ਫ਼ਤਿਹਗੜ੍ਹ ਸਾਹਿਬ, 7 ਮਾਰਚ () : ਮੋਗਾ ਨੇੜਲੇ ਪਿੰਡ ਧੱਲੇਕੇ ਦੇ ਗੁਰਦੁਆਰਾ ਸਾਹਿਬ ’ਤੇ ਸੌਦਾ ਸਾਧ ਦੇ ਚੇਲਿਆਂ ਵਲੋਂ ਕੀਤੇ ਗਏ ਪਥਰਾਅ ਅਤੇ ਸਿੱਖਾਂ ’ਤੇ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਸਖ਼ਤ ਨਿਖੇਧੀ ਕਰਦਿਆਂ ਪੰਜਾਬ ਦੀ ਬਾਦਲ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਧਾਰਾ 295-ਏ ਤਹਿਤ ਗ੍ਰਿਫ਼ਤਾਰ ਕੀਤਾ ਜਾਵੇ ਨਹੀਂ ਤਾਂ ਭਲਕੇ 8 ਮਾਰਚ ਨੂੰ ਘਟਨਾ ਸਥਾਨ ’ਤੇ ਪਹੁੰਚੀਆਂ ਪੰਥਕ ਜਥੇਬੰਦੀਆਂ ਵਲੋਂ ਇੱਕਮੱਤ ਹੋ ਕੇ ਅਗਲੇ ਪ੍ਰੋਗਰਾਮ ਦਾ ਐਲਾਨ ਉ¤ਥੇ ਹੀ ਕਰ ਦਿੱਤਾ ਜਾਵੇਗਾ। ਪ੍ਰੈਸ ਨੂੰ ਇਹ ਬਿਆਨ ਜਾਰੀ ਕਰਦਿਆਂ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਪੰਥਕ ਪ੍ਰਚਾਰਕ, ਜਿਨ੍ਹਾਂ ਵਿੱਚ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਵਾਲੇ ਤੇ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਸ਼ਾਮਿਲ ਹਨ, ਘਟਨਾ ਸਥਾਨ ’ਤੇ ਪਹਿਲਾਂ ਹੀ ਪਹੁੰਚ ਚੁੱਕੇ ਹਨ।
ਉਕਤ ਆਗੂਆਂ ਨੇ ਕਿਹਾ ਕਿ ਇਸ ਹਮਲੇ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਨੁਕਸਾਨੀ ਗਈ ਹੈ। ਪੰਜਾਬ ਦੀ ਬਾਦਲ ਸਰਕਾਰ ਡੇਰੇਦਾਰਾਂ ਨੂੰ ਖੁਸ਼ ਕਰਨ ਲਈ ਸਾਂਤਮਈ ਸਿੱਖਾਂ ਵਿਰੁੱਧ ਹੀ ਕਾਨੁੰਨ ਦੀ ਦੁਰਵਰਤੋਂ ਕਰਦੀ ਆ ਰਹੀ ਹੈ ਜਿਸ ਕਾਰਨ ਇਨ੍ਹਾ ਲੋਕਾਂ ਦੇ ਹੌਸਲੇ ਹੋਰ ਵਧ ਰਹੇ ਹਨ।ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਪੰਥਕ ਅਖਵਾਉਂਦੀ ਸਰਕਾਰ ਦੇ ਕਾਰਜਕਾਲ ਵਿੱਚ ਹੀ ਨਾ ਪੰਥ ਸੁਰੱਖਿਅਤ ਹੈ ਤੇ ਨਾ ਹੀ ਪੰਥ ਦੇ ਧਾਰਮਿਕ ਸਥਾਨ ਸੁਰੱਖਿਅਤ ਹਨ।ਗੁਰਧਾਮਾਂ ’ਤੇ ਅਜਿਹੇ ਹਮਲੇ ਵੀ ਅਸਲ ਵਿੱਚ ਸਾਂਝੀਵਾਲਤਾ ਤੇ ਮਨੁੱਖੀ ਆਜ਼ਾਦੀ ਦਾ ਸ਼ੰਦੇਸ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਵੱਲ ਹੀ ਸੇਧਤ ਹੁੰਦੇ ਹਨ ਜਿਸਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।