ਫਰੀਦਕੋਟ, (16 ਦਸੰਬਰ, 2009): ਕੱਟੜ ਹਿੰਦੂਤਵ ਦੇ ਇਜੰਡੇ ਨਾਲ ਪ੍ਰਣਾਈ ਸ਼ਿਵ ਸੈਨਾ ਸੰਘ ਪਰਿਵਾਰ ਅਤੇ ਆਰ.ਐਸ.ਐਸ ਵੱਲੋਂ ਪੰਜਾਬ ਬੰਦ ਦਾ ਦਿੱਤਾ ਗਿਆ ਸੱਦਾ ਬੁਰੀ ਤਰਾਂ ਅਸਫਲ ਰਿਹਾ ਹੈ ਤੇ ਸ਼੍ਰੋਮਣੀ ਅਕਾਲੀਦਲ ਪੰਚ ਪ੍ਰਧਾਨੀ ਨੇ ਆਪਣੇ ਮਿਥੇ ਪ੍ਰੋਗ੍ਰਾਮ ਅਨੁਸਾਰ ਵੱਖ ਵੱਖ ਥਾਵਾਂ ਤੇ ਸਟਿੱਕਰ ਵੰਡੇ ਹਨ ਤੇ ਦੇਖਣ ਵਿੱਚ ਆਇਆ ਹੈ ਕਿ ਅੱਜ ਵੀ ਲੋਕਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਪ੍ਰਤੀ ਉਨਾਂ ਹੀ ਸਤਿਕਾਰ ਹੈ। ਇਹ ਵਿਚਾਰ ਯੂਥ ਅਕਾਲੀ ਆਗੂ ਦਲੇਰ ਸਿੰਘ ਡੋਡ, ਰਘਵੀਰ ਸਿੰਘਤੇ ਰਾਜਾ ਸਿੰਘ ਸਾਦਿਕ ਨੇ ਸਾਦਿਕ ਚੌਂਕ ਵਿਖੇ ਸੈਕੜੈ ਸਟਿੱਕਰ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਤੌਰ ’ਤੇ ਪ੍ਰਗਟ ਕੀਤੇ। ਉਨਾਂ ਕਿਹਾ ਕਿ ਲੋਕਾਂ ਵੱਲੋਂ ਖੁੱਲੇ ਰੱਖੇ ਬਜਾਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੰਜਾਬ ਅੰਦਰ ਸ਼ਿਵ ਸੈਨਾ ਦਾ ਕੋਈ ਅਧਾਰ ਨਹੀਂ ਹੈ ਤੇ ਲੋਕ ਅੱਜ ਵੀ ਸੰਤਾਂ ਦੇ ਕੀਤੇ ਕੰਮਾਂ ਨੂੰ ਯਾਦ ਕਰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਪੀ ਸਾਦਿਕ, ਲਖਵੀਰ ਸਿੰਘ ਬਰਾੜ, ਨਿਰਮਲ ਸਿੰਘ, ਜਗਸੀਰ ਸਿੰਘ ਬਰਾੜ ਤੇ ਜੋਗਿੰਦਰ ਸਿੰਘ ਵੀ ਹਾਜਰ ਸਨ।