ਫ਼ਤਿਹਗੜ੍ਹ ਸਾਹਿਬ (8 ਜੂਨ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਅੱਜ ਇੱਥੇ ਹੋਈ ਇਕ ਮੀਟਿੰਗ ਵਿੱਚ ਦਲ ਦੇ ਪ੍ਰਜ਼ੀਡੀਅਮ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੀ ਨਿਯੁਕਤੀ ਲਈ 13 ਜੂਨ ਨੂੰ ਸੱਦੇ ਜਾ ਰਹੇ ਵਿਸ਼ੇਸ਼ ਇਜਲਾਸ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਸ਼ੀ ਦੀ ਸਜ਼ਾ ਰੱਦ ਕਰਨ ਲਈ ਮਤਾ ਪਾਸ ਕਰਕੇ ਭਾਰਤੀ ਗ੍ਰਹਿ ਮੰਤਰਾਲੇ ਤੇ ਰਾਸ਼ਟਰਪਤੀ ਨੂੰ ਭੇਜਿਆ ਜਾਵੇ।
ਇਸ ਮੀਟਿੰਗ, ਜਿਸ ਵਿੱਚ ਪੰਚ ਪ੍ਰਧਾਨੀ ਦੇ ਜਨਰਲ ਸਕਤਰਾਂ ਅਮਰੀਕ ਸਿੰਘ ਈਸੜੂ, ਜਸਵੀਰ ਸਿੰਘ ਖੰਡੂਰ ਅਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਵੀ ਸ਼ਮੂਲੀਅਤ ਕੀਤੀ, ਵਿੱਚ ਆਗੂਆ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰਹਿਨੁਮਾਈ ਹੇਠ 31 ਮਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਵਿੱਚ ਇਹ ਮਤਾ ਵੀ ਪਾਸ ਕੀਤਾ ਸੀ ਕਿ ਪ੍ਰੋ. ਭੁੱਲਰ ਦੀ ਸਜ਼ਾ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਭਾਰਤੀ ਗ੍ਰਹਿ ਮੰਤਰਾਲੇ ਤੇ ਰਾਸ਼ਟਰਪਤੀ ਨੂੰ ਭੇਜੇ। ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉ¤ਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੀਨੀਅਰ ਕਾਂਗਰਸੀ ਆਗੂ ਤੇ ਵਿਧਾਇਕ ਸ. ਸੁਖਪਾਲ ਸਿੰਘ ਖੈਹਿਰਾ ਵੀ ਇਸ ਸਬੰਧੀ ਅਪਣੀ ਰਾਏ ਦੇ ਚੁੱਕੇ ਹਨ ਕਿ ਬਿਨਾਂ ਕਿਸੇ ਵਿਰੋਧੀ ਗਵਾਹੀ ਦੇ, ਸਬੂਤਾਂ ਦੀ ਅਣਹੋਂਦ ਅਤੇ ਜੱਜਾਂ ਦੀ ਇਕ ਰਾਏ ਤੋਂ ਬਿਨਾਂ ਪ੍ਰੋ. ਭੁੱਲਰ ਨੂੰ ਫਾਸ਼ੀ ਦੀ ਸਜ਼ਾ ਸੁਣਾਈ ਗਈ ਸੀ, ਇਸ ਲਈ ਇਹ ਸਜ਼ਾ ਰੱਦ ਹੋਣੀ ਚਾਹੀਦੀ ਹੈ। ਇਸ ਲਈ ਉਕਤ ਅਕਾਲੀ ਤੇ ਕਾਗਰਸੀ ਆਗੂ ਜੇ ਸੱਚਮੁੱਚ ਇਸ ਮਾਮਲੇ ਵਿੱਚ ਦਿਲੋਂ ਸੁਹਿਰਦ ਹਨ ਤਾਂ 13 ਜੂਨ ਦੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਉਕਤ ਮਤਾ ਪਾਸ ਕਰਵਾਕੇ ਕੇਂਦਰੀ ਗ੍ਰਹਿ ਮੰਤਰਾਲੇ ਤੇ ਰਾਸ਼ਟਰਪਤੀ ਨੂੰ ਭੇਜਣ। ਕਿਉਂਕਿ ਇਹ ਆਗੂ ਆਪ ਵੀ ਮੰਨ ਚੁੱਕੇ ਹਨ ਕਿ ਪੰਜਾਬ ਵਿੱਚ ਸਦਭਾਵਨਾ ਦਾ ਮਾਹੌਲ ਬਣਾਏ ਰੱਖਣ ਲਈ ਪ੍ਰੋ. ਭੁੱਲਰ ਦੇ ਮਾਮਲੇ ਵਿੱਚ ਸੁਹਿਰਦਤਾ ਵਿਖਾਈ ਜਾਣੀ ਚਾਹੀਦੀ ਹੈ ਤੇ ਨਿਯਮਾਂ ਦੀ ਅਣਦੇਖੀ ਕਰਕੇ ਸੁਣਾਈ ਗਈ ਫਾਸ਼ੀ ਦੀ ਸਜ਼ਾ ਰੱਦ ਹੋਣੀ ਚਾਹੀਦੀ ਹੈ।