ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਪੰਜਾਬ ਵਿਚ ਸਿੱਖ ਕੌਮ ਨੂੰ ਦਰਪੇਸ਼ ਧਾਰਮਿਕ ਸਮੱਸਿਆਵਾਂ ਦੇ ਹੱਲ ਤਲਾਸ਼ਣ ਲਈ ਕੁਝ ਪੰਥ ਦਰਦੀਆਂ ਨੇ ਅੱਜ ਇਥੇ ਪੰਥਕ ਅਸੈਂਬਲੀ ਨਾਮੀ ਇੱਕ ਪੰਥਕ ਸੰਸਥਾ ਗਠਿਤ ਕਰਨ ਦੀ ਸ਼ੁਰੂਆਤ ਕੀਤੀ ਹੈ। ਇਹ ਪੰਥਕ ਅਸੈਂਬਲੀ 20-21 ਅਕਤੂਬਰ ਨੂੰ ਆਪਣੀ ਪਹਿਲੀ ਦੋ ਰੋਜਾ ਇੱਕਤਰਤਾ ਅੰਮ੍ਰਿਤਸਰ ਵਿਖੇ ਕਰੇਗੀ।
ਅੱਜ ਇਥੇ ਕਾਹਲੀ ਨਾਲ ਬੁਲਾਏ ਪੱਤਰਕਾਰ ਇਕੱਠ ਨੂੰ ਸੰਬੋਧਨ ਕਰਨ ਹਿੱਤ ਮਨੁਖੀ ਅਧਿਕਾਰਾਂ ਦੇ ਨਾਮਵਰ ਵਕੀਲ ਸ੍ਰ:ਨਵਕਿਰਨ ਸਿੰਘ, ਮਨੁਖੀ ਅਧਿਕਾਰਾਂ ਲਈ ਲੜਨ ਵਾਲੇ ਸ੍ਰ:ਜਗਮੋਹਨ ਸਿੰਘ ਦਿੱਲੀ, ਦਲ ਖਾਲਸਾ ਦੇ ਬੁਲਾਰੇ ਕੰਵਰ ਪਾਲ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਪੰਥਕ ਫਰੰਟ ਦੇ ਕਨਵੀਨਰ ਸੁਖਦੇਵ ਸਿੰਘ ਭੌਰ, ਅਕਾਲ ਪੁਰਖ ਕੀ ਫੌਜ ਸੰਸਥਾ ਦੇ ਐਡਵੋਕੇਟ ਜਸਵਿੰਦਰ ਸਿੰਘ, ਭਾਈ ਸਤਾਨਮ ਸਿੰਘ ਖੰਡਾ, ਬੀਬੀ ਕੁਲਵੰਤ ਕੌਰ ਪਟਿਆਲਾ ਤੇ ਖੁਸ਼ਹਾਲ ਸਿੰਘ ਚੰਡੀਗੜ੍ਹ ਹਾਜਰ ਸਨ।
ਪੱਤਰਕਾਰ ਸੰਮੇਲਨ ਦੀ ਸ਼ੁਰੂਆਤ ਕਰਦਿਆਂ ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਕਿ ਸਾਲ 2015 ਵਿੱਚ ਵਾਪਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਰਤਾਰੇ ਨੇ ਸਿੱਖ ਮਾਨਸਿਕਤਾ ਨੁੰ ਪੂਰੀ ਤਰ੍ਹਾਂ ਝੰਜੋੜ ਕੇ ਰਖਿਆ ਤੇ ਇਹ ਹਾਲਤ ਅੱਜ ਵੀ ਬਰਕਰਾਰ ਹੈ। ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਸਜਾਵਾਂ ਦਿਵਾਣ ਪ੍ਰਤੀ ਉਸ ਵੇਲੇ ਦੀ ਅਖੌਤੀ ਪੰਥਕ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਤਖਤਾਂ ਦੇ ਜਥੇਦਾਰ ਬੁਰੀ ਤਰ੍ਹਾਂ ਅਸਫਲ ਰਹੇ ਹਨ। ਸਾਲ 2017 ਤੋਂ ਲੈ ਕੇ ਜੇਕਰ ਮੌਜੂਦਾ ਕਾਂਗਰਸ ਸਰਕਾਰ ਨੇ ਕੁਝ ਉਪਰਾਲਾ ਕੀਤਾ ਹੈ ਤਾਂ ਉਹ ਹੈ ਲੰਗੜੀ ਵਿਧਾਨ ਸਭਾ ਸਾਹਮਣੇ ਸਿਰਫ ਨਕਸ਼ਾ ਹੀ ਪੇਸ਼ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਇੱਕ ਦੂਜੇ ਖਿਲਾਫ ਨਿਰੰਤਰ ਦੁਸ਼ਣਬਾਜੀ ਵਰਤਾਰੇ ਦੇ ਐਨ ਉਲਟ ਇੱਕ ਪੰਥਕ ਧਿਰ ਅਜੇਹੀ ਵੀ ਹੈ ਜੋ ਬੇਅਦਬੀ ਮਾਮਲੇ ਵਿੱਚ ਇਨਸਾਫ ਦਿਵਾਉਣ ਲਈ ਜੂਨ 2018 ਤੋਂ ਬਰਗਾੜੀ ਵਿਖੇ ਮੋਰਚਾ ਲਾਈ ਬੈਠੀ ਹੈ ਤੇ ਇਸ ਸੰਸਥਾ ਨੇ ਅਜੇ ਤੀਕ ਕੌਮ ਨੂੰ ਜਾਗਰੂਕ ਰੱਖਿਆ ਹੈ।
ਉਨ੍ਹਾਂ ਦੱਸਿਆ ਕਿ ਸਿੱਖ ਧਰਮ ਨਾਲ ਜੁੜੇ ਅਜੇਹੇ ਅਨਗਿਣਤ ਮਸਲੇ ਹਨ ਜਿਨ੍ਹਾਂ ਬਾਰੇ ਕਦੇ ਸੰਜੀਦਗੀ ਨਾਲ ਵਿਚਾਰ ਹੀ ਨਹੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਇਸ ਦੁਵਿਧਾ ਗ੍ਰਸਤ ਹਾਲਤ ’ਤੇ ਸੰਜੀਦਗੀ ਨਾਲ ਵਿਚਾਰ ਤੇ ਹੱਲ ਤਲਾਸ਼ਣ ਲਈ ਪੰਥਕ ਅਸੈਂਬਲੀ ਦਾ ਗਠਨ ਕੀਤਾ ਗਿਆ ਹੈ ਜੋ ਹਰ ਉਸ ਸ਼ਖਸ਼ ਨਾਲ ਵਿਚਾਰ ਵਟਾਂਦਰਾ ਕਰੇਗੀ ਜੋ ਦਿੱਲ ਵਿੱਚ ਪੰਥ ਦਾ ਦਰਦ ਰੱਖਦਾ ਹੋਵੇ ਤੇ ਇਨਸਾਫ ਲਈ ਸੰਘਰਸ਼ ਸ਼ੀਲ ਵੀ ਹੋਵੇਗੀ ।
ਸ੍ਰ:ਕੰਵਰਪਾਲ ਸਿੰਘ ਨੇ ਕਿਹਾ ਕਿ ਕਾਂਗਰਸ, ਅਖੌਤੀ ਪੰਥਕ ਦਲ ਤੇ ਸ਼੍ਰੋਮਣੀ ਕਮੇਟੀ ਦੇ ਇਨਸਾਫ ਵਿਰੋਧੀ ਵਤੀਰੇ ਨੇ ਹੀ ਆਮ ਲੋਕਾਂ ਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਗਲੀਆਂ ਅਤੇ ਸੜਕਾਂ ਉਪਰ ਆਉਣ ਲਈ ਮਜਬੂਰ ਕਰ ਦਿਤਾ ਹੈ ਜਿਹੜਾ ਕਿ ਪੰਜਾਬ ਅੰਦਰ ਪਹਿਲਾਂ ਕਦੀ ਨਹੀ ਹੋਇਆ ਸੀ। ਆਪਣੇ ਵਿਰੋਧੀਆਂ ਲਈ ਸਰੀਰਕ ਤਾਕਤ ਵਰਤਣੀ ਜਾਇਜ਼ ਨਹੀ ਪਰ ਰਾਜ ਅੰਦਰ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਵਾਲੀ ਕੋਈ ਅਧਿਕਾਰਤ ਸੰਸਥਾ ਮੌਜੂਦ ਨਹੀ ਹੈ ਅਤੇ ਲੋਕਾਂ ਦਾ ਵਿਰੋਧ ਦਿਸ਼ਾਹੀਣ ਹੋ ਰਿਹਾ ਹੈ ਭਾਵੇਂ ਇਸ ਆਪ ਮੁਹਾਰੇ ਪੈਦਾ ਹੋਏ ਜਨਤਕ ਵਿਰੋਧ ਨੁੰ ਸਲਾਹੁਣਾ ਵੀ ਬਣਦਾ ਹੈ।
ਸ੍ਰ:ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਪੰਥਕ ਅਸਂੈਬਲੀ ਦੀ 11 ਮੈਂਬਰੀ ਜਥੇਬੰਦਕ ਕਮੇਟੀ ਦਾ ਗਠਨ ਕਰ ਲਿਆ ਗਿਆ ਹੈ। ਆਉਣ ਵਾਲੇ ਸਮੇਂ ਵਿੱਚ 117 ਪੰਥ ਦਰਦੀ ਇਸ ਵਿੱਚ ਸ਼ਾਮਿਲ ਹੋਣਗੇ। ਬੇਅਦਬੀ ਕਾਂਡ ਬਾਰੇ ਹਰ ਪਹਿਲੂ ’ਤੇ ਵਿਚਾਰ ਹੋਵੇਗੀ। ਹੁਣ ਤੀਕ ਸਾਹਮਣੇ ਆਈਆਂ ਤਿੰਨ ਜਾਂਚ ਰਿਪੋਰਟਾਂ (ਜਸਟਿਸ ਜੋਰਾ ਸਿੰਘ ਕਮਿਸ਼ਨ, ਜਸਟਿਸ ਕਾਟਜ਼ੂ ਕਮਿਸ਼ਨ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ) ’ਤੇ ਗਹਿਰ ਗੰਭੀਰ ਵਿਚਾਰ ਹੋਵੇਗੀ ਤੇ ਫਿਰ ਸੰਸਾਰ ਦੇ ਸਾਹਮਣੇ ਅਸਲੀਅਤ ਵੀ ਰੱਖੀ ਜਾਵੇਗੀ।
ਉਨ੍ਹਾਂ ਕਿਹਾ ਕਿ ਹੁਣ ਤੀਕ ਤਾਂ ਹਾਲਤ ਇਹ ਹੈ ਕਿ ਜਿਹੜੇ ਜਿੰਮੇਵਾਰ ਲੋਕਾਂ ਤੋਂ ਇਨਸਾਫ ਲਈ, ਇਹ ਆਸ ਕੀਤੀ ਜਾਂਦੀ ਸੀ ਕਿ ਉਹ ਆਪਣੀਆਂ ਗਲਤੀਆਂ ਨੂੰ ਦੂਜਿਆਂ ਸਿੱਰ ਮੜ੍ਹਨ ਦੀ ਬਜਾਏ ਪ੍ਰਵਾਨ ਕਰਦੇ। ਪਰ ਉਹਨਾਂ ਨੇ “ਪੰਥ ਖਤਰੇ ਵਿੱਚ” ਤੇ “ਹਿੰਦੂ ਸਿੱਖ ਏਕਤਾ ਖਤਰੇ ਵਿਚ” ਦੇ ਪੁਰਾਣੇ ਰਾਗ ਅਲਾਪਣੇ ਸ਼ੁਰੂ ਕਰ ਦਿੱਤੇ। ਸਿੱਖ ਲੀਡਰਸ਼ਿਪ ਵੀ ਤਾਕਤ ਦੇ ਉੱਚ ਰਾਸ਼ਟਰੀ ਵਹਾਅ ਵਿਚ ਵਹਿ ਗਈ ਹੈ ਜਿਹੜਾ ਕਿ ਟੀਵੀ, ਪ੍ਰਿੰਟ ਮੀਡੀਆ ਅਤੇ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਝੂਠਾਂ ਨੂੰ ਗੈਰ ਲੋਕਤੰਤਰਿਕ ਢੰਗ ਨਾਲ ਢੱਕਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਪੰਥ ਅਤੇ ਕੌਮ ਦੀ ਅਵਾਜ਼ ਨੂੰ ਸੰਸਾਰ ਤੱਕ ਪਹੁੰਚਾਉਣ ਲਈ ਅਲੱਗ ਅਲੱਗ ਖੇਤਰਾਂ ਨਾਲ ਸਬੰਧਤ ਸਿੱਖਾਂ ਨੇ ਫੈਸਲਾ ਕੀਤਾ ਕਿ 117 ਸਿੱਖਾਂ ਦੀ ਐਸੰਬਲੀ ਬੁਲਾਈ ਜਾਵੇ। ਮੁਢਲੇ ਦੌਰ ਵਿੱਚ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ , ਕਿਸਾਨ-ਮਜਦੂਰ, ਪੱਤਰਕਾਰ ਤੇ ਬੁੱਧੀਜੀਵੀ ਵਰਗ ਨਾਲ ਸਬੰਧਤ ਪ੍ਰਤੀਨਿਧਾਂ ’ਤੇ ਅਧਾਰਿਤ ਇਕਤਰਤਾ 20-21 ਅਕਤੂਬਰ ਨੂੰ ਅੰਮ੍ਰਿਤਸਰ ਵਿਚ ਬੁਲਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਪੰਥਕ ਅਸੈਂਬਲੀ ਇਕ ਅਜਿਹੀ ਪ੍ਰਣਾਲੀ ਹੋਵੇਗੀ ਜਿਸ ਦੇ ਮੰਚ ’ਤੇ ਪੰਥ ਦੇ ਅੰਦਰੂਨੀ ਅਤੇ ਬਾਹਰੀ ਮਸਲਿਆਂ ਨੂੰ ਵਿਚਾਰਿਆ ਜਾ ਸਕੇ ਅਤੇ ਉਹਨਾਂ ਦੇ ਹੱਲ ਕੱਢੇ ਜਾ ਸਕਣ।
ਪੰਥਕ ਅਸੈਂਬਲੀ ਜੱਥੇਬੰਧਕ ਕਮੇਟੀ ਵਿਚ ਗਿਆਨੀ ਕੇਵਲ ਸਿੰਘ , ਹਰਪਾਲ ਸਿੰਘ ਚੀਮਾ, ਸਿਮਰਨਜੀਤ ਸਿੰਘ, ਨਵਕਿਰਨ ਸਿੰਘ ਐਡਵੋਕੇਟ, ਕੰਵਰਪਾਲ ਸਿੰਘ, ਸੁਖਦੇਵ ਸਿੰਘ ਭੌਰ, ਪ੍ਰੌ. ਜਗਮੋਹਨ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਸਤਨਾਮ ਸਿੰਘ ਖੰਡਾ, ਬੀਬੀ ਕੁਲੰਵਤ ਕੌਰ ਤੇ ਖੁਸ਼ਹਾਲ ਸਿੰਘ ਚੰਡੀਗੜ੍ਹ ਸ਼ਾਮਿਲ ਕੀਤੇ ਗਏ ਹਨ। ਇਸ ਮੌਕੇ ਅਮਰਜੀਤ ਸਿੰਘ ਖਡੂਰ ਸਾਹਿਬ, ਰਾਣਾ ਇੰਦਰਜੀਤ ਸਿੰਘ ਲੁਧਿਆਣਾ, ਮਾਸਟਰ ਹਰਬੰਸ ਸਿੰਘ ਆਦਮਪੁਰ ਹਾਜਰ ਸਨ।