ਗੁਰੂਸਰ ਸੁਧਾਰ (ਲੁਧਿਆਣਾ): ਗੁਰੂ ਹਰਗੋਬਿੰਦ ਖਾਲਸਾ ਕਾਲਜ, ਗੁਰੂਸਰ ਸੁਧਾਰ (ਜ਼ਿਲ੍ਹਾ ਲੁਧਿਆਣਾ) ਵਿਖੇ ਪੰਜਾਬ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ ਦੇ ਅੰਤਰ-ਕਾਲਜ ਗੱਤਕਾ ਮੁਕਾਬਲੇ ਸ਼ੁਰੂ ਹੋਏ ਜਿਸ ਵਿੱਚ ਵੱਖ-ਵੱਖ ਕਾਲਜਾਂ ਵਿੱਚੋਂ ਲੜਕਿਆਂ ਦੀਆਂ 16 ਟੀਮਾਂ ਅਤੇ ਲੜਕੀਆਂ ਦੀਆਂ 18 ਟੀਮਾਂ ਭਾਗ ਲੈ ਰਹੀਆਂ ਹਨ। ਤਿੰਨ ਰੋਜ਼ਾ ਗੱਤਕਾ ਮੁਕਾਬਲਿਆਂ ਦਾ ਉਦਘਾਟਨ ਕਾਲਜ ਪਿੰ੍ਰਸੀਪਲ ਡਾ. ਐਸ.ਐਸ. ਦਿਓਲ ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਉਦੇ ਸਿੰਘ, ਜੋ ਕਿ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਸਕੱਤਰ ਵੀ ਹਨ, ਨੇ ਕੀਤਾ।
ਇਸ ਮੌਕੇ ਪ੍ਰਿੰਸੀਪਲ ਦਿਓਲ ਨੇ ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਇਸਮਾ ਵੱਲੋਂ ਗੱਤਕੇ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਵੱਡੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਇਹ ਸਵੈ-ਰੱਖਿਆ ਵਾਲੀ ਖੇਡ ਖੇਡਣ ਲਈ ਪ੍ਰੇਰਿਤ ਕਰੇ ਤਾਂ ਜੋ ਨੌਜਵਾਨ ਵਿਸ਼ੇ-ਵਿਕਾਰਾਂ ਅਤੇ ਨਸ਼ਿਆਂ ਤੋਂ ਬਚ ਕੇ ਵਿਰਾਸਤ ਨਾਲ ਜੁੜੇ ਰਹਿਣ ਅਤੇ ਗੱਤਕੇ ਦੀ ਵਿਰਾਸਤੀ ਖੇਡ ਨੂੰ ਘਰ-ਘਰ ਦੀ ਖੇਡ ਬਣਾਇਆ ਜਾ ਸਕੇ। ਉਨ੍ਹਾਂ ਅਖਿਆ ਕਿ ਨੌਜਵਾਨਾਂ ਦੀ ਉਸਾਰੂ ਸ਼ਕਤੀ ਨੂੰ ਸਹੀ ਦਿਸ਼ਾ ਵੱਲ ਮੋੜ ਕੇ ਪੰਜਾਬ ਦੀ ਤਰੱਕੀ ਲਈ ਵਿੱਦਿਅਕ ਕਾਰਜਾਂ ਅਤੇ ਖੇਡਾਂ ਵੱਲ ਲਾਉਣਾ ਅੱਜ ਸਮੇਂ ਦੀ ਲੋੜ ਹੈ।
ਇਸ ਮੌਕੇ ਬੋਲਦਿਆਂ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਉਦੇ ਸਿੰਘ ਨੇ ਖਿਡਾਰੀਆਂ ਨੂੰ ਆਖਿਆ ਕਿ ਉਹ ਖੇਡ ਭਾਵਨਾ ਨਾਲ ਖੇਡਦੇ ਹੋਏ ਵਧੀਆ ਪ੍ਰਦਰਸ਼ਨੀ ਦਿਖਾਕੇ ਆਪਣਾ ਅਤੇ ਆਪਣੇ ਰਾਜ ਦਾ ਨਾਮ ਉਚਾ ਚੁੱਕਣ। ਉਨ੍ਹਾਂ ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਇਸਮਾ ਵੱਲੋਂ ਹੁਣ ਤੱਕ ਕੀਤੀਆਂ ਪ੍ਰਾਪਤੀਆਂ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਗੱਤਕਾ ਖੇਡ ਅਤੇ ਖਿਡਾਰੀਆਂ ਦਾ ਭਵਿੱਖ ਬਹੁਤ ਉ¤ਜਲ ਹੈ ਕਿਉਂਕਿ ਇਨ੍ਹਾਂ ਗੱਤਕਾ ਖੇਡ ਸੰਸਥਾਵਾਂ ਦੀ ਮਿਹਨਤ ਸਦਕਾ ਜਿੱਥੇ ਇਹ ਵਿਰਾਸਤੀ ਖੇਡ ਨੈਸ਼ਨਲ ਸਕੂਲ ਖੇਡਾਂ ਅਤੇ ਨੈਸ਼ਨਲ ਯੂਨੀਵਰਸਿਟੀ ਖੇਡਾਂ ਦੇ ਕੈਲੰਡਰ ਵਿੱਚ ਸ਼ਾਮਲ ਹੋ ਚੁੱਕੀ ਹੈ ਉਥੇ ਪੰਜਾਬ ਸਰਕਾਰ ਵੱਲੋਂ ਗੱਤਕਾ ਖੇਡ ਦੀ ਗ੍ਰੇਡੇਸ਼ਨ ਵੀ ਹੋ ਚੁੱਕੀ ਹੈ ਜਿਸ ਨਾਲ ਗੱਤਕਾ ਖਿਡਾਰੀ ਵੀ ਦੂਜੀਆਂ ਖੇਡਾਂ ਦੇ ਖਿਡਾਰੀਆਂ ਵਾਂਗ ਦਾਖਲਿਆਂ ਸਮੇਂ ਅਤੇ ਨੌਕਰੀਆਂ ਲਈ ਖਿਡਾਰੀ ਕੋਟੇ ਦਾ ਲਾਹਾ ਲੈ ਸਕਦੇ ਹਨ। ਉਨ੍ਹਾਂ ਨੌਜਵਾਨਾਂ ਖਾਸ ਕਰ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਮਾਨਤਾ ਪ੍ਰਾਪਤ ਖੇਡ ਹੋਣ ਕਾਰਨ ਅਤੇ ਸਵੈ-ਰੱਖਿਆ ਲਈ ਸਹਾਈ ਹੋਣ ਕਰਕੇ ਗੱਤਕੇ ਨੂੰ ਖੇਡ ਵਜੋਂ ਜ਼ਰੂਰ ਅਪਨਾਉਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਤੇਜਿੰਦਰ ਸਿੰਘ, ਡਾ. ਮਨੋਹਰ ਲਾਲ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਸੰਯੁਕਤ ਸਕੱਤਰ ਗੁਰਮੀਤ ਸਿੰਘ ਰਾਜਪੁਰਾ ਅਤੇ ਇਸਮਾ ਦੇ ਜ਼ਿਲ੍ਹਾ ਫ਼ਿਰੋਜਪੁਰ ਦੇ ਕੋਆਰਡੀਨੇਟਰ ਤਲਵਿੰਦਰ ਸਿੰਘ ਵੀ ਹਾਜ਼ਰ ਸਨ।