ਕੌਮਾਂਤਰੀ ਖਬਰਾਂ

ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਤੱਕ ਕੌਂਸਲਰ ਪਹੁੰਚ ਦੀ ਮੰਗ ਨੂੰ ਪਾਕਿਸਤਾਨ ਨੇ ਕੀਤਾ ਖਾਰਜ

By ਸਿੱਖ ਸਿਆਸਤ ਬਿਊਰੋ

April 27, 2017

ਇਸਲਾਮਾਬਾਦ: ਭਾਰਤ ਨੇ ਆਪਣੇ ਨਾਗਰਿਕ ਅਤੇ ਰਾਅ ਦੇ ਏਜੰਟ ਕੁਲਭੂਸ਼ਣ ਜਾਧਵ ਦੇ ਕੇਸ ਦੀ ਅਗਲੇਰੀ ਪੈਰਵਾਈ ਲਈ ਉਸ ਤੱਕ ਕੌਂਸਲਰ ਪਹੁੰਚ ਦੀ ਮੰਗ ਕੀਤੀ। ਹਾਲਾਂਕਿ ਪਾਕਿਸਤਾਨ ਨੇ ਇਸ ਮੰਗ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ 46 ਸਾਲਾ ਭਾਰਤੀ ਨਾਗਰਿਕ ਜਾਸੂਸ ਸੀ ਅਤੇ ਇਹ ਕੌਂਸਲਰ ਪਹੁੰਚ ਬਾਰੇ ਦੁਵੱਲੇ ਸਮਝੌਤੇ ਅਧੀਨ ਨਹੀਂ ਆਉਂਦਾ।

ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨਰ ਗੌਤਮ ਬੰਬਾਵਲੇ ਨੇ ਬੁੱਧਵਾਰ ਪਾਕਿਸਤਾਨ ਦੀ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨਾਲ ਮੁਲਾਕਾਤ ਕੀਤੀ ਅਤੇ ਜਾਸੂਸ ਜਾਧਵ ਤੱਕ ਕੌਂਸਲਰ ਪਹੁੰਚ ਦੀ ਮੰਗ ਕੀਤੀ। ਸਥਾਨਕ ਮੀਡੀਆ ਦੀ ਰਿਪੋਰਟ ਅਨੁਸਾਰ ਬੰਬਾਵਲੇ ਨੇ ਜੰਜੂਆ ਨੂੰ ਕਿਹਾ ਕਿ ਜਾਧਵ ਦੀ ਮੌਤ ਦੀ ਸਜ਼ਾ ਵਿਰੁੱਧ ਅਪੀਲ ਪਾਉਣ ਸਣੇ ਉਸ ਦੇ ਕੇਸ ਦੀ ਅਗਲੇਰੀ ਪੈਰਵਾਈ ਲਈ ਉਸ ਤੱਕ ਪਹੁੰਚ ਦਿੱਤੀ ਜਾਵੇ। ਇਸ ਉਤੇ ਜੰਜੂਆ ਨੇ ਬੰਬਾਵਲੇ ਦੀ ਮੰਗ ਰੱਦ ਕਰਦਿਆਂ ਕਿਹਾ ਕਿ ਦੁਵੱਲਾ ਸਮਝੌਤਾ ਕੈਦੀਆਂ ਬਾਰੇ ਸੀ ਅਤੇ ਇਸ ਵਿੱਚ ਜਾਸੂਸ ਨਹੀਂ ਆਉਂਦੇ। ਪਾਕਿਸਤਾਨ ਪਿਛਲੇ ਇਕ ਸਾਲ ਵਿੱਚ ਜਾਧਵ ਤੱਕ ਪਹੁੰਚ ਦੀਆਂ ਭਾਰਤ ਦੀਆਂ ਦਰਜਨਾਂ ਮੰਗਾਂ ਨੂੰ ਰੱਦ ਕਰ ਚੁੱਕਿਆ ਹੈ। ਪਾਕਿਸਤਾਨ ਫੌਜ ਪਹਿਲਾਂ ਹੀ ਰਾਅ ਦੇ ਏਜੰਟ ਜਾਧਵ ਤੱਕ ਕੌਂਸਲਰ ਪਹੁੰਚ ਦੇ ਕਿਸੇ ਵੀ ਮੌਕੇ ਤੋਂ ਇਨਕਾਰ ਕਰ ਚੁੱਕੀ ਹੈ। ਉਸ ਨੂੰ ਇਕ ਫੌਜੀ ਅਦਾਲਤ ਨੇ ਜਾਸੂਸੀ ਅਤੇ ਦਹਿਸ਼ਤਗਰਦੀ ਵਾਲੀਆਂ ਕਾਰਵਾਈਆਂ ਦੇ ਦੋਸ਼ ਹੇਠ ਮੌਤ ਦੀ ਸਜ਼ਾ ਸੁਣਾਈ ਸੀ। ਫੌਜ ਦੇ ਤਰਜਮਾਨ ਮੇਜਰ ਜਨਰਲ ਆਸਿਫ਼ ਗਫੂਰ ਨੇ ਪਿਛਲੇ ਹਫ਼ਤੇ ਕਿਹਾ ਕਿ ਭਾਰਤੀ ਜਲ ਸੈਨਾ ਦੇ ਅਫਸਰ ਅਤੇ ਰਾਅ ਦੇ ਏਜੰਟ ਜਾਧਵ ਤੱਕ ਕੌਂਸਲਰ ਪਹੁੰਚ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਜਾਸੂਸ ਹੈ। ਇਹ ਦੂਜੀ ਦਫ਼ਾ ਹੈ, ਜਦੋਂ ਬੰਬਾਵਲੇ ਨੇ ਜੰਜੂਆ ਨੂੰ ਮਿਲ ਕੇ ਜਾਧਵ ਤੱਕ ਰਸਾਈ ਦੀ ਮੰਗ ਕੀਤੀ।

ਜਦਕਿ ਭਾਰਤੀ ਜਲ ਸੈਨਾ ਦੇ ਅਫ਼ਸਰ ਕੁਲਭੂਸ਼ਣ ਜਾਧਵ ਦੀ ਮਾਂ ਦੀ ਅਪੀਲ ਪਾਕਿਸਤਾਨ ਨੂੰ ਸੌਂਪੀ ਗਈ। ਹਾਈ ਕਮਿਸ਼ਨਰ ਗੌਤਮ ਬੰਬਾਵਲੇ ਨੇ ਪਾਕਿ ਵਿਦੇਸ਼ ਸਕੱਤਰ ਜੰਜੂਆ ਨੂੰ ਜਾਧਵ ਦੀ ਮਾਂ ਦੀ ਪਟੀਸ਼ਨ ਸੌਂਪੀ, ਜਿਸ ਵਿੱਚ ਉਸ ਦੀ ਰਿਹਾਈ ਲਈ ਪਾਕਿ ਸਰਕਾਰ ਨੂੰ ਦਖ਼ਲ ਦੇਣ ਲਈ ਕਿਹਾ ਗਿਆ। ਮਾਂ ਨੇ ਉਸ ਨਾਲ ਮਿਲਣ ਦੀ ਇੱਛਾ ਵੀ ਪ੍ਰਗਟਾਈ ਹੈ।

ਸਬੰਧਤ ਖ਼ਬਰ: ਘੱਟਗਿਣਤੀਆਂ ਦੀ ਫਾਂਸੀ ਵੇਲੇ ਖੁਸ਼ੀ ਮਨਾਉਣ ਵਾਲੇ ਅੱਜ ਜਾਧਵ ਦੀ ਫ਼ਾਂਸੀ ‘ਤੇ ਕਿਉਂ ਤੜਫ ਰਹੇ ਨੇ?: ਮਾਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: