ਫਤਹਿਗੜ੍ਹ ਸਾਹਿਬ (24 ਨਵੰਬਰ, 2009): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵੱਲੋਂ ਚਿੱਠੀਸਿੰਘਪੁਰਾ ਦੇ ਸਿੱਖ ਕਤਲੇਆਮ ਦੀ ਨਿਰਪੱਖ ਜਾਂਚ ਨਾ ਹੋ ਸਕਣ ਬਾਰੇ ਦਿੱਤੇ ਬਿਆਨ ਦੇ ਅਧਾਰ ਉੱਤੇ ਇਸ ਦੀ ਮੁੜ ਜਾਂਚ ਕਰਨ ਦੀ ਮੰਗ ਉਠਾਈ ਹੈ। ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਵੱਲੋਂ ਜਾਰੀ ਕੀਤੇ ਇੱਕ ਬਿਆਨ ਵਿੱਚ ਦਲ ਦੇ ਕੌਮੀ ਪੰਚਾਂ ਭਾਈ ਕੁਲਬੀਰ ਸਿੰਘ ਬੜਾਪਿੰਡ ਅਤੇ ਭਾਈ ਦਇਆ ਸਿੰਘ ਕੱਕੜ ਨੇ ਕਿਹਾ ਹੈ ਕਿ ਫਾਰੂਕ ਅਬਦੁੱਲਾ ਜੋ ਇਸ ਸਮੇਂ ਕੇਂਦਰੀ ਵਜਾਰਤ ਵਿੱਚ ਮੰਤਰੀ ਹਨ ਵੱਲੋਂ ਬੀਤੇ ਦਿਨ੍ਹੀਂ ਚਿੱਠੀ ਸਿੰਘਪੁਰਾ ਸਬੰਧੀ ਦਿੱਤੇ ਬਿਆਨ ਨੇ ਸਿੱਖ ਕੌਮ ਦੇ ਇਸ ਦਾਅਵੇ ਦੀ ਪ੍ਰੋੜਤਾ ਕੀਤੀ ਹੈ ਕਿ 20 ਮਾਰਚ ਸੰਨ 2000 ਨੂੰ ਵਾਪਰੇ ਇਸ ਕਤਲੇਆਮ ਦੀ ਨਾ ਤਾਂ ਨਿਰਪੱਖ ਜਾਂਚ ਹੋ ਸਕੀ ਹੈ ਅਤੇ ਨਾ ਹੀ ਪੀੜਤਾਂ ਨੂੰ ਇਨਸਾਫ ਮਿਲ ਸਕਿਆ ਹੈ।
ਆਗੂਆਂ ਨੇ ਕਿਹਾ ਕਿ ਇਹ ਕਤਲੇਆਮ ਭਾਰਤੀ ਜਮਹੂਰੀਅਤ ਦੇ ਮੱਥੇ ੳਤੇ ਕਲੰਕ ਹੈ ਕਿ ਜਦੋਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਭਾਰਤ ਦੌਰੇ ਮੌਕੇ ਸੌੜੀ ਸਿਆਸਤ ਤੋਂ ਪ੍ਰੇਰਤ ਤਾਕਤਾਂ ਨੇ ਇਸ ਭਿਆਨਕ ਕਲਤੇਆਮ ਦੀ ਸਾਜਿਸ਼ ਰਚੀ ਅਤੇ 34 ਨਿਰਦੋਸ਼ ਸਿੱਖ ਬੇਰਹਿਮੀ ਨਾਲ ਮਾਰ ਦਿੱਤੇ ਗਏ ਸਨ। ਜ਼ਿਕਰਯੋਗ ਹੈ ਕਿ 2006 ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਵੀ ਭਾਰਤ ਵੱਲੋਂ ਕਤਲੇਆਮ ਲਈ ਪੇਸ਼ ਕੀਤੀ ਜਾਂਦੀ ਦਲੀਲ ਕਿ ਇਹ ਕੰਮ ‘ਪਾਕਿਸਤਾਨੀ ਅੱਤਵਾਦੀਆਂ’ ਵੱਲੋਂ ਕੀਤਾ ਗਿਆ ਸੀ ਨੂੰ ਮੁੜ ਨਾਕਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ. ਮਨਮੋਹਣ ਸਿੰਘ, ਜਿਨ੍ਹਾਂ ਦੇ ਸਿੱਖ ਪ੍ਰਧਾਨ ਮੰਤਰੀ ਹੋਣ ਦਾ ਦਾਅਵਾ ਉਨ੍ਹਾਂ ਦੀ ‘ਧਰਮ-ਨਿਰਪੱਖ’ ਪਾਰਟੀ ਵੱਲੋਂ ਕੀਤਾ ਜਾਂਦਾ ਹੈ, ਨੂੰ ਚਾਹੀਦਾ ਹੈ ਕਿ ਉਹ ਇਸ ਕਤਲੇਆਮ ਦੀ ਸੱਚਾਈ ਸਾਹਮਣੇ ਲਿਆਉਣ, ਕਿਉਂਕਿ ਸੱਚ ਨੂੰ ਉਜਾਗਰ ਕਰਨਾ ਹਰ ਸਿੱਖ ਦਾ ਮੁਢਲਾ ਫਰਜ਼ ਹੈ।