰਘ ਚੁਰੀਆਂ, ਬੇਅੰਤ ਸਿੰਘ ਮੱਲੂ ਬਾਨੀਆਂ, ਸ੍ਰ: ਬਲਜਿੰਦਰ ਸਿੰਘ ਪੀਰ ਮੁਹੰਮਦ, ਸ੍ਰ: ਕਾਰਜ ਸਿੰਘ ਧਰਮ ਸਿੰਘ ਵਾਲਾ, ਸ੍ਰ: ਸੁਖਮੰਦਰ ਸਿੰਘ ਕੜਾਹੇਵਾਲਾ, ਸ੍ਰ: ਇੰਦਰਜੀਤ ਸਿੰਘ, ਸ੍ਰ: ਨਿਸ਼ਾਨ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਿਰ ਸਨ।
Related Topics: All India Sikh Students Federation (AISSF), Shiromani Gurdwara Parbandhak Committee (SGPC)