ਖਾਸ ਖਬਰਾਂ

ਉਥਲਪੁਥਲ ਦੇ ਮਹੌਲ ਵਿਚ ਅੱਜ ਪਾਕਿਸਤਾਨ ਵਿਚ ਆਮ ਚੋਣਾਂ ਹੋ ਰਹੀਆਂ ਹਨ

By ਸਿੱਖ ਸਿਆਸਤ ਬਿਊਰੋ

February 08, 2024

ਅੰਮ੍ਰਿਤਸਰ: ਗਵਾਂਢੀ ਮੁਲਕ ਪਾਕਿਸਤਾਨ ਵਿਚ ਉਥਲਪੁਥਲ ਤੇ ਅਨਿੱਸ਼ਚਿਤਤਾ ਦੇ ਮਹੌਲ ਵਿਚ ਅੱਜ 8 ਫਰਵਰੀ ਨੂੰ ਆਮ ਚੋਣਾਂ ਹੋ ਰਹੀਆਂ ਹਨ। ਇਹਨਾਂ ਚੋਣਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਸ ਦੀ ਪਾਰਟੀ ਪੀ.ਟੀ.ਆਈ. ਨੂੰ ਹਿੱਸਾ ਲੈਣ ਤੋਂ ਵੱਡੀ ਪੱਧਰ ਉੱਤੇ ਰੋਕਿਆ ਗਿਆ ਹੈ। ਇਸ ਵਾਰ ਪ੍ਰਮੁੱਖ ਮੁਕਾਬਲਾ ਨਵਾਜ਼ ਸ਼ਰੀਫ [ਪਾਕਿਸਤਾਨ ਮੁਸਲੀਮ ਲੀਗ (ਨਵਾਜ਼)] ਤੇ ਬਿਲਾਵਲ ਭੁੱਟੋ (ਪਾਕਿਸਤਾਨ ਪੀਪਲਜ਼ ਪਾਰਟੀ) ਦੇ ਦਰਮਿਆਨ ਦੱਸਿਆ ਜਾ ਰਿਹਾ ਹੈ।

ਅਪ੍ਰੈਲ 2022 ਵਿਚ ਇਮਰਾਨ ਖਾਨ ਦੀ ਸਰਕਾਰ ਖਿਲਾਫ ਪਾਕਿਸਤਾਨ ਦੀ ਸੈਨੇਟ ਵਿਚ ਬੇਭਰੋਸਗੀ ਮਤਾ ਪਾਸ ਹੋਣ ਤੋਂ ਬਾਅਦ ਪਾਕਿਸਤਾਨ ਦੀ ਸਿਆਸਤ ਵਿਚ ਹਾਲਾਤ ਬਹੁਤ ਨਾਟਕੀ ਢੰਗ ਨਾਲ ਬਦਲੇ ਹਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਵਿਚ ਵਾਪਸੀ ਹੋਈ ਅਤੇ ਪਾਕਿਸਤਾਨੀ ਸੁਪਰੀਮ ਕੋਰਟ ਦੇ ਇਕ ਫੈਸਲੇ ਤੋਂ ਬਾਅਦ ਨਵਾਜ਼ ਸ਼ਰੀਫ ਲਈ ਚੋਣ ਲੜਨ ਵਾਸਤੇ ਰਾਹ ਪੱਧਰ ਹੋਇਆ। ਦੂਜੇ ਪਾਸੇ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ ਅਦਾਲਤਾਂ ਵੱਲੋਂ ਵੱਖ-ਵੱਖ ਮਾਮਲਿਆਂ ਵਿਚ ਸਜਾ ਸੁਣਾਈ ਗਈ ਹੈ। ਚੋਣਾਂ ਤੋਂ ਐਨ ਪਹਿਲਾਂ ਇਮਰਾਨ ਖਾਨ ਤੇ ਉਸ ਦੀ ਘਰ ਵਾਲੀ ਨੂੰ ਇੱਦਤ (ਕਿਸੇ ਮੁਸਲਿਮ ਔਰਤ ਲਈ ਤਲਾਕ ਤੋਂ ਬਾਅਦ ਦੁਬਾਰਾ ਵਿਆਹ ਕਰਵਾਉਣ ਲਈ ਲੋੜੀਂਦਾ 40 ਦਿਨਾਂ ਦਾ ਉਡੀਕ ਸਮਾਂ) ਪੂਰਾ ਨਾ ਕਰਨ ਦੇ ਮਾਮਲੇ ਵਿਚ ਸਜ਼ਾ ਸੁਣਾਈ ਗਈ ਹੈ।

ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਫੌਜ ਤੇ ਖੂਫੀਆ ਤੰਤਰ (ਜਿਸ ਨੂੰ ‘ਇਸਟੈਬਲਿਸ਼ਮੈਂਟ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਇਸ ਵਾਰ ਨਵਾਜ਼ ਸ਼ਰੀਫ ਦੇ ਨਾਲ ਹੈ। 2018 ਦੀਆਂ ਚੋਣਾਂ ਦੇ ਮੁਕਾਬਲੇ ਨਵਾਜ਼ ਸ਼ਰੀਫ ਤੇ ਇਮਰਾਨ ਖਾਨ ਦੀ ਸਥਿਤੀ ਬਿਲਕੁਲ ਪਲਟ ਚੁੱਕੀ ਹੈ ਕਿਉਂਕਿ 2018 ਵਿਚ ਨਵਾਜ਼ ਸ਼ਰੀਫ ਜੇਲ੍ਹ ਵਿਚ ਸੀ ਤੇ ਇਹ ਮੰਨਿਆ ਜਾਂਦਾ ਸੀ ਕਿ ਇਮਰਾਨ ਖਾਨ ਨੂੰ ਇਸਟੈਬਲਿਸ਼ਮੈਂਟ ਦੀ ਮਦਦ ਹਾਸਿਲ ਸੀ। ਇਸ ਵਾਰ ਇਮਰਾਨ ਖਾਨ ਜੇਲ੍ਹ ਵਿਚ ਹੈ।

ਪਾਕਿਸਤਾਨ ਦੇ ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਿ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਦੇ ਨੁਮਾਇੰਦੇ ਇਸ ਵਾਰ ਅਜ਼ਾਦ ਉਮੀਦਵਾਰਾਂ ਵਜੋਂ ਚੋਣਾਂ ਲੜ ਰਹੇ ਹਨ। ਇਹ ਵਿਸ਼ਲੇਸ਼ਕ ਪਾਕਿਸਤਾਨ ਦੀਆਂ ਚੋਣਾਂ ਵਿਚ ਅਜ਼ਾਦ ਉਮੀਦਵਾਰ ਦੇ ਆਮ ਨਾਲੋਂ ਵਧੇਰੇ ਗਿਣਤੀ ਵਿਚ ਜਿੱਤਣ ਦੀ ਕਿਆਸਅਰਾਈ ਲਗਾ ਰਹੇ ਹਨ।

ਪਾਕਿਸਤਾਨ ਵਿਚ ਇਹ ਚੋਣਾਂ ਉਸ ਵੇਲੇ ਹੋ ਰਹੀਆਂ ਹਨ ਜਦੋਂ ਕਿ ਪਾਕਿਸਤਾਨ ਸਿਆਸੀ, ਆਰਥਕ ਤੇ ਸੁਰੱਖਿਆ ਦੇ ਸੰਕਟਾਂ ਵਿਚ ਘਿਰਿਆ ਹੋਇਆ ਹੈ।

ਅਲਜਜ਼ੀਰਾ ਦੀ ਇਕ ਖਬਰ ਅਨੁਸਾਰ ਇਹਨਾ ਚੋਣਾਂ ਵਿਚ ਖਬਰਖਾਨੇ ਤੇ ਪੱਤਰਕਾਰਾਂ ਉੱਤੇ ਭਾਰੀ ਰੋਕਾਂ ਹਨ ਤੇ ਉਹਨਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰਾਂ ਤੇ ਖਬਰ ਅਦਾਰਿਆਂ ਨੂੰ ਇਮਰਾਨ ਖਾਨ ਦੀਆਂ ਤਕਰੀਰਾਂ ਨਾ ਵਿਖਾਉਣ ਦੇ ਫੁਰਮਾਨ ਜਾਰੀ ਕੀਤੇ ਗਏ ਹਨ ਤੇ ਉਸ ਦੀ ਪਾਰਟੀ ਦੇ ਪੱਖ ਨੂੰ ਖਬਰਾਂ ਵਿਚੋਂ ਗਾਇਬ ਕਰ ਦਿੱਤਾ ਗਿਆ ਹੈ।

ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਅਮਨੈਸਟੀ ਨੇ ਪਾਕਿਸਤਾਨ ਦੀਆਂ ਚੋਣਾਂ ਤੋਂ ਪਹਿਲਾਂ ਬੰਬ ਧਮਾਕਿਆਂ ਤੇ ਹਿੰਸਾਂ ਦੀਆਂ ਘਟਨਾਵਾਂ ਸਮੇਤ ਸਿਆਸੀ ਵਿਰੋਧੀਆਂ ਉੱਤੇ ਰੋਕਾਂ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਪਾਕਿਸਤਾਨ ਦੇ ਚੋਣ ਕਾਨੂੰਨ ਦੀ ਧਾਰਾ 98 ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਵੋਟਾਂ ਪੈਣ ਦੇ 14 ਦਿਨਾਂ ਦੇ ਅੰਦਰ ਨਤੀਜੇ ਐਲਾਨਣੇ ਹੁੰਦੇ ਹਨ। ਇਸ ਮੁਤਾਬਕ 8 ਫਰਵਰੀ ਨੂੰ ਹੋ ਰਹੀਆਂ ਵੋਟਾਂ ਦੇ ਨਤੀਜੇ 22 ਫਰਵਰੀ ਤੱਕ ਐਲਾਨੇ ਜਾਣੇ ਚਾਹੀਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: