ਫਰੀਦਕੋਟ 16 ਅਗਸਤ (ਗੁਰਭੇਜ ਸਿੰਘ ਚੌਹਾਨ) : ਭਾਈ ਜਸਵੀਰ ਸਿੰਘ ਰੋਡੇ ਦੀ ਪ੍ਰਕਾਸ਼ ਸਿੰਘ ਬਾਦਲ ਜਾਂ ਉਸਦੀ ਅਧੀਨਗੀ ਵਾਲੇ ਦਲ ਨਾਲ ਪਈ ਸਾਂਝ ਗੈਰ ਸਿਧਾਂਤਕ ਹੈ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਕੋਈ ਵੀ ਸੱਚਾ ਵਾਰਸ ਕਦੇ ਵੀ ਇਸ ਤਰ੍ਹਾਂ ਦਾ ਕਦਮ ਨਹੀਂ ਚੁੱਕ ਸਕਦਾ, ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਸੰਤਾਂ ਦੀ ਸੋਚ ਨਾਲ ਗਦਾਰੀ ਕਰਨ ਦੇ ਤੁਲ ਹੈ। ਇਹ ਵਿਚਾਰ ਪੇਸ਼ ਕਰਦਿਆਂ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ, ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਸੰਦੀਪ ਸਿੰਘ ਕੈਨੇਡੀਅਨ ਨੇ ਕਿਹਾ ਕਿ ਕੋਈ ਵੀ ਵਿਅਕਤੀ ਰਿਸ਼ਤੇਦਾਰੀ ਦੇ ਪੱਖ ਤੋਂ ਸੰਤਾਂ ਦਾ ਵਾਰਸ ਹੋਣ ਦਾ ਦਾਅਵਾ ਨਹੀਂ ਕਰ ਸਕਦਾ ਤੇ ਨਾ ਹੀ ਕੌਮਾਂ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੇ ਦਾਅਵੇ ਕੋਈ ਮਾਨਤਾ ਹੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦਾ ਅਸਲੀ ਵਾਰਸ ਉਹੀ ਹੈ ਜੋ ਸੰਤਾਂ ਵਾਂਗ ਹੀ ਸਿੱਖ ਸੋਚ ਅਤੇ ਸਿੱਖ ਰਾਸ਼ਟਰਵਾਦੀ ਭਾਵਨਾਵਾਂ ਵਿੱਚ ਪ੍ਰੱਪਕ ਹੋਵੇ। ਗੁਰੂ ਨਾਨਕ ਸਾਹਿਬ ਨੇ ਵੀ ਰਿਸ਼ਤੇ ਦੀ ਅਹਿਮੀਅਤ ਦੀ ਥਾਂ ਸੋਚ ਅਤੇ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਗੁਰਗੱਦੀ ਦੇ ਅਸਲੀ ਵਾਰਸ ਦੀ ਚੋਣ ਕੀਤੀ ਸੀ।
ਉਕਤ ਆਗੂਆਂ ਨੇ ਕਿਹਾ ਕਿ ਭਾਈ ਰੋਡੇ ਦੀ ਬਾਦਲ ਨਾਲ ਸਾਂਝ ਨਿੱਜੀ ਹਿੱਤਾਂ ਤੋਂ ਪ੍ਰੇਰਿਤ ਹੈ ਨਾ ਕਿ ਇਸ ਦਾ ਪੰਥਕ ਹਿੱਤਾਂ ਨਾਲ ਕੋਈ ਸਬੰਧ ਹੈ। ਬਾਦਲ ਨਾਲ ਸਾਂਝ ਭਿਅਲੀ ਪੰਥ ਮਾਰੂ ਤਾਂ ਹੋ ਸਕਦੀ ਹੈ ਪੰਥ ਹਿੱਤਾਂ ਵਿੱਚ ਤਾਂ ਬਿਲਕੁਲ ਨਹੀਂ ਕਿਉਂਕਿ ਜਿਨ੍ਹਾਂ ਲੋਕਾਂ ਨਾਲ ਭਾਈ ਰੋਡੇ ਨੇ ਹੱਥ ਮਿਲਾਇਆ ਹੈ ਉਹ ਮਾਨਵਤਾ ਵਿਰੋਧੀ ਹਿੰਦੂ ਰਾਸ਼ਟਰਵਾਦੀਆਂ ਦੀ ਅਧੀਨਗੀ ਕਦੋਂ ਦੇ ਕਬੂਲ ਕਰ ਚੁੱਕੇ ਹਨ। ਕਦੇ ਆਮ ਲੋਕਾਂ ਨੂੰ ਸਮਰਪਿਤ ਹਲੀਮੀ ਰਾਜ ਦੀ ਦੀਆਂ ਗੱਲਾਂ ਕਰਨ ਵਾਲੇ ਭਾਈ ਰੋਡੇ ਹੁਣ ਬਾਦਲ ਪਾਰਟੀ ਰਾਹੀਂ ਆਰ. ਐਸ.ਐਸ. ਦੇ ਹਿੰਦੂ ਰਾਸ਼ਟਰ ਅੱਗੇ ਸਮਰਪਿਤ ਹੋਣਗੇ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਿੱਖ ਰਾਜ ਦੀਆਂ ਗੱਲਾਂ ਕਰਨ ਵਾਲੇ ਤੇ ਇਸਦੀ ਪ੍ਰਾਪਤੀ ਲਈ ਪੰਥਕ ਪੈਸੇ ਨਾਲ ਅਖ਼ਬਾਰ ( ਅੱਜ ਦੀ ਆਵਾਜ਼ ) ਸ਼ੁਰੂ ਕਰਨ ਵਾਲੇ ਭਾਈ ਰੋਡੇ ਦੀ ਜ਼ਿੰਦਗੀ ਦਾ ਲਕਸ਼ ਅੱਜ ਸਿਰਫ਼ ਤੇ ਸਿਰਫ਼ ਕਾਂਗਰਸ ਨੂੰ ਪੰਜਾਬ ਦੀ ਸਿਆਸਤ ਤੋਂ ਦੂਰ ਰੱਖਣ ਤੱਕ ਸੀਮਿਤ ਹੋ ਕੇ ਰਹਿ ਗਿਆ ਹੈ ਜਦਕਿ ਇਸ ਵਿੱਚ ਉਹ ਕਿਸੇ ਵੀ ਹਾਲਤ ਵਿਚ ਸਫ਼ਲ ਹੋਣ ਵਾਲੇ ਨਹੀਂ ਹਨ ਖਾਸ ਕਰਕੇ ਉਨ੍ਹਾਂ ਦੀ ਮੌਜ਼ੂਦਾ ਕਾਰਗੁਜਾਰੀ ਤਾਂ ਇਸ ਉਦੇਸ਼ ਲਈ ਸਿਫਰ ਹੀ ਸਾਬਤ ਹੋਵੇਗੀ। ਉਕਤ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਕਦੇ ਵੀ ਉਸ ਵਿਅਕਤੀ ਨੂੰ ਸਮਰਥਨ ਨਹੀਂ ਦੇਵੇਗੀ ਜਿਹੜਾ ਸਿੱਖਾਂ ਦੇ ਮਾਮਲੇ ਵਿਚ ਬਾਦਲ ਧੜੇ ਨੂੰ ਅਜੇ ਵੀ ਕਾਂਗਰਸ ਅਤੇ ਭਾਜਪਾ ਵਰਗੇ ਹਿੰਦੂ ਰਾਸ਼ਟਰਵਾਦੀਆਂ ਤੋਂ ਵੱਖਰਾ ਕਰਕੇ ਵੇਖਦਾ ਹੋਵੇ। ਉਨ੍ਹਾਂ ਕਿਹਾ ਕਿ ਭਾਈ ਰੋਡੇ ਨੂੰ ਅਪਣੇ ਤੋਂ ਪਹਿਲਾਂ ਬਾਦਲ ਦਲ ਨਾਲ ਹੱਥ ਮਿਲਾਉਣ ਵਾਲੇ ਲੋਕਾਂ ਦਾ ਹੋਇਆ ਹਸ਼ਰ ਵੇਖ ਲੈਣਾ ਚਾਹੀਦਾ ਸੀ।