ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅੱਜ ਇਥੇ ਕਿਹਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵਲੋਂ ਪ੍ਰਗਟਾਈ ਗਈ ਰਾਇ ਅਨੁਸਾਰ ਸ਼੍ਰੋਮਣੀ ਕਮੇਟੀ ਨੂੰ ਪੰਜ ਪਿਆਰਿਆਂ ਦੇ ਸਰਬ-ਉੱਚ ਰੁਤਬੇ ਨੂੰ ਪ੍ਰਵਾਨ ਕਰ ਕੇ ਉਹਨਾਂ ਨੂੰ ਤੁਰੰਤ ਬਹਾਲ ਕਰਕੇ ਆਪਣੀ ਭੁੱਲ਼ ਸੁਧਾਰ ਲੈਣੀ ਚਾਹੀਦੀ ਹੈ।
ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਵੀ ਕਿਹਾ ਕਿ ਪੰਜ ਪਿਆਰਿਆਂ ਵਲੋਂ ਖਾਲਸਾ ਪੰਥ ਦੀ ‘‘ਸਮੂਹਿਕ ਰਜ਼ਾ’’ ਦੀ ਤਰਜਮਾਨੀ ਕਰਦਿਆਂ ਦਿੱਤੇ ਗਏ ਹੁਕਮ ਉਤੇ ਵੀ ਤੁਰੰਤ ਫੁੱਲ ਚੜ੍ਹਾਵੇ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਜ ਪਿਆਰਿਆਂ ਦੀਆਂ ਸੰਸਥਾਵਾਂ ਨੂੰ ਆਜ਼ਾਦ ਤੇ ਖੁਦਮੁਖਤਿਆਰ ਰੁਤਬੇ ਦੇਣ ਦੇ ਪ੍ਰਗਟਾਏ ਗਏ ਵਿਚਾਰਾਂ ਦਾ ਪੂਰਨ ਸਮਰਥਨ ਕਰਦਿਆਂ, ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਹੈ ਕਿ ਗਿਆਨੀ ਜਗਤਾਰ ਸਿੰਘ ਨੇ ਇਸ ਘੋਰ ਪੰਥਕ ਸੰਕਟ ਸਮੇਂ ਪੰਥ ਨੂੰ ਸੇਧ ਦੇ ਕੇ ਆਪਣੇ ਧਾਰਮਿਕ ਫਰਜ਼ ਦੀ ਬਾਖ਼ੂਬੀ ਪੂਰਤੀ ਕੀਤੀ ਹੈ।
ਉਹਨਾਂ ਕਿਹਾ ਕਿ ਸੁਲਝੇ ਹੋਏ ਤੇ ਲਾਇਕ ਪੰਥਕ ਵਿਦਵਾਨ ਗਿਆਨੀ ਜਗਾਤਾਰ ਸਿੰਘ ਅੱਜ ਉਸ ਸਭ ਤੋਂ ਵੱਧ ਸਤਿਕਾਰਯੋਗ ਪਦਵੀ ਉੱਤੇ ਬੈਠੇ ਹਨ ਜਿੱਥੇ ਕਦੇ ਮਹਾਨ ਵਿਦਵਾਨ ਭਾਈ ਮਨੀ ਸਿੰਘ ਅਤੇ ਬਾਬਾ ਬੁੱਢਾ ਜੀ ਸੁਸ਼ੋਭਤ ਰਹੇ ਹਨ। ਉਹਨਾਂ ਵਲੋਂ ਪ੍ਰਗਟਾਈ ਗਈ ਰਾਇ ਪੰਥਕ ਸਿਧਾਤਾਂ, ਇਤਿਹਾਸਕ ਪੰਰਪਰਾਵਾਂ ਅਤੇ ਮਰਿਯਾਦਾ ਉੱਤੇ ਖਰੀ ਉਤਰਦੀ ਹੈ, ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਮੂਹ ਪੰਥਕ ਜਥੇਬੰਦੀਆਂ ਨੂੰ ਮੰਨਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਪੰਜ ਪਿਆਰਿਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਨਿਯੁਕਤੀ, ਸੇਵਾ ਨਿਯਮ ਅਤੇ ਅਹੁਦੇ ਤੋਂ ਹਟਾਉਣ ਦਾ ਕੋਈ ਵਿਧੀ ਵਿਧਾਨ ਤਿਆਰ ਕੀਤਾ ਜਾਵੇ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਤੇ ਗਏ ਆਦੇਸ਼ਾਂ ਦੇ ਬਾਵਜੂਦ ਕਈ ਸਾਲਾਂ ਤੋਂ ਲਟਕ ਰਹੇ ਇਸ ਬਹੁਤ ਹੀ ਅਹਿਮ ਮਸਲੇ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇਜ਼ੀ ਵਿਖਾਉਣੀ ਚਾਹੀਦੀ ਹੈ।
ਉਹਨਾਂ ਇਸ ਮਸਲੇ ਦੇ ਹੱਲ ਲਈ ਸੁਝਾਅ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਸਮੇਂ ਅਗਵਾਈ ਕਰ ਰਹੇ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਵਡੇਰੇ ਪੰਥਕ ਹਿੱਤਾਂ ਨੂੰ ਸਾਹਮਣੇ ਰੱਖਦੇ ਹੋਏ ਇਸ ਸਬੰਧੀ ਸਮੂਹ ਪੰਥਕ ਜਥੇਬੰਦੀਆਂ ਨੂੰ ਭਰੋਸੇ ਵਿਚ ਲੈ ਕੇ ਇੱਕ ਕਮੇਟੀ ਬਣਾਵੇ। ਇਸ ਕਮੇਟੀ ਵਲੋਂ ਪੇਸ਼ ਕੀਤੇ ਗਏ ਖਰੜੇ ਨੂੰ ਦੇਸ਼-ਵਿਦੇਸ਼ ਦੀਆਂ ਨਾਮੀ ਪੰਥਕ ਜਥੇਬੰਦੀਆਂ ਦੇ ਪ੍ਰਤੀਨਿੱਧ ਇਕੱਠ ਵਿਚ ਨਿੱਠ ਕੇ ਵਿਚਾਰਨ ਅਤੇ ਪ੍ਰਵਾਨ ਕਰਨ ਤੋਂ ਬਾਅਦ ਲਾਗੂ ਕੀਤਾ ਜਾਵੇ।
ਅਕਾਲੀ ਆਗੂ ਨੇ ਕਿਹਾ ਕਿ ਸਿੰਘ ਸਾਹਿਬਾਨ ਵਲੋਂ ਡੇਰਾ ਸੱਚਾ ਸੌਧਾ ਦੇ ਮੁੱਖੀ ਨੂੰ ਦਸਮ ਪਾਤਸ਼ਾਹ ਦਾ ਸਾਂਗ ਉਤਾਰਣ ਦੇ ਗੰਭੀਰ ਦੋਸ਼ ਤੋਂ ਪਹਿਲਾਂ ਆਪਹੁਦਰੇ ਢੰਗ ਨਾਲ ਮੁਆਫੀ ਦੇਣ ਅਤੇ ਖਾਲਸਾ ਪੰਥ ਵਿਚ ਫੈਲੇ ਰੋਹ ਕਾਰਨ ਫਿਰ ਆਪਣਾ ਹੁਕਮ ਵਾਪਸ ਲੈਣ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਪੰਥਕ ਸੰਸਥਾ ਦੇ ਰੁਤਬੇ ਦੇ ਵਕਾਰ ਨੂੰ ਢਾਹ ਲੱਗੀ ਹੈ। ਇਸ ਢਾਹ ਦੀ ਪੂਰਤੀ ਲਈ ਹੀ ਪੰਜ ਪਿਆਰਿਆਂ ਨੇ ਆਪਣਾ ਇਤਿਹਾਸਕ ਫਰਜ਼ ਅਦਾ ਕੀਤਾ ਹੈ ਜਿਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਨੇ ਸਾਧਾਰਣ ‘‘ਮੁਲਾਜ਼ਮਾਂ’’ ਤੋਂ ਘਟੀਆ ਵਿਵਹਾਰ ਕਰਕੇ ਪੰਥ ਵਿਚ ਹੋਰ ਭੰਬਲਭੂਸਾ ਖੜ੍ਹਾ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਗਿਆਨੀ ਜਗਤਾਰ ਸਿੰਘ ਸਿੰਘ ਦੀ ਰਾਇ ਮੰਨਣ ਨਾਲ ਹੀ ਸਿੱਖ ਪੰਥ ਵਿਚ ਪੈਦਾ ਹੋਏ ਭੰਬਲਭੂਸੇ ਨੂੰ ਖ਼ਤਮ ਕਰ ਕੇ ਖੇਰੂ ਖੇਰੂ ਹੋ ਚੁੱਕੀ ਪੰਥਕ ਸ਼ਕਤੀ ਨੂੰ ਮੁੜ ਇਕੱਠਾ ਕੀਤਾ ਜਾ ਸਕਦਾ ਹੈ ਅਤੇ ਇਹੀ ਨੁਕਤਾ ਸ਼੍ਰੋਮਣੀ ਕਮੇਟੀ ਨੂੰ ਚਲਾ ਰਹੀ ਅਕਾਲੀ ਲੀਡਰਸ਼ਿਪ ਨੂੰ ਸਮਝਣ ਦੀ ਲੋੜ ਹੈ।